Join WhatsApp

Join Now

Exclusive Report: LPU ‘ਚ ਲੜਕੀ ਨਾਲ ਰੇਪ: ਇਨਸਾਫ਼ ਮੰਗਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ; ਗੋਦੀ ਮੀਡੀਆ ਨੇ ਪ੍ਰਦਰਸ਼ਨਕਾਰੀ ਸਟੂਡੈਂਟਸ ਨੂੰ ਕਿਹਾ ‘ਗੁੰਡੇ’

On: ਸਤੰਬਰ 27, 2026 9:45 ਬਾਃ ਦੁਃ

 

 

Exclusive Report: LPU ‘ਚ ਲੜਕੀ ਨਾਲ ਰੇਪ: ਇਨਸਾਫ਼ ਮੰਗਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ; ਗੋਦੀ ਮੀਡੀਆ ਨੇ ਪ੍ਰਦਰਸ਼ਨਕਾਰੀ ਸਟੂਡੈਂਟਸ ਨੂੰ ਕਿਹਾ ‘ਗੁੰਡੇ’, ਸਿਆਸੀ ਆਗੂਆਂ ਦੀ ਚੁੱਪੀ ‘ਤੇ ਉੱਠੇ ਸਵਾਲ

ਗੁਰਪ੍ਰੀਤ

ਚੰਡੀਗੜ੍ਹ, 27 ਸਤੰਬਰ 2026- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਕੈਂਪਸ ਵਿੱਚ ਉਸ ਸਮੇਂ ਹਾਲਾਤ ਬੇਹੱਦ ਤਣਾਅਪੂਰਨ ਹੋ ਗਏ ਜਦੋਂ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੀ ਅਫਵਾਹ ਅਤੇ ਘਟਨਾ ਨੂੰ ਲੈ ਕੇ ਹਜ਼ਾਰਾਂ ਵਿਦਿਆਰਥੀਆਂ ਦਾ ਗੁੱਸਾ ਭੜਕ ਉੱਠਿਆ। ਰਾਤ ਭਰ ਚੱਲੇ ਜ਼ੋਰਦਾਰ ਪ੍ਰਦਰਸ਼ਨਾਂ, ਭੰਨਤੋੜ ਅਤੇ ਨੈਸ਼ਨਲ ਹਾਈਵੇਅ ਜਾਮ ਕਰਨ ਤੋਂ ਬਾਅਦ ਸਥਾਨਕ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਪੁਲੀਸ ਵੱਲੋਂ ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਦਿਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਵਿਦਿਆਰਥੀਆਂ ਅੰਦਰ ਅਜੇ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਯੂਨੀਵਰਸਿਟੀ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਨਾਲ-ਨਾਲ ਪੁਲੀਸ ਖ਼ਿਲਾਫ਼ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤਮਈ ਤਰੀਕੇ ਨਾਲ ਇਨਸਾਫ਼ ਦੀ ਮੰਗ ਕਰ ਰਹੇ ਵਿਦਿਆਰਥੀਆਂ ‘ਤੇ ਪੁਲੀਸ ਵੱਲੋਂ ਕਥਿਤ ਤੌਰ ‘ਤੇ ਲਾਠੀਚਾਰਜ ਕਰਨ ਦੀ ਖ਼ਬਰ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲੀਸ ਸਵੇਰ ਤੋਂ ਹੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ ਅਤੇ ਜਦੋਂ ਵਿਦਿਆਰਥੀਆਂ ਨੇ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਬਲ ਪ੍ਰਯੋਗ ਕੀਤਾ ਗਿਆ। ਇਸ ਲਾਠੀਚਾਰਜ ਕਾਰਨ ਕਈ ਵਿਦਿਆਰਥੀਆਂ ਦੇ ਸੱਟਾਂ ਲੱਗਣ ਦੀ ਵੀ ਸੂਚਨਾ ਹੈ।

