Rain Alert: ਮੌਸਮ ਵਿਭਾਗ ਵੱਲੋਂ ਪੰਜਾਬ ਦੇ 18 ਜ਼ਿਲ੍ਹਿਆਂ ‘ਚ ‘ਯੈਲੋ ਅਲਰਟ’ ਜਾਰੀ! ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਦੀ ਚੇਤਾਵਨੀ
ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ, 3 ਅਪ੍ਰੈਲ ਤੋਂ ਫਿਰ ਬਦਲੇਗਾ ਮੌਸਮ
ਨਵਾਂ ਪੱਛਮੀ ਵਿਘਨ ਪਾਵੇਗਾ ਪ੍ਰਭਾਵ; ਤਿੰਨ ਦਿਨਾਂ ਲਈ ਮੀਂਹ ਦੀ ਭਵਿੱਖਬਾਣੀ
ਠੰਢੀਆਂ ਹਵਾਵਾਂ ਨੇ ਡੇਗਿਆ ਪਾਰਾ, ਆਉਣ ਵਾਲੇ ਦਿਨਾਂ ‘ਚ 4 ਡਿਗਰੀ ਤੱਕ ਹੋਰ ਡਿੱਗੇਗਾ ਤਾਪਮਾਨ; ਫ਼ਰੀਦਕੋਟ ਰਿਹਾ ਸਭ ਤੋਂ ਗਰਮ
Weather Update (Punjab Network)
ਚੰਡੀਗੜ੍ਹ, 1 ਅਪ੍ਰੈਲ 2026: ਪੰਜਾਬ ਵਿੱਚ ਮੌਸਮ ਲਗਾਤਾਰ ਕਰਵਟ ਲੈ ਰਿਹਾ ਹੈ। ਸੋਮਵਾਰ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਹੋਈ ਤੇਜ਼ ਬਾਰਿਸ਼ ਅਤੇ ਹਵਾਵਾਂ ਤੋਂ ਬਾਅਦ ਮੌਸਮ ਵਿਭਾਗ ਨੇ ਅੱਜ ਲਈ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ ਕਰ ਦਿੱਤਾ ਹੈ।
ਹਾਲਾਂਕਿ ਅਜੇ ਤੱਕ ਕਣਕ ਦੀ ਫ਼ਸਲ ਦੇ ਨੁਕਸਾਨ ਦੀ ਕੋਈ ਅਧਿਕਾਰਤ ਖ਼ਬਰ ਨਹੀਂ ਹੈ, ਪਰ ਲਗਾਤਾਰ ਬਦਲ ਰਹੇ ਮੌਸਮ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ।
ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫ਼ਤਹਿਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਨਵਾਂ ਪੱਛਮੀ ਵਿਘਨ (Western Disturbance) ਹੋਵੇਗਾ ਸਰਗਰਮ
2 ਅਪ੍ਰੈਲ ਨੂੰ ਮੌਸਮ ਖ਼ੁਸ਼ਕ ਰਹਿਣ ਦੀ ਉਮੀਦ ਹੈ। 2 ਅਪ੍ਰੈਲ ਤੋਂ ਇੱਕ ਨਵਾਂ ਪੱਛਮੀ ਵਿਘਨ ਸਰਗਰਮ ਹੋਣ ਜਾ ਰਿਹਾ ਹੈ, ਜਿਸ ਕਾਰਨ 3 ਅਪ੍ਰੈਲ ਤੋਂ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦਾ ਪਾਰਾ 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ।
ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਇਸ ਵੇਲੇ ਆਮ ਦੇ ਨੇੜੇ ਬਣਿਆ ਹੋਇਆ ਹੈ। ਫ਼ਰੀਦਕੋਟ ਵਿੱਚ ਸਭ ਤੋਂ ਵੱਧ 33 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਲੁਧਿਆਣਾ 32.4 ਡਿਗਰੀ, ਪਟਿਆਲਾ 32.6 ਡਿਗਰੀ ਅਤੇ ਅੰਮ੍ਰਿਤਸਰ 29.9 ਡਿਗਰੀ ਦਰਜ ਕੀਤਾ ਗਿਆ। ਗੁਰਦਾਸਪੁਰ ਵਿੱਚ ਸਭ ਤੋਂ ਘੱਟ 15 ਡਿਗਰੀ ਪਾਰਾ ਦਰਜ ਹੋਇਆ।
ਕਣਕ ਦੀ ਵਾਢੀ ਦਾ ਸਮਾਂ ਨੇੜੇ ਹੋਣ ਕਾਰਨ ਕਿਸਾਨਾਂ ਨੂੰ ਡਰ ਹੈ ਕਿ ਜੇਕਰ ਮੀਂਹ ਅਤੇ ਤੇਜ਼ ਹਵਾਵਾਂ ਦਾ ਸਿਲਸਿਲਾ ਜਾਰੀ ਰਿਹਾ, ਤਾਂ ਪੱਕੀ ਹੋਈ ਫ਼ਸਲ ਵਿਛ ਸਕਦੀ ਹੈ, ਜਿਸ ਨਾਲ ਝਾੜ ‘ਤੇ ਮਾੜਾ ਅਸਰ ਪਵੇਗਾ।






