Teacher Double Duty Cancelled! ਅਧਿਆਪਕਾਂ ਦੇ ਤਿੱਖੇ ਸੰਘਰਸ਼ ਅੱਗੇ ਝੁਕਿਆ ਪ੍ਰਸ਼ਾਸਨ; ਦੂਹਰੀਆਂ-ਤੀਹਰੀਆਂ ਡਿਊਟੀਆਂ ਰੱਦ ਕਰਨ ਦਾ ਮਿਲਿਆ ਭਰੋਸਾ
ਡੀਸੀ ਸੰਗਰੂਰ ਦੇ ਅੜੀਅਲ ਅਤੇ ਸੰਵੇਦਨਹੀਣ ਰਵੱਈਏ ਖ਼ਿਲਾਫ਼ ਅਧਿਆਪਕ ਜਥੇਬੰਦੀਆਂ ਨੇ ਲਾਇਆ ਵਿਸ਼ਾਲ ਧਰਨਾ
ਜਨਗਣਨਾ, ਨਗਰ ਕੌਂਸਲ ਚੋਣਾਂ ਅਤੇ ਡਰੱਗ ਸੈਂਸਜ਼ ਵਿੱਚ ਅਧਿਆਪਕਾਂ ‘ਤੇ ਮਾਨਸਿਕ ਤਸ਼ੱਦਦ ਢਾਹੁਣ ਦੇ ਲੱਗੇ ਦੋਸ਼
ਐਸ.ਡੀ.ਐਮ. ਸੰਗਰੂਰ ਨੇ ਧਰਨੇ ਵਿੱਚ ਪਹੁੰਚ ਕੇ ਮੰਨੀਆਂ ਮੰਗਾਂ; ਸਬ-ਡਵੀਜ਼ਨਾਂ ਨੂੰ ਪੱਤਰ ਜਾਰੀ ਕਰਨ ਦੇ ਦਿੱਤੇ ਹੁਕਮ
ਸੰਗਰੂਰ, 22 May 2026- ਸੰਗਰੂਰ ਜ਼ਿਲ੍ਹੇ ਵਿੱਚ ਅਧਿਆਪਕਾਂ ਦੀਆਂ ਜਨਗਣਨਾ (Census), ਨਗਰ ਕੌਂਸਲ ਚੋਣਾਂ ਅਤੇ ਡਰੱਗ ਸੈਂਸਜ਼ ਆਦਿ ਗੈਰ-ਵਿੱਦਿਅਕ ਕੰਮਾਂ ਵਿੱਚ ਦੂਹਰੀਆਂ-ਤੀਹਰੀਆਂ ਡਿਊਟੀਆਂ ਲਗਾਉਣ ਦੇ ਵਿਰੋਧ ਵਿੱਚ ਅੱਜ ਅਧਿਆਪਕਾਂ ਦਾ ਗੁੱਸਾ ਫੁੱਟ ਪਿਆ।
ਅਧਿਆਪਕ ਜਥੇਬੰਦੀਆਂ ਡੀ.ਟੀ.ਐੱਫ. (ਦਿਗਵਿਜੇ ਪਾਲ) ਅਤੇ ਡੀ.ਟੀ.ਐੱਫ. (ਵਿਕਰਮਦੇਵ) ਦੀ ਅਗਵਾਈ ਵਿੱਚ ਹੋਰ ਇਨਸਾਫ਼-ਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਡੀਸੀ ਦਫ਼ਤਰ ਸੰਗਰੂਰ ਖ਼ਿਲਾਫ਼ ਇੱਕ ਵਿਸ਼ਾਲ ਅਤੇ ਰੋਹ ਭਰਪੂਰ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਹਰਭਗਵਾਨ ਗੁਰਨੇ, ਸੁਖਵਿੰਦਰ ਗਿਰ, ਜਗਦੀਪ ਸਿੰਘ, ਸੁਖਜਿੰਦਰ ਸੰਗਰੂਰ, ਦਲਜੀਤ ਸਫ਼ੀਪੁਰ, ਮੇਘਰਾਜ, ਰਣਵੀਰ ਜਖੇਪਲ, ਸੁਖਜਿੰਦਰ ਸਿੰਘ, ਸੁਮਿਤ, ਪ੍ਰਗਟ ਸਿੰਘ ਸਤੌਜ ਅਤੇ ਅਮਨ ਵਸ਼ਿਸ਼ਟ ਨੇ ਡੀਸੀ ਸੰਗਰੂਰ ਦੇ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਉੱਤੇ ਅਜਿਹਾ ਮਾਨਸਿਕ ਤਸ਼ੱਦਦ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਖੁਲਾਸਾ ਕੀਤਾ ਕਿ ਜਥੇਬੰਦੀਆਂ ਨੇ ਪਿਛਲੇ ਦਿਨੀਂ ਡੀਸੀ ਨੂੰ ਮਿਲ ਕੇ ਮੰਗ ਕੀਤੀ ਸੀ ਕਿ ਜਨਗਣਨਾ ਡਿਊਟੀ ਵਾਲੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਛੋਟ ਦਿੱਤੀ ਜਾਵੇ, ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਦੀ ਡਿਊਟੀ ਉਨ੍ਹਾਂ ਦੀ ਗਿਣਤੀ ਦੇ ਅਨੁਪਾਤ (Ratio) ਵਿੱਚ ਲਾਈ ਜਾਵੇ ਅਤੇ ਕਿਸੇ ਵੀ ਮੁਲਾਜ਼ਮ ਦੀ ਦੂਹਰੀ ਡਿਊਟੀ ਨਾ ਲਗਾਈ ਜਾਵੇ।
ਪ੍ਰੰਤੂ ਡੀਸੀ ਦਾ ਰਵੱਈਆ ਬੇਹੱਦ ਸੰਵੇਦਨਹੀਣ ਰਿਹਾ ਅਤੇ ਉਲਟਾ ਦੂਹਰੀਆਂ ਡਿਊਟੀਆਂ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਨੂੰ ’ਕਾਰਨ ਦੱਸੋ’ (Show Cause) ਨੋਟਿਸ ਜਾਰੀ ਕਰਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਗਿਆ।
ਇਸ ਸੰਘਰਸ਼ ਨੂੰ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਸੰਗਰੂਰ ਦੇ ਬਸ਼ੇਸ਼ਰ ਰਾਮ ਤੇ ਮਨਧੀਰ ਰਾਜੋਮਾਜਰਾ, ਪਿੰਡ ਬੇਨੜਾ ਦੀ ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਸੋਸਾਇਟੀ ਵੱਲੋਂ ਬਹਾਲ ਸਿੰਘ, ਰਾਮ ਸਿੰਘ ਤੇ ਦਿਲਾਵਰ ਸਿੰਘ ਅਤੇ ਸਾਂਝਾ ਬੇਰੁਜ਼ਗਾਰ ਫਰੰਟ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਨੇ ਵੀ ਸੰਬੋਧਨ ਕਰਦਿਆਂ ਅਧਿਆਪਕਾਂ ਦੀਆਂ ਮੰਗਾਂ ਦਾ ਪੁਰਜ਼ੋਰ ਸਮਰਥਨ ਕੀਤਾ।
ਅਧਿਆਪਕਾਂ ਦੇ ਤਿੱਖੇ ਰੋਸ ਪ੍ਰਦਰਸ਼ਨ ਅਤੇ ਵਧਦੇ ਦਬਾਅ ਅੱਗੇ ਝੁਕਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਡੀ.ਐਮ. ਸੰਗਰੂਰ ਨੇ ਖੁਦ ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਅਧਿਕਾਰਤ ਭਰੋਸਾ ਦਿੱਤਾ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਲਹਿਰਾ, ਸੁਨਾਮ ਅਤੇ ਮੂਣਕ ਤਹਿਸੀਲ ਦਫ਼ਤਰਾਂ ਵੱਲੋਂ ਦੂਹਰੀਆਂ ਡਿਊਟੀਆਂ ਰੱਦ ਕਰਨ ਸਬੰਧੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਰਹਿੰਦੀਆਂ ਸਬ-ਡਵੀਜ਼ਨਾਂ ਵੱਲੋਂ ਵੀ ