Join WhatsApp

Join Now

ਵਿਗਿਆਨਕ ਸੋਚ ਵਕਤ ਦੀ ਮੁੱਖ ਲੋੜ: ਤਰਕਸ਼ੀਲਾਂ ਵੱਲੋਂ ਅਗਿਆਨਤਾ ਤੋਂ ਵਿਗਿਆਨ ਵੱਲ ਵਿਸ਼ੇ ‘ਤੇ ਪ੍ਰੋਗਰਾਮ

On: November 14, 2026 7:41 PM

 

ਵਿਗਿਆਨਕ ਸੋਚ ਵਕਤ ਦੀ ਮੁੱਖ ਲੋੜ: ਤਰਕਸ਼ੀਲਾਂ ਵੱਲੋਂ ਅਗਿਆਨਤਾ ਤੋਂ ਵਿਗਿਆਨ ਵੱਲ ਵਿਸ਼ੇ ‘ਤੇ ਪ੍ਰੋਗਰਾਮ

ਸੰਗਰੂਰ, 14 ਨਵੰਬਰ 2026 – ਅੱਜ ਸਥਾਨਕ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ, ਵਿਖੇ ਚੱਲ ਰਹੇ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੇ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ “ਅਗਿਆਨਤਾ ਤੋਂ ਵਿਗਿਆਨ ਵੱਲ” ਵਿਸ਼ੇ ਤੇ ਵਿਸ਼ੇਸ਼ ਪ੍ਰੋਗਰਾਮ ਦਿੱਤਾ ਗਿਆ।ਇਸ ਸਮਾਗਮ ਵਿੱਚ ਬਹੁਤ ਸਾਰੇ ਵਲੰਟੀਅਰ ਵਿਦਿਆਰਥੀਆਂ ਨੇ ਭਾਗ ਲਿਆ।

ਸਮਾਗਮ ਦੀ ਸ਼ੁਰੂਆਤ ਐੱਨ.ਐੱਸ.ਐੱਸ.ਕੈਂਪ ਦੇ ਪ੍ਰੋਗਰਾਮ ਅਫ਼ਸਰ ਗੁਰਪ੍ਰੀਤ ਕੌਰ ਵੱਲੋਂ ਤਰਕਸ਼ੀਲ ਟੀਮ ਦਾ ਨਿੱਘਾ ਸਵਾਗਤ ਕਰਕੇ ਕੀਤੀ ਗਈ। ਉਹਨਾਂ ਨੇ ਕਿਹਾ ਕਿ ਅੱਜ ਦੇ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਗਿਆਨਕ ਸੋਚ ਦੀ ਵੀ ਬਹੁਤ ਲੋੜ ਹੈ।

ਇਸ ਮੌਕੇ ਮੁੱਖ ਬੁਲਾਰੇ ਮਾਸਟਰ ਪਰਮਵੇਦ ਨੇ ਲਗਭਗ ਇੱਕ ਘੰਟਾ ਬੱਚਿਆਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਬੜੀ ਸਰਲ ਤੇ ਰੋਚਕ ਭਾਸ਼ਾ ਵਿੱਚ ਦੱਸਿਆ ਕਿ ਜਦੋਂ ਮਨੁੱਖ ਨੂੰ ਕਿਸੇ ਘਟਨਾ ਦਾ ਕਾਰਨ ਨਹੀਂ ਪਤਾ ਹੁੰਦਾ, ਤਾਂ ਉਹ ਡਰ ਜਾਂਦਾ ਹੈ ਤੇ ਅੰਧ-ਵਿਸ਼ਵਾਸ ਵਿੱਚ ਫਸ ਜਾਂਦਾ ਹੈ। ਜਦੋਂ ਉਸੇ ਚੀਜ਼ /ਘਟਨਾ ਦਾ ਕਾਰਨ ਪਤਾ ਲੱਗ ਜਾਂਦਾ ਹੈ, ਤਾਂ ਉਹ ਡਰ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰ ਦਾ ਮਾਲਕ ਬਣ ਜਾਂਦਾ ਹੈ।