‘ਗੋਦੀ ਮੀਡੀਆ’ ਅਤੇ ਪੱਥਰਬਾਜ਼ੀ ਦੇ ਦੋਸ਼ਾਂ ‘ਤੇ ਵਿਦਿਆਰਥੀਆਂ ਦਾ ਪਲਟਵਾਰ

ਪ੍ਰਦਰਸ਼ਨ ਦੌਰਾਨ ਮੀਡੀਆ ਦੀ ਭੂਮਿਕਾ ‘ਤੇ ਵੀ ਵਿਦਿਆਰਥੀਆਂ ਵੱਲੋਂ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਨੈਸ਼ਨਲ ਮੀਡੀਆ ਅਤੇ ‘ਗੋਦੀ ਮੀਡੀਆ’ ਵੱਲੋਂ ਉਨ੍ਹਾਂ ਦੇ ਹੱਕੀ ਪ੍ਰਦਰਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਕਵਰੇਜ ਵਿੱਚ ਵਿਦਿਆਰਥੀਆਂ ਨੂੰ “ਗੁੰਡੇ”, “ਬਦਮਾਸ਼” ਅਤੇ “ਵੱਖਵਾਦੀ” ਵਜੋਂ ਦਰਸਾਇਆ ਜਾ ਰਿਹਾ ਹੈ, ਜੋ ਕਿ ਬੇਹੱਦ ਨਿੰਦਣਯੋਗ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨ ਦੌਰਾਨ ਹੋਈ ਪੱਥਰਬਾਜ਼ੀ ਦੇ ਲਗਾਏ ਜਾ ਰਹੇ ਦੋਸ਼ਾਂ ਦਾ ਖੰਡਨ ਕਰਦਿਆਂ ਵਿਦਿਆਰਥੀਆਂ ਨੇ ਸਾਫ਼ ਕਿਹਾ, “ਸਾਡੇ ਕੋਲ ਤਾਂ ਸਿਰਫ਼ ਕਿਤਾਬਾਂ ਅਤੇ ਪੈਨ ਹਨ। ਅਸੀਂ ਇੱਥੇ ਪੜ੍ਹਨ ਆਏ ਹਾਂ, ਪੱਥਰਬਾਜ਼ੀ ਕਰਨ ਨਹੀਂ। ਇਹ ਪੱਥਰ ਕਿੱਧਰੋਂ ਆਏ ਅਤੇ ਕੌਣ ਮਾਰ ਕੇ ਗਿਆ, ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਬਾਹਰੀ ਅਨਸਰਾਂ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਦੋਸ਼ ਬੇਕਸੂਰ ਵਿਦਿਆਰਥੀਆਂ ‘ਤੇ ਮੜ੍ਹਿਆ ਜਾ ਰਿਹਾ ਹੈ।”

ਸਿੱਖਿਆ ਮੰਤਰੀ ਦੀ ਚੁੱਪੀ ‘ਤੇ ਉੱਠੇ ਸਵਾਲ

ਇਸ ਸਮੁੱਚੇ ਮਾਮਲੇ ਵਿੱਚ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੀ ਚੁੱਪੀ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇਸ ਗੰਭੀਰ ਘਟਨਾ ‘ਤੇ ਅਜੇ ਤੱਕ ਇੱਕ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਆਮ ਤੌਰ ‘ਤੇ ਹਰ ਛੋਟੀ-ਛੋਟੀ ਘਟਨਾ ਜਾਂ ਰਾਜਨੀਤਿਕ ਮੁੱਦੇ ‘ਤੇ ਸੋਸ਼ਲ ਮੀਡੀਆ ਟਵਿੱਟਰ (X) ‘ਤੇ ਤੁਰੰਤ ਬਿਆਨਬਾਜ਼ੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਇਸ ਮੁੱਦੇ ‘ਤੇ ਬਿਲਕੁਲ ਖਾਮੋਸ਼ ਹਨ। ਵਿਦਿਆਰਥੀ ਆਗੂਆਂ ਅਤੇ ਆਮ ਲੋਕਾਂ ਵੱਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਕਥਿਤ ਗੁੰਡਾਗਰਦੀ ਅਤੇ ਵਿਦਿਆਰਥੀਆਂ ‘ਤੇ ਹੋਏ ਲਾਠੀਚਾਰਜ ਦੇ ਖ਼ਿਲਾਫ਼ ਕੋਈ ਵੀ ਸਿਆਸੀ ਧਿਰ ਬੋਲਣ ਲਈ ਤਿਆਰ ਕਿਉਂ ਨਹੀਂ ਹੈ।

ਇਸ ਖ਼ਾਮੋਸ਼ੀ ਦੇ ਪਿੱਛੇ ਯੂਨੀਵਰਸਿਟੀ ਦੇ ਸਿਆਸੀ ਰਸੂਖ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਸੰਸਥਾਪਕ ਅਤੇ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਰਾਜ ਸਭਾ ਦੇ ਮੌਜੂਦਾ ਸੰਸਦ ਮੈਂਬਰ ਹਨ। ਡਾ. ਮਿੱਤਲ ਨੂੰ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿਧਾਇਕਾਂ ਦੀਆਂ ਵੋਟਾਂ ਨਾਲ ਰਾਜ ਸਭਾ ਵਿੱਚ ਭੇਜਿਆ ਗਿਆ ਸੀ ਅਤੇ ਉਹ ਇਸ ਵੇਲੇ ਭਾਜਪਾ ਨਾਲ ਸਬੰਧਤ ਹਨ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਯੂਨੀਵਰਸਿਟੀ ਦੇ ਸੰਸਥਾਪਕ ਦੇ ਵੱਡੇ ਸਿਆਸੀ ਕੱਦ ਅਤੇ ਵੱਖ-ਵੱਖ ਪਾਰਟੀਆਂ ਨਾਲ ਸਬੰਧਾਂ ਕਾਰਨ ਹੀ ਕੋਈ ਵੀ ਰਾਜਨੀਤਿਕ ਧਿਰ ਇਸ ਮਾਮਲੇ ‘ਚ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰ ਰਹੀ ਹੈ।

