Special Cadre Teachers’ Protest: 12,710 Special Cadre teachers allege they have been deceived.
Special Cadre Teachers Protest: “ਕੱਚੇ ਅਧਿਆਪਕ ਅੱਜ ਵੀ ਕੱਚੇ”! ਭਗਵੰਤ ਮਾਨ ਸਰਕਾਰ ਦੇ ਜੁਲਾਈ 2023 ਦੇ ਦਾਅਵਿਆਂ ਦੀ ਫੂਕ ਨਿਕਲੀ, 12710 ਸਪੈਸ਼ਲ ਕਾਡਰ ਟੀਚਰਾਂ ਨੇ ਲਾਏ ਠੱਗੇ ਜਾਣ ਦੇ ਦੋਸ਼
ਸਪੈਸ਼ਲ ਕਾਡਰ ਅਧਿਆਪਕ ਫਰੰਟ ਦਾ ਹੱਲਾ-ਬੋਲ: ਨਾ ਡੀ.ਏ, ਨਾ ਮੈਡੀਕਲ ਤੇ ਨਾ ਸਰਵਿਸ ਰੂਲਜ਼; ਰੈਗੂਲਰ ਪੇ-ਸਕੇਲ ਦੀ ਮੰਗ ਨੂੰ ਲੈ ਕੇ ਵਿਸ਼ਾਲ ਪ੍ਰਦਰਸ਼ਨ
ਭਰਾਤਰੀ ਜਥੇਬੰਦੀਆਂ ਦਾ ਮਿਲਿਆ ਪੂਰਾ ਸਮਰਥਨ: ਆਈ.ਈ.ਏ.ਟੀ. ਕਾਡਰ ਨੂੰ ਸੀ-ਗਰੁੱਪ ਵਿੱਚ ਸ਼ਾਮਲ ਕਰਨ ਅਤੇ ਪੂਰਨ ਰੈਗੂਲਰਾਈਜੇਸ਼ਨ ਦੀ ਮੰਗ
ਸੰਗਰੂਰ/ਚੰਡੀਗੜ੍ਹ, 2 ਅਕਤੂਬਰ 2026- ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਪੂਰਨ ਰੈਗੂਲਰਾਈਜੇਸ਼ਨ ਦੇ ਮਸਲੇ ਨੂੰ ਲੈ ਕੇ ‘ਸਪੈਸ਼ਲ ਕਾਡਰ ਅਧਿਆਪਕ ਫਰੰਟ, ਪੰਜਾਬ’ ਵੱਲੋਂ ਅੱਜ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘੇਰਾਓ ਕੀਤਾ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਚਿਰਾਂ ਤੋਂ ਮੁੱਖ ਮੰਤਰੀ ਨਾਲ ਸਿੱਧੀ ਮੀਟਿੰਗ ਕਰਕੇ ਆਪਣੀਆਂ ਸਮੱਸਿਆਵਾਂ ਦਾ ਸਥਾਈ ਹੱਲ ਚਾਹੁੰਦੇ ਹਨ, ਪਰ ਪੰਜਾਬ ਸਰਕਾਰ 12,710 ਸਪੈਸ਼ਲ ਕਾਡਰ ਅਧਿਆਪਕਾਂ ਦੇ ਗੰਭੀਰ ਮਸਲਿਆਂ ਨੂੰ ਵਿਚਾਰਨ ਲਈ ਰੱਤੀ ਭਰ ਵੀ ਗੰਭੀਰ ਨਜ਼ਰ ਨਹੀਂ ਆ ਰਹੀ। ਜਿਉਂ-ਜਿਉਂ ਲਗਭਗ ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਵੱਲ ਵਧ ਰਿਹਾ ਹੈ, ਤਿਉਂ-ਤਿਉਂ ਇਨ੍ਹਾਂ ਹਜ਼ਾਰਾਂ ਅਧਿਆਪਕਾਂ ਦੇ ਭਵਿੱਖ ਨੂੰ ਲੈ ਕੇ ਧੜਕਣਾਂ ਹੋਰ ਤੇਜ਼ ਹੁੰਦੀਆਂ ਜਾ ਰਹੀਆਂ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਮੁੱਖ ਆਗੂਆਂ ਵੀਰਪਾਲ ਕੌਰ ਸਿਧਾਣਾ, ਦਵਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਮੋਗਾ, ਗੁਰਲਾਲ ਸਿੰਘ ਤੂਰ ਅਤੇ ਅਨੁਭਵ ਗੁਪਤਾ ਨੇ ਸਰਕਾਰ ਦੀਆਂ ਨੀਤੀਆਂ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੱਸਿਆ ਕਿ ਜੁਲਾਈ 2023 ਵਿੱਚ ਪੰਜਾਬ ਸਰਕਾਰ ਨੇ ਜਨਤਕ ਤੌਰ ‘ਤੇ ਵਾਅਦਾ ਕਰਦਿਆਂ 12,710 ਅਧਿਆਪਕਾਂ ਨੂੰ ਪੱਕੇ ਕਰਨ ਦਾ ਵੱਡਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਨਵੇਂ ਸਿਰੇ ਤੋਂ ਜੁਆਇਨਿੰਗ ਕਰਵਾਈ ਗਈ, ਸੂਬਾ ਅਤੇ ਜ਼ਿਲ੍ਹਾ ਪੱਧਰ ‘ਤੇ ਕਰੋੜਾਂ ਰੁਪਏ ਫ਼ਜ਼ੂਲ ਖ਼ਰਚ ਕੇ ਵੱਡੇ-ਵੱਡੇ ਸਮਾਗਮ ਰਚਾਏ ਗਏ ਅਤੇ ਪ੍ਰਚਾਰ ਲਈ ਫ਼ਲੈਕਸ ਬੋਰਡ ਲਗਾ ਕੇ ਸਰਕਾਰ ਨੇ ਰਾਜਨੀਤਿਕ ਲਾਹਾ ਤਾਂ ਪੂਰਾ ਖੱਟ ਲਿਆ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ।
