Punjab ‘ਚ ਅਵਾਰਾ ਕੁੱਤਿਆਂ ਦਾ ਕਹਿਰ; ਦੁੱਧ ਲੈਣ ਜਾ ਰਹੇ 10 ਸਾਲਾ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ

 

Punjab ‘ਚ ਅਵਾਰਾ ਕੁੱਤਿਆਂ ਦਾ ਕਹਿਰ; ਦੁੱਧ ਲੈਣ ਜਾ ਰਹੇ 10 ਸਾਲਾ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ

ਗਰਦਨ, ਕੰਨ ਅਤੇ ਪਿੱਠ ‘ਤੇ ਕੀਤੇ ਡੂੰਘੇ ਜ਼ਖ਼ਮ; ਗੰਭੀਰ ਹਾਲਤ ਵਿੱਚ ਪਟਿਆਲਾ ਰੈਫ਼ਰ; ਇਲਾਕਾ ਨਿਵਾਸੀਆਂ ਵਿੱਚ ਭਾਰੀ ਦਹਿਸ਼ਤ

ਸਮਾਣਾ (ਪਟਿਆਲਾ), 14 ਮਾਰਚ 2026

ਸਮਾਣਾ ਦੇ ਪਿੰਡ ਬਦਨਪੁਰ ਵਿੱਚ ਅੱਜ ਸਵੇਰੇ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਅਵਾਰਾ ਕੁੱਤਿਆਂ ਦੇ ਇੱਕ ਖ਼ੂੰਖਾਰ ਝੁੰਡ ਨੇ 10 ਸਾਲਾ ਮਾਸੂਮ ਬੱਚੇ ‘ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸਵੇਰੇ ਕਰੀਬ 7 ਵਜੇ ਵਾਪਰੀ ਜਦੋਂ ਬੱਚਾ ਘਰੋਂ ਦੁੱਧ ਲੈਣ ਲਈ ਨਿਕਲਿਆ ਸੀ।

ਜ਼ਖ਼ਮੀ ਬੱਚੇ ਦੀ ਪਛਾਣ ਪ੍ਰਿਆਸ (10) ਵਜੋਂ ਹੋਈ ਹੈ। ਉਸ ਦੇ ਪਿਤਾ ਰਾਹੁਲ, ਜੋ ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਰਹਿਣ ਵਾਲੇ ਹਨ ਅਤੇ ਇੱਥੇ ਮਜ਼ਦੂਰੀ ਕਰਦੇ ਹਨ, ਨੇ ਦੱਸਿਆ ਕਿ ਕੁੱਤਿਆਂ ਨੇ ਬੱਚੇ ਨੂੰ ਘੇਰ ਕੇ ਉਸ ਦੀ ਗਰਦਨ, ਕੰਨ ਅਤੇ ਪਿੱਠ ‘ਤੇ ਕਈ ਥਾਵਾਂ ‘ਤੇ ਬੁਰੀ ਤਰ੍ਹਾਂ ਕੱਟਿਆ।

ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਸਰੀਰ ‘ਤੇ ਕਈ ਡੂੰਘੇ ਜ਼ਖ਼ਮ ਹਨ, ਜਿਸ ਕਾਰਨ ਮੁਢਲੀ ਸਹਾਇਤਾ (First Aid) ਦੇਣ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ।

ਕੁੱਤਿਆਂ ਦੇ ਵਧਦੇ ਕਹਿਰ ਦਾ ਕਾਰਨ

ਸਥਾਨਕ ਨਿਵਾਸੀ ਅੰਮ੍ਰਿਤਪਾਲ ਸਿੰਘ ਨੇ ਇਲਾਕੇ ਦੀ ਮਾੜੀ ਸਥਿਤੀ ਬਾਰੇ ਦੱਸਿਆ ਕਿ ਲੋਕ ਮਰੇ ਹੋਏ ਪਸ਼ੂਆਂ ਨੂੰ ਨੇੜੇ ਦੀ ਸੁੱਕੀ ਨਹਿਰ ਵਿੱਚ ਸੁੱਟ ਦਿੰਦੇ ਹਨ, ਜਿਸ ਕਾਰਨ ਉੱਥੇ ਕੁੱਤਿਆਂ ਦੇ ਵੱਡੇ ਝੁੰਡ ਇਕੱਠੇ ਹੋ ਜਾਂਦੇ ਹਨ। ਇਹ ਕੁੱਤੇ ਹੁਣ ਇੰਨੇ ਹਿੰਸਕ ਹੋ ਚੁੱਕੇ ਹਨ ਕਿ ਕਿਸਾਨਾਂ ਨੂੰ ਖੇਤਾਂ ਵਿੱਚ ਜਾਣ ਅਤੇ ਬੱਚਿਆਂ ਨੂੰ ਇਕੱਲੇ ਬਾਹਰ ਨਿਕਲਣ ਤੋਂ ਡਰ ਲੱਗਦਾ ਹੈ।

ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ, ਅਵਾਰਾ ਕੁੱਤਿਆਂ ਨੂੰ ਫੜਨ ਲਈ ਤੁਰੰਤ ਮੁਹਿੰਮ ਚਲਾਈ ਜਾਵੇ। ਨਹਿਰ ਵਿੱਚ ਮਰੇ ਹੋਏ ਜਾਨਵਰ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।