ਪ੍ਰਾਇਮਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ; ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ : ਡੀ.ਜੀ. ਸਿੰਘ
ਪਠਾਨਕੋਟ, 7 ਅਕਤੂਬਰ 2026- ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ.ਜੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਨਰੋਟ ਜੈਮਲ ਸਿੰਘ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ ਮੁੰਡੇ ਦੇ ਖੇਡ ਮੈਦਾਨ ਵਿਖੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਸੰਪੰਨ ਹੋਈਆਂ। ਖੇਡਾਂ ਦਾ ਆਯੋਜਨ ਬਲਾਕ ਨੋਡਲ ਅਫ਼ਸਰ ਸ੍ਰੀਮਤੀ ਸਰਬਜੀਤ ਅਤੇ ਖੇਡ ਕਮੇਟੀ ਇੰਚਾਰਜ ਸੀ.ਐਚ.ਟੀ. ਪਵਨ ਕੁਮਾਰ ਦੀ ਅਗਵਾਈ ਹੇਠ ਕੀਤਾ ਗਿਆ। ਖੇਡਾਂ ਦੇ ਸਮਾਪਤੀ ਸਮਾਰੋਹ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ.ਜੀ. ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਭੇਟ ਕਰਦਿਆਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਇਸ ਮੌਕੇ ਡੀ.ਜੀ. ਸਿੰਘ ਨੇ ਕਿਹਾ ਕਿ “ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ।” ਖੇਡਾਂ ਵਿਦਿਆਰਥੀਆਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਬਲਾਕ ਨਰੋਟ ਜੈਮਲ ਸਿੰਘ ਦੇ ਅਧਿਆਪਕਾਂ ਵੱਲੋਂ ਖੇਡਾਂ ਨੂੰ ਸੁਚੱਜੇ ਢੰਗ ਅਤੇ ਅਨੁਸ਼ਾਸਨ ਨਾਲ ਕਰਵਾਉਣ ਲਈ ਕੀਤੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਲੋੜੀਂਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਸਕੂਲ ਪੱਧਰ ਤੋਂ ਹੀ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਨਾਲ ਵਿਦਿਆਰਥੀ ਭਵਿੱਖ ਵਿੱਚ ਸੂਬਾ ਅਤੇ ਦੇਸ਼ ਪੱਧਰ ’ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰ ਸਕਦੇ ਹਨ। ਬਲਾਕ ਨੋਡਲ ਅਫ਼ਸਰ ਸ੍ਰੀਮਤੀ ਸਰਬਜੀਤ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਸਮਾਂ-ਸਾਰਣੀ ਅਨੁਸਾਰ ਕਰਵਾਈਆਂ ਗਈਆਂ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਕਲੱਸਟਰ ਪੱਧਰੀ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ’ਤੇ ਜੇਤੂ ਰਹੇ ਖਿਡਾਰੀ ਹੁਣ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਦੀ ਨੁਮਾਇੰਦਗੀ ਕਰਨਗੇ।