ਅਧਿਆਪਕ ਆਗੂਆਂ ਨੇ ਦਰਦ ਬਿਆਨ ਕਰਦਿਆਂ ਕਿਹਾ ਕਿ ਇਸ ਸਭ ਦੇ ਬਾਵਜੂਦ ਕੱਚੇ ਅਧਿਆਪਕ ਅੱਜ ਵੀ ਅਸਲ ਅਰਥਾਂ ਵਿੱਚ ਕੱਚੇ ਹੀ ਹਨ। ਸਰਕਾਰ ਵੱਲੋਂ ਸਿਰਫ਼ ਤਨਖਾਹ ਵਾਧਾ ਅਤੇ 5 ਫੀਸਦੀ ਸਾਲਾਨਾ ਇੰਕਰੀਮੈਂਟ ਹੀ ਦਿੱਤਾ ਗਿਆ ਹੈ, ਜਦਕਿ ਇੱਕ ਰੈਗੂਲਰ ਮੁਲਾਜ਼ਮ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਮਹਿੰਗਾਈ ਭੱਤਾ (DA), ਮੈਡੀਕਲ ਸਹੂਲਤਾਂ, ਸਰਵਿਸ ਰੂਲਜ਼ ਜਾਂ ਹੋਰ ਸੇਵਾ ਲਾਭ ਤੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਵਾਂਝਾ ਰੱਖਿਆ ਗਿਆ ਹੈ।
ਅੱਜ 12,710 ਸਪੈਸ਼ਲ ਕਾਡਰ ਅਧਿਆਪਕ ਸਰਕਾਰ ਦੇ ਇਸ ਛਲਾਵੇ ਕਾਰਨ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਇਸੇ ਦੌਰਾਨ ਆਈ.ਈ.ਏ.ਟੀ. (IEAT) ਆਗੂ ਗੁਰਲਾਲ ਸਿੰਘ ਤੂਰ ਨੇ ਵਿਸ਼ੇਸ਼ ਤੌਰ ‘ਤੇ ਮੰਗ ਕੀਤੀ ਕਿ ਲਗਭਗ 1,000 ਆਈ.ਈ.ਏ.ਟੀ. ਕਾਡਰ ਦੇ ਅਧਿਆਪਕਾਂ ਨੂੰ ‘ਡੀ-ਗਰੁੱਪ’ ਵਿਚੋਂ ਕੱਢ ਕੇ ‘ਸੀ-ਗਰੁੱਪ’ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਜੋ ਇਨ੍ਹਾਂ ਅਧਿਆਪਕਾਂ ਦਾ ਬਣਦਾ ਮਾਣ-ਸਨਮਾਨ ਬਹਾਲ ਹੋ ਸਕੇ।
ਇਸ ਰੋਸ ਪ੍ਰਦਰਸ਼ਨ ਨੂੰ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦਾ ਵੀ ਭਰਵਾਂ ਸਮਰਥਨ ਮਿਲਿਆ। ਡੀ.ਟੀ.ਐੱਫ. (ਵਿਕਰਮਦੇਵ) ਤੋਂ ਰਘਵੀਰ ਸਿੰਘ ਭਵਾਨੀਗੜ੍ਹ, ਜੀ.ਟੀ.ਯੂ. ਤੋਂ ਦੇਵੀ ਦਿਆਲ, ਬੱਗਾ ਸਿੰਘ, ਫਕੀਰ ਸਿੰਘ ਟਿੱਬਾ, ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਤੋਂ ਸ਼ਮਸ਼ੇਰ ਸਿੰਘ, ਕੰਪਿਊਟਰ ਟੀਚਰ ਯੂਨੀਅਨ ਤੋਂ ਨਰਦੀਪ ਸ਼ਰਮਾ, ਪ.ਸ.ਸ.ਫ. ਪੰਜਾਬ ਤੋਂ ਕਰਮਜੀਤ ਸਿੰਘ ਬੀਹਲਾ ਅਤੇ ਸਮਾਜ ਸੇਵੀ ਭਾਨਾ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਅਧਿਆਪਕਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕੀਤਾ।
ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਪ੍ਰਭਾਵ ਨਾਲ ਕੱਚੇ ਅਧਿਆਪਕਾਂ ਉੱਤੇ ਰੈਗੂਲਰ ਪੇ-ਸਕੇਲ ਲਾਗੂ ਕਰੇ ਅਤੇ ਹੋਰਨਾਂ ਸਰਕਾਰੀ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦੇ ਕੇ 12,710 ਸਪੈਸ਼ਲ ਕਾਡਰ ਅਧਿਆਪਕਾਂ ਦਾ ਮਾਣ-ਸਨਮਾਨ ਬਹਾਲ ਕਰੇ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਜਲਦ ਸਥਾਈ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
















