Join WhatsApp

Join Now

ਤਰਕਸ਼ੀਲ ਸੁਸਾਇਟੀ ਨੇ ਬੱਚਿਆਂ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਦਿੱਤਾ ਸੁਨੇਹਾ

On: ਸਤੰਬਰ 2, 2026 9:12 ਪੂਃ ਦੁਃ

 

ਤਰਕਸ਼ੀਲ ਸੁਸਾਇਟੀ ਨੇ ਬੱਚਿਆਂ ਨੂੰ ਵਿਗਿਆਨਕ ਸੋਚ ਅਪਨਾਉਣ ਦਾ ਦਿੱਤਾ ਸੁਨੇਹਾ

ਸੰਗਰੂਰ, 2 ਸਤੰਬਰ 2026– ਤਰਕਸ਼ੀਲ ਸੁਸਾਇਟੀ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਸਮਾਜ ਵਿੱਚ ਰਹਿ ਕੇ ਲੋਕਾਂ ਨੂੰ ਇੱਕ ਨਵੀਂ ਅਤੇ ਵਿਗਿਆਨਕ ਦਿਸ਼ਾ ਦੇਣ ਦਾ ਸ਼ਲਾਘਾਯੋਗ ਕੰਮ ਕਰ ਰਹੀ ਹੈ। ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਅਤੇ ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਸਿੰਘ, ਸਮੇਤ ਕਈ ਪ੍ਰਮੁੱਖ ਮੈਂਬਰ ਲਗਾਤਾਰ ਲੋਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਵਿਗਿਆਨਕ ਸੋਚ ਨਾਲ ਜੋੜਨ ਵਿੱਚ ਲੱਗੇ ਹੋਏ ਹਨ।

ਮਾਸਟਰ ਪਰਮਵੇਦ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਸਰੀਰਕ ਮਦਦ ਨਾਲੋਂ ਕਿਤੇ ਵੱਧ ਮਾਨਸਿਕ ਤੌਰ ਤੇ ਮਜ਼ਬੂਤ ਕਰਨਾ ਜ਼ਰੂਰੀ ਹੈ। ਕਿਸੇ ਨੂੰ ਮੁਫ਼ਤ ਦੀਆਂ ਚੀਜ਼ਾਂ ਦੇਣ ਜਾਂ ਅਹਿਸਾਨ ਕਰਨ ਨਾਲੋਂ ਬਿਹਤਰ ਹੈ ਕਿ ਉਸਨੂੰ ਸਹੀ ਅਤੇ ਗਲਤ ਦੀ ਸਮਝ ਦਿੱਤੀ ਜਾਵੇ ਅਤੇ ਵਿਗਿਆਨਕ ਸੋਚ ਨਾਲ ਜੋੜਿਆ ਜਾਵੇ, ਤਾਂ ਜੋ ਉਹ ਆਪਣੀ ਮਿਹਨਤ ਦੇ ਸਹਾਰੇ ਆਪਣੀ ਕਿਸਮਤ ਆਪ ਲਿਖ ਸਕੇ। ਸੁਸਾਇਟੀ ਦਾ ਮੁੱਖ ਮਕਸਦ ਲੋਕਾਂ ਦੇ ਮਨਾਂ ਵਿੱਚ ਫੈਲੇ ਹੋਏ ਵੱਖ-ਵੱਖ ਭਰਮਾਂ ਨੂੰ ਦੂਰ ਕਰਨਾ, ਅੰਧ-ਵਿਸ਼ਵਾਸ ਦੇ ਜਾਲ ਵਿੱਚੋਂ ਕੱਢਣਾ ਅਤੇ ਮਾਨਸਿਕ ਗੁਲਾਮੀ ਤੋਂ ਆਜ਼ਾਦੀ ਦਿਵਾਉਣਾ ਹੈ।

