Join WhatsApp

Join Now

ਪੰਜਾਬ ‘ਚ ਲੱਗੀਆਂ ਸਖ਼ਤ ਪਾਬੰਦੀਆਂ; 15 ਸਤੰਬਰ ਨੂੰ ਮੀਟ ਅਤੇ ਆਂਡਿਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

On: ਸਤੰਬਰ 13, 2026 12:06 ਬਾਃ ਦੁਃ

 

ਪੰਜਾਬ ‘ਚ ਲੱਗੀਆਂ ਸਖ਼ਤ ਪਾਬੰਦੀਆਂ; 15 ਸਤੰਬਰ ਨੂੰ ਮੀਟ ਅਤੇ ਆਂਡਿਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਨਵਾਂਸ਼ਹਿਰ 13 ਸਤੰਬਰ 2026

ਜੈਨ ਭਾਈਚਾਰੇ ਦੇ ਪਵਿੱਤਰ ਤਿਉਹਾਰ ‘ਸੰਵਤਸਰੀ’ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨਵਾਂਸ਼ਹਿਰ, ਅੰਕਿਤ ਅਗਰਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦਾ ਇਸਤੇਮਾਲ ਕਰਦਿਆਂ 15 ਸਤੰਬਰ 2026 (ਦਿਨ ਮੰਗਲਵਾਰ) ਨੂੰ ਪੂਰੇ ਜ਼ਿਲ੍ਹੇ ਦੀ ਹਦੂਦ ਅੰਦਰ ਮੀਟ, ਆਂਡੇ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ (ਬੱਚੜਖ਼ਾਨੇ) ਮੁਕੰਮਲ ਤੌਰ ‘ਤੇ ਬੰਦ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਐੱਸ. ਐੱਸ. ਜੈਨ ਸਭਾ (ਰਜਿ.), ਨਵਾਂਸ਼ਹਿਰ ਵੱਲੋਂ ਕੀਤੀ ਗਈ ਵਿਸ਼ੇਸ਼ ਬੇਨਤੀ ਤੋਂ ਬਾਅਦ ਅਮਲ ਵਿੱਚ ਲਿਆਂਦੇ ਗਏ ਹਨ। ਜੈਨ ਧਰਮ ਵਿੱਚ ‘ਸੰਵਤਸਰੀ’ ਦਾ ਦਿਹਾੜਾ ਅਤਿਅੰਤ ਪਵਿੱਤਰ ਮੰਨਿਆ ਜਾਂਦਾ ਹੈ, ਜੋ ਕਿ ਖ਼ਮਾਯਾਚਨਾ (ਮੁਆਫ਼ੀ) ਅਤੇ ਅਹਿੰਸਾ ਦੇ ਸੰਕਲਪ ਨੂੰ ਸਮਰਪਿਤ ਹੁੰਦਾ ਹੈ। ਇਸ ਦਿਨ ਲੋਕ ਆਪਸੀ ਭੁੱਲਾਂ-ਚੁੱਕਾਂ ਦੀ ਮੁਆਫ਼ੀ ਮੰਗ ਕੇ ਮਨੁੱਖਤਾ ਅਤੇ ਜੀਵ-ਦਇਆ ਦਾ ਸੁਨੇਹਾ ਦਿੰਦੇ ਹਨ।

ਧਾਰਮਿਕ ਆਸਥਾ, ਸ਼ਰਧਾ ਅਤੇ ‘ਅਹਿੰਸਾ ਦਿਵਸ’ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਪਾਬੰਦੀ ਲਗਾਈ ਹੈ ਤਾਂ ਜੋ ਸਮਾਜਿਕ ਸਾਂਝ ਅਤੇ ਸ਼ਾਂਤੀਪੂਰਨ ਮਾਹੌਲ ਬਣਿਆ ਰਹੇ। ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਨਿਰਧਾਰਿਤ ਮਿਤੀ ਨੂੰ ਜ਼ਿਲ੍ਹੇ ਵਿੱਚ ਕਿਸੇ ਵੀ ਥਾਂ ‘ਤੇ ਮਾਸ ਜਾਂ ਆਂਡਿਆਂ ਦੀ ਵਿਕਰੀ ਅਤੇ ਪਸ਼ੂ-ਪੰਛੀਆਂ ਦੀ ਬਲੀ/ਕਟਾਈ ਦੀ ਇਜਾਜ਼ਤ ਨਹੀਂ ਹੋਵੇਗੀ।

ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਦੁਕਾਨਦਾਰਾਂ ਅਤੇ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਹੁਕਮਾਂ ਦੀ ਇਨ-ਬਿਨ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਹੁਕਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਲਈ ਸਬੰਧਤ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

Leave a Comment