Special Cadre Teachers: ਸਪੈਸ਼ਲ ਕਾਡਰ ਅਧਿਆਪਕਾਂ ਵੱਲੋਂ 8 ਫਰਵਰੀ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ
ਪੇ-ਸਕੇਲ ਲਾਗੂ ਨਾ ਹੋਣ ਕਾਰਨ ਅਧਿਆਪਕਾਂ ਵਿੱਚ ਰੋਸ; ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਕੋਠੀ ਦਾ ਕਰਨਗੇ ਘਿਰਾਓ
ਮੋਹਾਲੀ, 5 ਫਰਵਰੀ 2026: ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 8 ਫਰਵਰੀ 2026 ਨੂੰ ਮੋਹਾਲੀ ਵਿਖੇ ਇੱਕ ਵਿਸ਼ਾਲ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਯੂਨੀਅਨ ਆਗੂ ਦਵਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਮੋਗਾ, ਗੁਰਲਾਲ ਸਿੰਘ, ਅਨੁਭਵ ਗੁਪਤਾ, ਵੀਰਪਾਲ ਕੌਰ ਸਿਧਾਣਾ ਅਤੇ ਹਰਪ੍ਰੀਤ ਕੌਰ ਜਲੰਧਰ ਨੇ ਦੱਸਿਆ ਕਿ ਰੈਲੀ ਤੋਂ ਬਾਅਦ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ।
ਅਧਿਆਪਕ ਆਗੂ ਅਨੁਭਵ ਗੁਪਤਾ ਨੇ ਦੱਸਿਆ ਕਿ ਪੇ-ਸਕੇਲ ਦੀ ਮੰਗ 12,710 ਸਪੈਸ਼ਲ ਕਾਡਰ ਅਧਿਆਪਕਾਂ ‘ਤੇ ਪੂਰਾ ‘ਪੇ-ਸਕੇਲ’ (Pay Scale) ਲਾਗੂ ਕਰਵਾਉਣ ਲਈ ਇਹ ਸੰਘਰਸ਼ ਵਿੱਢਿਆ ਗਿਆ ਹੈ। ਆਗੂਆਂ ਅਨੁਸਾਰ, 28 ਜੁਲਾਈ 2023 ਨੂੰ ਨਿਯੁਕਤੀ ਪੱਤਰ ਦੇਣ ਸਮੇਂ ਸਰਕਾਰ ਨੇ ਇੱਕ ਸਾਲ ਵਿੱਚ ਸਾਰੇ ਲਾਭ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ।
ਅਧਿਆਪਕਾਂ ਵਿੱਚ ਭਾਰੀ ਰੋਸ ਹੈ ਕਿ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ‘ਤੇ ਮੀਟਿੰਗ ਰੱਦ ਕਰ ਦਿੱਤੀ ਜਾਂਦੀ ਹੈ। ਸਪੈਸ਼ਲ ਕਾਡਰ ਅਧਿਆਪਕ ਫਰੰਟ ਪੰਜਾਬ ਵੱਲੋਂ ਸਮੂਹ ਅਧਿਆਪਕਾਂ ਨੂੰ ਐਤਵਾਰ, 8 ਫਰਵਰੀ ਨੂੰ ਸਵੇਰੇ 11 ਵਜੇ ਗੁਰਦੁਆਰਾ ਸ੍ਰੀ ਅੰਬ ਸਾਹਿਬ, ਮੋਹਾਲੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।






