‘ਸਤੌਜ ਤੋਂ ਪਾਰਲੀਮੈਂਟ’: CM ਮਾਨ ਦੀ ਜ਼ਿੰਦਗੀ ਅਤੇ ਸਿਆਸੀ ਸਫ਼ਰ ਵੱਡੇ ਪਰਦੇ ’ਤੇ…, 30 ਅਗਸਤ ਨੂੰ 7 ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ ਡਾਕੂਮੈਂਟਰੀ ਫਿਲਮ
ਚੰਡੀਗੜ੍ਹ, 21 ਅਗਸਤ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿੱਜੀ ਜੀਵਨ, ਕਲਾਕਾਰੀ ਤੋਂ ਸਿਆਸਤ ਤੱਕ ਦੇ ਸਫ਼ਰ ਅਤੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਹੁਣ ਡਾਕੂਮੈਂਟਰੀ ਫਿਲਮ ਰਾਹੀਂ ਵੱਡੇ ਪਰਦੇ ’ਤੇ ਪੇਸ਼ ਕੀਤਾ ਜਾਵੇਗਾ। ‘ਫ੍ਰੌਮ ਸਤੌਜ ਟੂ ਪਾਰਲੀਮੈਂਟ’ ਨਾਮੀ ਇਹ ਵਿਸ਼ੇਸ਼ ਡਾਕੂਮੈਂਟਰੀ 30 ਅਗਸਤ ਨੂੰ ਇੱਕੋ ਸਮੇਂ ਸੱਤ ਵੱਖ-ਵੱਖ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਜਾਵੇਗੀ।
'ਸਤੌਜ ਤੋਂ ਸੰਸਦ'.. ਮੇਰੇ ਜੀਵਨ 'ਤੇ ਆਧਾਰਿਤ ਇਹ ਖ਼ਾਸ ਸ਼ੋਅ 7 ਵੱਖ-ਵੱਖ ਭਾਸ਼ਾਵਾਂ 'ਚ ਡਿਸਕਵਰੀ ਚੈਨਲ 'ਤੇ ਜ਼ਰੂਰ ਦੇਖੋ..
30 ਅਗਸਤ (ਐਤਵਾਰ), ਸ਼ਾਮ 7 ਵਜੇ.. pic.twitter.com/QCCAHot9tN— Bhagwant Mann (@BhagwantMann) August 20, 2026
ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਫਿਲਮ ਦਾ ਅਧਿਕਾਰਤ ਟ੍ਰੇਲਰ ਸਾਂਝਾ ਕਰਦਿਆਂ ਇਸ ਬਾਰੇ ਜਾਣਕਾਰੀ ਦਿੱਤੀ ਹੈ। ਡਾਕੂਮੈਂਟਰੀ ਵਿੱਚ ਭਗਵੰਤ ਮਾਨ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿੱਚ ਬਚਪਨ ਤੋਂ ਲੈ ਕੇ ਮਨੋਰੰਜਨ ਅਤੇ ਕਾਮੇਡੀ ਦੀ ਦੁਨੀਆ ਵਿੱਚ ਬਣਾਈ ਪਛਾਣ, ਫਿਰ ਸਰਗਰਮ ਰਾਜਨੀਤੀ ਵਿੱਚ ਦਾਖ਼ਲੇ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ।
ਇਸ ਵਿੱਚ ਉਨ੍ਹਾਂ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਅਤੇ ਸੰਘਰਸ਼ਾਂ ਨੂੰ ਕਹਾਣੀ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਵਿੱਚ ਭਗਵੰਤ ਮਾਨ ਦੀ ਸਿਆਸੀ ਯਾਤਰਾ ਦੇ ਅਹਿਮ ਪੜਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ਼ ਪੰਜਾਬ ਨਾਲ ਸਿਆਸੀ ਸ਼ੁਰੂਆਤ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ, 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੱਕ ਦੀ ਦਾਸਤਾਨ ਨੂੰ ਡਾਕੂਮੈਂਟਰੀ ਦਾ ਹਿੱਸਾ ਬਣਾਇਆ ਗਿਆ ਹੈ।
ਡਾਕੂਮੈਂਟਰੀ ਵਿੱਚ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ, ਭੈਣ ਮਨਪ੍ਰੀਤ ਕੌਰ ਅਤੇ ਮਨੋਰੰਜਨ ਜਗਤ ਨਾਲ ਜੁੜੇ ਉਨ੍ਹਾਂ ਦੇ ਪੁਰਾਣੇ ਕਰੀਬੀ ਸਾਥੀਆਂ ਦੇ ਵਿਚਾਰ ਅਤੇ ਯਾਦਾਂ ਵੀ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਰਾਹੀਂ ਉਨ੍ਹਾਂ ਦੇ ਪੇਂਡੂ ਪਿਛੋਕੜ ਅਤੇ ਸਿਆਸੀ ਸਫ਼ਰ ਦੇ ਨਿੱਜੀ ਪੱਖ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਤੋਂ ਇਲਾਵਾ ਮਾਨ ਸਰਕਾਰ ਦੀਆਂ ਕੁਝ ਪ੍ਰਮੁੱਖ ਯੋਜਨਾਵਾਂ ਅਤੇ ਕੰਮਾਂ ਦਾ ਵੀ ਡਾਕੂਮੈਂਟਰੀ ਵਿੱਚ ਜ਼ਿਕਰ ਕੀਤਾ ਗਿਆ ਹੈ। ਨਹਿਰੀ ਪਾਣੀ ਨੂੰ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾਉਣ, ਸਿਹਤ ਬੀਮਾ ਅਤੇ ਔਰਤਾਂ ਨਾਲ ਸਬੰਧਤ ‘ਮਾਵਾਂ ਧੀਆਂ ਸਤਿਕਾਰ’ ਯੋਜਨਾ ਸਮੇਤ ਸਰਕਾਰ ਦੀਆਂ ਲੋਕ-ਭਲਾਈ ਪਹਿਲਕਦਮੀਆਂ ਨੂੰ ਵੀ ਦਰਸ਼ਕਾਂ ਸਾਹਮਣੇ ਰੱਖਿਆ ਗਿਆ ਹੈ।
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਡਾਕੂਮੈਂਟਰੀ ਦੀ ਰਿਲੀਜ਼ ਨੂੰ ਸਿਆਸੀ ਪੱਖੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ। ਨਿੱਜੀ ਜੀਵਨ, ਕਲਾਕਾਰੀ, ਸਿਆਸੀ ਸੰਘਰਸ਼ ਅਤੇ ਸਰਕਾਰ ਦੀ ਕਾਰਗੁਜ਼ਾਰੀ, ਇਨ੍ਹਾਂ ਸਾਰੇ ਪੱਖਾਂ ਨੂੰ ਜੋੜਦੀ ਇਹ ਡਾਕੂਮੈਂਟਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਫ਼ਰ ਨੂੰ ਇੱਕ ਨਵੇਂ ਅੰਦਾਜ਼ ਵਿੱਚ ਦਰਸ਼ਕਾਂ ਤੱਕ ਪਹੁੰਚਾਏਗੀ।
















