Join WhatsApp

Join Now

ਪੰਜਾਬ ਭਾਜਪਾ ‘ਚ ਬਗਾਵਤ! ਮੰਡਲ ਪ੍ਰਧਾਨ ਸਮੇਤ 10 ਅਹੁਦੇਦਾਰਾਂ ਨੇ ਦਿੱਤਾ ਅਸਤੀਫ਼ਾ

On: ਅਗਸਤ 8, 2026 1:29 ਬਾਃ ਦੁਃ

 

ਭਾਜਪਾ ‘ਚ ਵੱਡਾ ਧਮਾਕਾ: ਨਵੇਂ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਤੋਂ ਨਾਰਾਜ਼ ਆਗੂਆਂ ਨੇ ਛੱਡੇ ਅਹੁਦੇ- 15 ਦਿਨਾਂ ‘ਚ ਜ਼ਿਲ੍ਹਾ ਪ੍ਰਧਾਨ ਬਦਲਣ ‘ਤੇ ਭੜਕੇ ਵਰਕਰ

ਚੰਡੀਗੜ੍ਹ, 8 ਅਗਸਤ 2026- ਪੰਜਾਬ ਭਾਜਪਾ (BJP) ਵਿੱਚ ਅੰਦਰੂਨੀ ਨਰਾਜ਼ਗੀ ਅਤੇ ਬਗਾਵਤੀ ਸੁਰ ਲਗਾਤਾਰ ਤਿੱਖੇ ਹੁੰਦੇ ਜਾ ਰਹੇ ਹਨ। ਪਾਰਟੀ ਦੇ ਅੰਦਰ ਚੱਲ ਰਹੀ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪਾਰਟੀ ਦੇ ਸੰਗਠਨਾਤਮਕ ਫੇਰਬਦਲ ਤੋਂ ਨਾਰਾਜ਼ ਹੋ ਕੇ ਮੰਡਲ ਪ੍ਰਧਾਨ ਸਮੇਤ 10 ਅਹੁਦੇਦਾਰਾਂ ਤੇ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਸਮੂਹਿਕ ਅਸਤੀਫ਼ਾ ਦੇ ਦਿੱਤਾ ਹੈ। ਇਸ ਘਟਨਾਕ੍ਰਮ ਤੋਂ ਬਾਅਦ ਜ਼ਿਲ੍ਹਾ ਭਾਜਪਾ ਦੀ ਸਿਆਸਤ ਵਿੱਚ ਵੱਡਾ ਭੂਚਾਲ ਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਫਰੀਦਕੋਟ ਵਿੱਚ ਅਸਤੀਫ਼ਾ ਦੇਣ ਵਾਲੇ ਆਗੂ ਨਵੇਂ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਤੋਂ ਸਖ਼ਤ ਨਰਾਜ਼ ਸਨ। ਪਾਰਟੀ ਹਾਈਕਮਾਂਡ ਵੱਲੋਂ ਮਹਿਜ਼ 15 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਪ੍ਰਧਾਨ ਨੂੰ ਬਦਲ ਦਿੱਤਾ ਗਿਆ, ਜਿਸ ਕਰਕੇ ਸਥਾਨਕ ਲੀਡਰਸ਼ਿਪ ਅਤੇ ਵਰਕਰਾਂ ਵਿੱਚ ਭਾਰੀ ਰੋਸ ਫੈਲ ਗਿਆ। ਨਾਰਾਜ਼ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਪੁਰਾਣੇ ਤੇ ਵਫ਼ਾਦਾਰ ਵਰਕਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਬਿਨਾਂ ਕਿਸੇ ਠੋਸ ਵਜ੍ਹਾ ਦੇ ਕੁਝ ਹੀ ਦਿਨਾਂ ਵਿੱਚ ਫੈਸਲੇ ਬਦਲਣ ਨਾਲ ਪਾਰਟੀ ਦੇ ਢਾਂਚੇ ਅਤੇ ਸਥਾਨਕ ਆਗੂਆਂ ਦੇ ਮਨੋਬਲ ‘ਤੇ ਬੁਰਾ ਅਸਰ ਪੈਂਦਾ ਹੈ। ਇਸੇ ਰੋਸ ਦੇ ਚਲਦਿਆਂ ਮੰਡਲ ਪ੍ਰਧਾਨ ਸਮੇਤ 10 ਪ੍ਰਮੁੱਖ ਅਹੁਦੇਦਾਰਾਂ ਨੇ ਅਸਤੀਫ਼ਾ ਸੌਂਪ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਪੰਜਾਬ ਭਾਜਪਾ ਵਿੱਚ ਇਸ ਤਰ੍ਹਾਂ ਦੇ ਬਗਾਵਤੀ ਸੁਰ ਦੇਖਣ ਨੂੰ ਮਿਲੇ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਭਾਜਪਾ ਦੀ ਲੋਕਲ ਲੀਡਰਸ਼ਿਪ ਵਿੱਚ ਭਾਰੀ ਨਰਾਜ਼ਗੀ ਦੀਆਂ ਖ਼ਬਰਾਂ ਤੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ।

