ਜਹਾਜ਼ ਕ੍ਰੈਸ਼ ਕਾਰਨ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ, ਪਰਿਵਾਰ ਦੇ ਤਿੰਨ ਮੈਂਬਰਾਂ ਸਣੇ 4 ਦੀ ਗਈ ਜਾਨ
ਐਂਟਰਟੇਨਮੈਂਟ ਡੈਸਕ, 13 ਅਗਸਤ 2026- ਸੋਸ਼ਲ ਮੀਡੀਆ ਦੀ ਦੁਨੀਆ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੇਕਅੱਪ, ਬਿਊਟੀ, ਸਕਿਨਕੇਅਰ ਅਤੇ ਫਿਟਨੈੱਸ ਨਾਲ ਜੁੜਿਆ ਕੰਟੈਂਟ ਸਾਂਝਾ ਕਰਕੇ ਹਜ਼ਾਰਾਂ-ਲੱਖਾਂ ਲੋਕਾਂ ਵਿੱਚ ਆਪਣੀ ਪਛਾਣ ਬਣਾਉਣ ਵਾਲੀ ਕੋਲੰਬੀਆ ਦੀ 17 ਸਾਲਾ ਸੋਸ਼ਲ ਮੀਡੀਆ ਇਨਫਲੂਐਂਸਰ ਸੋਫੀਆ ਮੁਰੀਲੋ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਨੇ ਉਸਦੇ ਪਰਿਵਾਰ ਦੇ ਨਾਲ-ਨਾਲ ਉਸਦੇ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਸੋਫੀਆ ਮੁਰੀਲੋ ਆਪਣੇ ਪਰਿਵਾਰ ਨਾਲ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ ਛੁੱਟੀਆਂ ਮਨਾਉਣ ਗਈ ਹੋਈ ਸੀ। 8 ਅਗਸਤ ਨੂੰ ਉਹ ਪਰਿਵਾਰਕ ਮੈਂਬਰਾਂ ਨਾਲ ਤਿਜੂਕਾ ਨੈਸ਼ਨਲ ਪਾਰਕ ਦੇ ਨੇੜੇ ਵਿਸਟਾ ਚੀਨੇਸਾ ਖੇਤਰ ਦੀ ਹੈਲੀਕਾਪਟਰ ਰਾਹੀਂ ਸੈਰ ਕਰ ਰਹੀ ਸੀ। ਇਸੇ ਦੌਰਾਨ ਟੂਰਿਸਟ ਹੈਲੀਕਾਪਟਰ ਪਹਾੜੀ ਇਲਾਕੇ ਵਿੱਚ ਕਰੈਸ਼ ਹੋ ਗਿਆ ਅਤੇ ਹਾਦਸੇ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ।
ਹਾਦਸੇ ਵਿੱਚ ਸੋਫੀਆ ਮੁਰੀਲੋ ਦੇ ਨਾਲ ਉਸਦੀ ਮਾਂ ਵੈਂਡੀ ਮੈਨਰਿਕੋ, 59 ਸਾਲਾ ਨਾਨੀ ਰੋਸੀਓ ਕਿਊਬਲੋਸ ਅਤੇ ਹੈਲੀਕਾਪਟਰ ਪਾਇਲਟ ਅਲੇਸੈਂਡਰੋ ਰੋਚਾਚੀ ਦੀ ਵੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਨੇ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ।
ਸੋਫੀਆ ਦੇ ਮਾਮੇ ਮੁਤਾਬਕ ਪਰਿਵਾਰ ਦੇ ਕੁਝ ਹੋਰ ਮੈਂਬਰ ਦੂਜੇ ਹੈਲੀਕਾਪਟਰ ਵਿੱਚ ਸਵਾਰ ਹੋਣ ਲਈ ਹਵਾਈ ਅੱਡੇ ’ਤੇ ਉਡੀਕ ਕਰ ਰਹੇ ਸਨ। ਪਹਿਲੇ ਹੈਲੀਕਾਪਟਰ ਨੇ ਲਗਭਗ 20 ਮਿੰਟ ਦੀ ਉਡਾਣ ਤੋਂ ਬਾਅਦ ਵਾਪਸ ਆਉਣਾ ਸੀ, ਪਰ ਇਸ ਤੋਂ ਪਹਿਲਾਂ ਹੀ ਪਰਿਵਾਰ ਨੂੰ ਟੀਵੀ ਖ਼ਬਰਾਂ ਰਾਹੀਂ ਹਾਦਸੇ ਦੀ ਜਾਣਕਾਰੀ ਮਿਲ ਗਈ।
ਸੋਫੀਆ ਮੁਰੀਲੋ ਇੰਸਟਾਗ੍ਰਾਮ ਅਤੇ ਟਿਕਟਾਕ ’ਤੇ ਕਾਫ਼ੀ ਮਸ਼ਹੂਰ ਸੀ। ਉਸਦੇ 2.5 ਲੱਖ ਤੋਂ ਵੱਧ ਫਾਲੋਅਰ ਦੱਸੇ ਜਾ ਰਹੇ ਹਨ। ਉਹ ਅਕਸਰ ਬਿਊਟੀ, ਸਕਿਨਕੇਅਰ ਅਤੇ ਫਿਟਨੈੱਸ ਨਾਲ ਸਬੰਧਤ ਵੀਡੀਓ ਸਾਂਝੀਆਂ ਕਰਦੀ ਸੀ। ਉਸਦੀ ਅਚਾਨਕ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਉਸਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।
