ਉਹਨਾਂ ਨੇ ਉਦਾਹਰਨਾਂ ਦੇ ਕੇ ਸਮਝਾਇਆ ਪਹਿਲਾਂ ਜਿਸ ਬਿਮਾਰੀ ਨੂੰ ਭੂਤ-ਪ੍ਰੇਤ ਦਾ ਅਸਰ ਸਮਝਿਆ ਜਾਂਦਾ ਸੀ, ਅੱਜ ਵਿਗਿਆਨ ਨੇ ਦੱਸ ਦਿੱਤਾ ਕਿ ਬਿਮਾਰੀ ਕੀਟਾਣੂਆਂ ਨਾਲ ਹੁੰਦੀ ਹੈ ਤੇ ਉਸਦਾ ਇਲਾਜ ਡਾਕਟਰ ਕੋਲ ਹੈ, ਬਾਬੇ ਕੋਲ ਨਹੀਂ। ਕਿਸੇ ਵੀ ਅਖੌਤੀ ਸਿਆਣੇ ਕੋਲ ਕੋਈ ਗੈਬੀ ਸ਼ਕਤੀ ਨਹੀਂ, ਸਾਰੇ ਭਰਮਾਂ ਦਾ ਜਾਲ ਚੱਕੀ ਫਿਰਦੇ ਸਨ ਜਿਸ ਵਿਚ ਭੋਲੀ ਭਾਲੀ ਲਾਈਲੱਗ ਜਨਤਾ ਨੂੰ ਪਾ ਕੇ ਹਰ ਪੱਖੋਂ ਲੁੱਟੀ ਜਾ ਰਹੇ ਹਨ।ਉਹਨਾਂ ਨੇ ਹਵਾ , ਪਾਣੀ ਮਨੁੱਖ ਕਿਵੇਂ ਬਣਿਆ ਅਤੇ ਸੂਰਜ ਤੋਂ ਦੂਰੀ ਅਨੁਸਾਰ 8 ਗ੍ਰਹਿਆਂ ਬਾਰੇ ਵੀ ਜਾਣਕਾਰੀ ਦਿੱਤੀ।

ਉਨ੍ਹਾਂ ਵਲੰਟੀਅਰਜ਼ ਨੂੰ ਕਿਹਾ – ਪੇਪਰ ਮਿਹਨਤ ਨਾਲ ਪਾਸ ਹੁੰਦਾ ਹੈ, ਸੁਖਾਂ ਸੁਖਣ ਨਾਲ ਨਹੀਂ। ਬਿੱਲੀ ਦੇ ਰਸਤਾ ਕੱਟਣ ਦਾ, ਛਿੱਕ ਆਉਣ ਦਾ ਤੁਹਾਡੀ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ।ਉਹਨਾਂ ਨੇ ਬੱਚਿਆਂ ਨੂੰ ਤਿੰਨ ਸੁਨਹਿਰੀ ਨਿਯਮ ਦਿੱਤੇ – “ਸਵਾਲ ਪੁੱਛੋ, ਸਬੂਤ ਮੰਗੋ, ਪਰਖ ਕੇ ਮੰਨੋ। ਉਨ੍ਹਾਂ ਹਾਜ਼ਰੀਨ ਨੂੰ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੀ ਰੋਸ਼ਨੀ ਵਿੱਚ ਆਉਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਵਿਗਿਆਨਕ ਸੋਚ ਵਕਤ ਦੀ ਮੁੱਖ ਲੋੜ ਹੈ ਅਸੀਂ ਮਸਨੂਈ ਬੁੱਧੀ ਦੇ ਯੁੱਗ ਵਿੱਚ ਪੈਰ ਧਰ ਲਿਆ ਹੈ। ਇਸ ਮੌਕੇ ਉਨ੍ਹਾਂ ਨਾਲ ਤਰਕਸ਼ੀਲ ਟੀਮ ਵਿੱਚ ਮਾਸਟਰ ਰਣਜੀਤ ਸਿੰਘ, ਲੈਕਚਰਾਰ ਮੇਵਾ ਸਿੰਘ ਅਤੇ ਅਮਰੀਕ ਸਿੰਘ ਖੋਖਰ ਵੀ ਸ਼ਾਮਲ ਸਨ। ਤਰਕਸ਼ੀਲ ਟੀਮ ਨੇ ਵਿਦਿਆਰਥੀਆਂ ਨੂੰ ਵਿਗਿਆਨਕ ਵਿਚਾਰਾਂ ਵਾਲ਼ਾ ਸਾਹਿਤ ਵੀ ਵੰਡਿਆ।

ਸਮਾਗਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਜੋਗਾ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਭਾਸ਼ਣ ਬੱਚਿਆਂ ਲਈ ਬਹੁਤ ਲਾਭਦਾਇਕ ਰਿਹਾ। ਉਹਨਾਂ ਨੇ ਬੱਚਿਆਂ ਨੂੰ ਵਿਗਿਆਨਕ ਸੋਚ ਅਪਣਾਉਣ, ਅੰਧ-ਵਿਸ਼ਵਾਸ ਤੋਂ ਦੂਰ ਰਹਿਣ ਅਤੇ ਮਿਹਨਤ ਤੇ ਸਿੱਖਿਆ ਤੇ ਭਰੋਸਾ ਕਰਨ ਦਾ ਸੁਨੇਹਾ ਦਿੱਤਾ। ਉਹਨਾਂ ਨੇ ਤਰਕਸ਼ੀਲ ਟੀਮ ਦਾ ਸਕੂਲ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਭਾਸ਼ਣ ਨੂੰ ਬੜੇ ਧਿਆਨ, ਉਤਸ਼ਾਹ ਤੇ ਤਾੜੀਆਂ ਨਾਲ ਸੁਣਿਆ।

 

Leave a Comment