ਖੇਡ ਕਮੇਟੀ ਇੰਚਾਰਜ ਸੀ.ਐਚ.ਟੀ. ਪਵਨ ਕੁਮਾਰ ਨੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੜੀਆਂ ਦੀ 100 ਮੀਟਰ ਦੌੜ ਵਿੱਚ ਰਾਗਨੀ ਸਪ੍ਰਸ ਗੱਜੂ ਜਗੀਰ ਨੇ ਪਹਿਲਾਂ ਸਥਾਨ, ਲੜਕੀਆਂ ਦੀ 200 ਮੀਟਰ ਦੌੜ ਵਿੱਚ ਸਵੀਨਾ ਸਪ੍ਰਸ ਰਕਵਾਲ ਨੇ ਪਹਿਲਾਂ ਸਥਾਨ, 600 ਮੀਟਰ ਵਿੱਚ ਸੁਨੀਧੀ ਸਪ੍ਰਸ ਸਹੋਵੜਾ ਕਲਾਂ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਮੁੰਡਿਆਂ ਦੀ 100 ਮੀਟਰ ਦੌੜ ਵਿੱਚ ਹਿਮਾਕ ਨੇ ਪਹਿਲਾਂ ਅਤੇ ਸਪ੍ਰਸ ਤਾਰਾਗੜ੍ਹ ਦੇ ਆਸ਼ਿਸ਼ ਨੇ ਦੂਜਾ ਸਥਾਨ, 200 ਮੀਟਰ ਮੁੰਡਿਆਂ ਦੀ ਦੌੜ ਵਿੱਚ ਸਪ੍ਰਸ ਮੱਲਪੁਰ ਦੇ ਹਰਸ਼ ਨੇ ਪਹਿਲਾਂ ਸਥਾਨ, 400 ਮੀਟਰ ਦੌੜ ਵਿੱਚ ਆਸ਼ਿਸ਼ ਸਪ੍ਰਸ ਤਾਰਾਗੜ੍ਹ ਨੇ ਪਹਿਲਾਂ ਸਥਾਨ, 600 ਮੀਟਰ ਦੌੜ ਵਿੱਚ ਹਰਸ਼ ਸਪ੍ਰਸ ਮੱਲਪੁਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਸ਼ਾਟਪੁੱਟ ਲੜਕੀਆਂ ਵਿੱਚ ਸਵੀਨਾ ਰਕਵਾਲ ਨੇ ਪਹਿਲਾਂ ਸਥਾਨ ਅਤੇ ਸ਼ਾਟਪੁੱਟ ਲੜਕਿਆਂ ਵਿੱਚ ਸ਼ਾਮ ਸਿੰਘ ਸਪ੍ਰਸ ਰਤਨਗੜ੍ਹ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਯੋਗਾ ਮੁੰਡਿਆਂ ਵਿੱਚ ਵੰਸ਼ ਸਪ੍ਰਸ ਠਾਕੁਰਪੁਰ ਨੇ ਪਹਿਲਾਂ ਸਥਾਨ, ਯੋਗਾ ਕੁੜੀਆਂ ਵਿੱਚ ਦਿਵਾਂਸੀ ਠਾਕੁਰ ਪੁਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਰੱਸਾ ਕੱਸੀ ਦੇ ਮੁਕਾਬਲੇ ਵਿੱਚ ਤੰਗੋਸਾਹ ਨੇ ਬਕਨੌਰ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਮੌਕੇ ਸੀ.ਐਚ.ਟੀ. ਅੰਜੂ ਬਾਲਾ, ਸੀ.ਐਚ.ਟੀ. ਪਵਨ ਕੁਮਾਰ, ਸੀ.ਐਚ.ਟੀ. ਜਗਧਰ ਸ਼ਰਮਾ, ਐਚ.ਟੀ. ਅਜੇ ਮਹਾਜਨ, ਕਲਰਕ ਨਰੇਸ਼ ਕੁਮਾਰ, ਪੀ.ਟੀ.ਆਈ. ਸੁਲਕਸ਼ਨਾ, ਬਿਸੰਭਰ ਦਾਸ, ਦੀਪਕ ਸੈਣੀ, ਰਾਕੇਸ਼ ਕੁਮਾਰ, ਸੁਨੀਲ ਕੁਮਾਰ, ਵਿਜੇ ਮਸੀਹ, ਮਨਿੰਦਰ ਸਿੰਘ, ਸ਼ੈਲੇਂਦਰ ਸਿੰਘ, ਸੁਰੇਸ਼ ਕੁਮਾਰ, ਬਲਜਿੰਦਰ ਕੁਮਾਰ, ਰੋਹਿਤ ਕੁਮਾਰ, ਰੂਚੀ ਪਠਾਨੀਆ, ਸੀਤਲ ਮਹਾਜਨ, ਰਜਨੀਸ਼ ਮਹਾਜਨ, ਰਾਕੇਸ਼ ਸੈਣੀ, ਪੂਜਾ ਰਾਣੀ, ਪ੍ਰਿਅੰਕਾ ਰਸੋਤਰਾ, ਟੀਨਾ, ਰਜਿੰਦਰ, ਸ਼ਲਿੰਦਰ ਸਿੰਘ, ਸੁਨੀਤ ਕੁਮਾਰ, ਅਜੇ ਕੁਮਾਰ, ਕਿਰਨ ਕੁਮਾਰੀ, ਸੰਜੀਵ ਕੁਮਾਰ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।



