ਉੱਥੇ ਹੀ ਦੂਜੇ ਪਾਸੇ ਪੰਜਾਬ ਨੈੱਟਵਰਕ ਦੇ ਸਹਿਯੋਗੀ B. Singh ਵੱਲੋਂ ਸਾਂਝੀ ਕੀਤੀ ਗਈ ਸੂਚਨਾ ਮੁਤਾਬਿਕ, ਅੱਜ LPU ਫਗਵਾੜਾ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਐਫਆਈਆਰ ਦਰਜ ਕੀਤੀ ਅਤੇ SIT ਜਾਂਚ ਦੀ ਗੱਲ ਸਾਹਮਣੇ ਆਈ। ਵਿਦਿਆਰਥੀਆਂ ਨੇ ਸੁਰੱਖਿਆ ਅਤੇ ਹੋਸਟਲ ਪ੍ਰਬੰਧਨ ਸਬੰਧੀ ਮੰਗਾਂ ਵੀ ਰੱਖੀਆਂ ਹਨ। LPU ਦੇ ਹਾਲਾਤਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਸਿੱਖਿਆ ਮੰਤਰੀ ਦੀ ਸਿੱਧੀ ਦਖ਼ਲਅੰਦਾਜ਼ੀ ਕਦੋਂ? ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿੱਚ ਅੱਜ ਜਿਸ ਤਰ੍ਹਾਂ ਦੇ ਹਾਲਾਤ ਬਣੇ, ਉਨ੍ਹਾਂ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਦਿਆਰਥੀਆਂ ਵੱਲੋਂ ਸੁਰੱਖਿਆ, ਹੋਸਟਲ ਪ੍ਰਬੰਧਨ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਜਤਾਇਆ ਗਿਆ, ਜਦਕਿ ਮਾਮਲਾ ਹੁਣ ਪੁਲਿਸ ਜਾਂਚ ਅਤੇ ਐਫਆਈਆਰ ਤੱਕ ਪਹੁੰਚ ਚੁੱਕਾ ਹੈ।

ਅਜਿਹੇ ਹਾਲਾਤਾਂ ਵਿੱਚ ਸਵਾਲ ਇਹ ਵੀ ਹੈ ਕਿ ਕੀ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਖੁਦ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਸੁਣਨ ਅਤੇ ਜਿਹੜੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਨੂੰ ਮੌਕੇ ’ਤੇ ਹੱਲ ਕਰਕੇ ਵਿਦਿਆਰਥੀਆਂ ਨੂੰ ਭਰੋਸਾ ਨਹੀਂ ਦਿੱਤਾ ਜਾ ਸਕਦਾ ਸੀ? ਜੇ ਸਮੇਂ ਸਿਰ ਵਿਦਿਆਰਥੀ ਪ੍ਰਤੀਨਿਧੀਆਂ, ਯੂਨੀਵਰਸਿਟੀ ਪ੍ਰਬੰਧਨ ਅਤੇ ਸਰਕਾਰ ਦੇ ਨੁਮਾਇੰਦਿਆਂ ਵਿਚਕਾਰ ਸਿੱਧੀ ਗੱਲਬਾਤ ਹੋਵੇ, ਤਾਂ ਗਲਤਫਹਿਮੀਆਂ ਦੂਰ ਕਰਨ ਅਤੇ ਤਣਾਅ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਸੁਣੀਆਂ ਜਾਣ, ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ ਅਤੇ ਕਿਸੇ ਵੀ ਅਫ਼ਵਾਹ ਨੂੰ ਤੱਥਾਂ ਤੋਂ ਬਿਨਾਂ ਅੱਗੇ ਨਾ ਵਧਾਇਆ ਜਾਵੇ, ਇਹ ਇਸ ਵੇਲੇ ਸਭ ਤੋਂ ਜ਼ਰੂਰੀ ਹੈ।

ਖ਼ੈਰ, ਤਾਜ਼ਾ ਜਾਣਕਾਰੀ ਅਨੁਸਾਰ, ਹਾਲਾਤ ਨੂੰ ਵੇਖਦਿਆਂ ਕੈਂਪਸ ਦੇ ਬਾਹਰ ਅਤੇ ਅੰਦਰ ਭਾਰੀ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਘਟਨਾ ਦੀ ਨਿਰਪੱਖ ਜਾਂਚ ਹੋਵੇ, ਕੈਂਪਸ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਯੂਨੀਵਰਸਿਟੀ ਵਿੱਚ ਅਜੇ ਵੀ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।

 

Leave a Comment