ਸੰਗਰੂਰ ਵਿੱਚ ਵੀ ਜ਼ਿਲ੍ਹਾ ਪ੍ਰਧਾਨ ਨੂੰ ਮਹਿਜ਼ 14 ਦਿਨਾਂ ਦੇ ਅੰਦਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉੱਥੇ ਪਾਰਟੀ ਵਰਕਰਾਂ ਵਿੱਚ ਰੋਸ ਦੇਖਣ ਨੂੰ ਮਿਲਿਆ ਸੀ। ਹੁਸ਼ਿਆਰਪੁਰ ਵਿੱਚ ਵੀ ਦੋ ਹਫ਼ਤਿਆਂ ਦੇ ਅੰਦਰ ਹੀ ਜ਼ਿਲ੍ਹਾ ਪ੍ਰਧਾਨਗੀ ਦੇ ਢਾਂਚੇ ਵਿੱਚ ਬਦਲਾਅ ਕਰ ਦਿੱਤਾ ਗਿਆ ਸੀ, ਜਿਸ ਨਾਲ ਲੋਕਲ ਲੀਡਰਸ਼ਿਪ ਵਿੱਚ ਨਿਰਾਸ਼ਾ ਫੈਲੀ। ਪਟਿਆਲਾ ਸਮੇਤ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਜਥੇਬੰਦਕ ਬਦਲਾਵਾਂ ਨੂੰ ਲੈ ਕੇ ਪਾਰਟੀ ਅੰਦਰ ਖਿੱਚੋਤਾਣ ਚੱਲ ਰਹੀ ਹੈ।

ਪੰਜਾਬ ਭਾਜਪਾ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਜਥੇਬੰਦਕ ਢਾਂਚੇ ਵਿੱਚ ਜਿਹੜੇ ਬਦਲਾਅ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਕਈ ਫੈਸਲਿਆਂ ਨੂੰ ਦੋ-ਦੋ ਹਫ਼ਤਿਆਂ ਅੰਦਰ ਹੀ ਦੋਬਾਰਾ ਬਦਲ ਦਿੱਤਾ ਗਿਆ। ਵਾਰ-ਵਾਰ ਕੀਤੇ ਜਾ ਰਹੇ ਇਸ ਫੇਰਬਦਲ ਕਾਰਨ ਲੋਕਲ ਲੀਡਰਸ਼ਿਪ ਆਪਣੇ ਆਪ ਨੂੰ ਅਸੁਰੱਖਿਅਤ ਅਤੇ ਅਣਗੌਲਿਆ ਮਹਿਸੂਸ ਕਰ ਰਹੀ ਹੈ।

ਸਥਾਨਕ ਆਗੂਆਂ ਦਾ ਮੰਨਣਾ ਹੈ ਕਿ ਹਾਈਕਮਾਂਡ ਵੱਲੋਂ ਗਰਾਊਂਡ ਲੈਵਲ ਦੇ ਵਰਕਰਾਂ ਦੀ ਰਾਏ ਲਏ ਬਿਨਾਂ ਫੈਸਲੇ ਠੋਸੇ ਜਾ ਰਹੇ ਹਨ। ਜਿਸ ਕਾਰਨ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਗੁੱਸਾ ਲਗਾਤਾਰ ਵਧ ਰਿਹਾ ਹੈ। ਫਰੀਦਕੋਟ ਵਿੱਚ ਹੋਏ ਸਮੂਹਿਕ ਅਸਤੀਫ਼ਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜੇਕਰ ਪਾਰਟੀ ਨੇ ਜਲਦ ਹੀ ਇਸ ਨਰਾਜ਼ਗੀ ਨੂੰ ਦੂਰ ਨਾ ਕੀਤਾ, ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਭਾਜਪਾ ਨੂੰ ਹੋਰ ਵੀ ਵੱਡੇ ਸਿਆਸੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

Leave a Comment