ਸਭਰਾ ਨਹਿਰ ਟੁੱਟਣ ਦਾ ਖ਼ਤਰਾ! ਕਿਸਾਨਾਂ ਦੇ ਸਾਹ ਸੁੱਕੇ- ਮਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

On: ਜੁਲਾਈ 12, 2026 7:39 ਬਾਃ ਦੁਃ

 

ਸਭਰਾ ਨਹਿਰ ਟੁੱਟਣ ਦਾ ਖ਼ਤਰਾ! ਕਿਸਾਨਾਂ ਦੇ ਸਾਹ ਸੁੱਕੇ- ਮਾਨ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

ਕੁਝ ਮਹੀਨੇ ਪਹਿਲਾਂ ਬਣੀ ਨਹਿਰ ਵਿੱਚ ਪਈਆਂ ਲੰਮੀਆਂ-ਲੰਮੀਆਂ ਤਰੇੜਾਂ; ਕਈ ਜਗ੍ਹਾ ਤੋਂ ਢਿੱਗਾਂ ਡਿੱਗਣ ਕਾਰਨ ਨਹਿਰ ਵਿੱਚ ਪਾੜ ਪੈਣ ਦਾ ਖ਼ਤਰਾ, ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ

ਪੱਟੀ/ਤਰਨ ਤਾਰਨ, 12 ਜੁਲਾਈ 2026-

ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਦੇ ਨਜ਼ਦੀਕ ਤੋਂ ਇੱਕ ਬਹੁਤ ਹੀ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਬੂ ਹਵੇਲੀਆਂ ਤੋਂ ਆਉਂਦੀ ਇੱਕ ਨਹਿਰ, ਜੋ ਕਿ ਅਜੇ ਕੁਝ ਮਹੀਨੇ ਪਹਿਲਾਂ ਹੀ ਬਣ ਕੇ ਤਿਆਰ ਹੋਈ ਸੀ, ਵਿੱਚ ਕਈ-ਕਈ ਮੀਟਰ ਤੱਕ ਲੰਮੀਆਂ ਅਤੇ ਡੂੰਘੀਆਂ ਤਰੇੜਾਂ ਪੈ ਗਈਆਂ ਹਨ। ਕਈ ਥਾਵਾਂ ਤੋਂ ਨਹਿਰ ਦੀਆਂ ਢਿੱਗਾਂ ਡਿੱਗਣ ਕਾਰਨ ਹੁਣ ਇਸ ਵਿੱਚ ਕਿਸੇ ਵੀ ਵੇਲੇ ਵੱਡਾ ਪਾੜ ਪੈਣ ਦਾ ਖ਼ਤਰਾ ਬਣ ਗਿਆ ਹੈ। ਇਸ ਸਥਿਤੀ ਨੂੰ ਦੇਖਦਿਆਂ ਨਹਿਰ ਦੇ ਆਲੇ-ਦੁਆਲੇ ਲੱਗਦੀਆਂ ਫਸਲਾਂ ਦੇ ਮਾਲਕਾਂ ਅਤੇ ਸਥਾਨਕ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ।