ਅਕਸਰ ਦੇਖਿਆ ਜਾਂਦਾ ਹੈ ਕਿ ਤਾਂਤਰਿਕਾਂ ਤੇ ਅਖੋਤੀ ਸਿਆਣਿਆਂ ਵੱਲੋਂ ਭੋਲੇ-ਭਾਲੇ ਅਤੇ ਅਨਪੜ੍ਹ ਲੋਕਾਂ ਨੂੰ ਭੂਤਾਂ-ਪ੍ਰੇਤਾਂ ਜਾਂ ਬੁਰੀਆਂ ਆਤਮਾਵਾਂ ਦਾ ਡਰ ਦਿਖਾ ਕੇ ਠੱਗਿਆ ਅਤੇ ਡਰਾਇਆ ਜਾਂਦਾ ਹੈ। ਤਰਕਸ਼ੀਲ ਸੁਸਾਇਟੀ ਅਜਿਹੇ ਸਾਰੇ ਭਰਮਾਂ ਦੀ ਪੋਲ ਖੋਲ੍ਹ ਕੇ ਲੋਕਾਂ ਨੂੰ ਮਾਨਸਿਕ ਅਤੇ ਸਮਾਜਿਕ ਤੌਰ ਤੇ ਸ਼ਕਤੀਸ਼ਾਲੀ ਬਣਾ ਰਹੀ ਹੈ।

ਇਸ ਮਕਸਦ ਨੂੰ ਪੂਰਾ ਕਰਨ ਲਈ ਸੁਸਾਇਟੀ ਵੱਲੋਂ ਹਰ ਸਾਲ ਕਰੀਬ 8 ਤੋਂ 10 ਵੱਡੇ ਸੈਮੀਨਾਰ ਲਗਾਏ ਜਾਂਦੇ ਹਨ, ਸਕੂਲਾਂ, ਕਾਲਜਾਂ,ਪਿੰਡ ਪਿੰਡ ਅਤੇ ਸ਼ਹਿਰ ਦੇ ਮਹੱਲਿਆ ਵਿੱਚ ਉਸਾਰੂ ਸਾਹਿਤ ਪਹੁਚਾਹੁੰਦੀ ਤਰਕਸ਼ੀਲ ਸਾਹਿਤ ਵੈਨ ਘੁੰਮਦੀ ਰਹਿੰਦੀ ਹੈ,ਆਏ ਸਾਲ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਜਾਂਦੀ ਹੈ ਤੇ ਇਸ ਸਾਲ ਵਿਸ਼ਾਲ ਤਰਕਸ਼ੀਲ ਪੁਸਤਕ ਮੇਲਾ ਲਗਾਇਆ ਗਿਆ ਜਿਥੇ ਦਰਸ਼ਕਾਂ, ਸਰੋਤਿਆਂ ਨੇ ਅਗਾਂਹਵਧੂ ਪੁਸਤਕਾਂ ਖਰੀਦੀਆਂ ਉਥੇ ਵਿਗਿਆਨਕ ਚੇਤਨਾ ਦੇ ਪਾਠ ਵੀ ਸੁਣੇ।

ਇਸ ਤਰ੍ਹਾਂ ਸੈਂਕੜੇ ਸਕੂਲਾਂ ਅਤੇ ਕਾਲਜਾਂ ਵਿੱਚ ਵਿਗਿਆਨਕ ਚੇਤਨਾ ਸੰਬੰਧੀ ਜਾਗਰੂਕਤਾ ਸੈਮੀਨਾਰ ਅਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਨ੍ਹਾਂ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਤੇ ਭਾਰੀ ਖਰਚਾ ਆਉਂਦਾ ਹੈ, ਜਿਸ ਨੂੰ ਸੁਸਾਇਟੀ ਦੇ ਮੈਂਬਰ ਬਿਨਾਂ ਕਿਸੇ ਸਰਕਾਰੀ ਮਦਦ ਦੇ ਆਪਣੇ ਪੱਧਰ ਤੇ ਹੀ ਇਕੱਠਾ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਆਉਣ ਦਾ ਸੁਨੇਹਾ ਦਿੱਤਾ ਹੈ ।

 

Leave a Comment