ਪ੍ਰਸ਼ਾਸਨਿਕ ਢਿੱਲਮੱਠ ਤੋਂ ਪ੍ਰੇਸ਼ਾਨ ਹੋ ਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਨਹਿਰ ਵਿਭਾਗ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਮੌਕੇ ‘ਤੇ ਹਾਜ਼ਰ ਕਿਸਾਨ ਕਾਰਜ ਸਿੰਘ ਸਭਰਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਵਿੱਤ ਸਕੱਤਰ ਸਾਹਿਬ ਸਿੰਘ ਸਭਰਾ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਸੋਹਨ ਸਿੰਘ ਸਭਰਾਂ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਨਹਿਰ ਨੂੰ ਬਣੇ ਅਜੇ ਕੁਝ ਹੀ ਮਹੀਨੇ ਹੋਏ ਹਨ। ਉਨ੍ਹਾਂ ਸਿੱਧਾ ਦੋਸ਼ ਲਾਇਆ ਕਿ ਨਹਿਰ ਦੀ ਉਸਾਰੀ ਦੌਰਾਨ ਸਬੰਧਤ ਠੇਕੇਦਾਰ ਵੱਲੋਂ ਮਿਲੀਭੁਗਤ ਨਾਲ ਬੇਹੱਦ ਘਟੀਆ ਕਿਸਮ ਦਾ ਮਟੀਰੀਅਲ ਵਰਤਿਆ ਗਿਆ ਹੈ, ਜਿਸ ਦਾ ਖਮਿਆਜ਼ਾ ਅੱਜ ਗਰੀਬ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ “ਨਹਿਰ ਵਿੱਚ ਅਜੇ ਕੁਝ ਦਿਨ ਪਹਿਲਾਂ ਹੀ ਪਾਣੀ ਛੱਡਿਆ ਗਿਆ ਸੀ, ਪਰ ਪਾਣੀ ਦੇ ਵੇਗ ਨੂੰ ਇਹ ਨਵੀਂ ਬਣੀ ਨਹਿਰ ਝੱਲ ਨਹੀਂ ਸਕੀ। ਇਸ ਵਿੱਚ ਕਈ-ਕਈ ਮੀਟਰ ਲੰਬੀਆਂ ਦਰਾਰਾਂ ਆ ਗਈਆਂ ਹਨ ਅਤੇ ਇਨ੍ਹਾਂ ਤਰੇੜਾਂ ਰਾਹੀਂ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਸਿਮਣਾ (Leakage) ਸ਼ੁਰੂ ਹੋ ਗਿਆ ਹੈ। ਜੇਕਰ ਸਮਾਂ ਰਹਿੰਦੇ ਇਸ ਨੂੰ ਨਾ ਸੰਭਾਲਿਆ ਗਿਆ ਤਾਂ ਨਹਿਰ ਟੁੱਟ ਜਾਵੇਗੀ ਅਤੇ ਸੈਂਕੜੇ ਏਕੜ ਪੁੱਤਾਂ ਵਾਂਗ ਪਾਲੀ ਫਸਲ ਤਬਾਹ ਹੋ ਜਾਵੇਗੀ।”

ਕਿਸਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਲਾਪ੍ਰਵਾਹੀ ਖ਼ਿਲਾਫ਼ ਆਵਾਜ਼ ਚੁੱਕੀ ਅਤੇ ਰੌਲਾ ਪਾਇਆ ਤਾਂ ਨਹਿਰ ਮਹਿਕਮੇ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਇਨ੍ਹਾਂ ਡੂੰਘੀਆਂ ਤਰੇੜਾਂ ਨੂੰ ਸਿਰਫ਼ ਮਿੱਟੀ ਨਾਲ ਪੂਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਕਿਸਾਨਾਂ ਅਨੁਸਾਰ ਵਿਭਾਗ ਦੀ ਇਸ ਕਾਰਵਾਈ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਆਪਣੀ ਅਤੇ ਠੇਕੇਦਾਰ ਦੀ ਗਲਤੀ ‘ਤੇ ਪਰਦਾ ਪਾਉਣਾ ਚਾਹੁੰਦੇ ਹਨ ਅਤੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਦੀ ਫਿਰਾਕ ਵਿੱਚ ਹਨ।

ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਨਹਿਰ ਨੂੰ ਬਣਾਉਣ ਵਾਲੇ ਬੇਈਮਾਨ ਠੇਕੇਦਾਰਾਂ ਅਤੇ ਲਾਪ੍ਰਵਾਹ ਅਧਿਕਾਰੀਆਂ ਖ਼ਿਲਾਫ਼ ਤੁਰੰਤ ਬਣਦੀ ਕਾਨੂੰਨੀ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਨਹਿਰ ਦੀ ਮੁਰੰਮਤ ਜਲਦੀ ਅਤੇ ਤਕਨੀਕੀ ਤੌਰ ‘ਤੇ ਸਹੀ ਤਰੀਕੇ ਨਾਲ ਨਾ ਕੀਤੀ ਗਈ, ਤਾਂ ਕਿਸਾਨਾਂ ਨੂੰ ਮਜਬੂਰਨ ਤਿੱਖਾ ਸੰਘਰਸ਼ ਵਿੱਢਣਾ ਪਵੇਗਾ, ਕਿਉਂਕਿ ਕਿਸਾਨ ਆਪਣੀਆਂ ਫਸਲਾਂ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ।

 

Join WhatsApp

Join Now

Leave a Comment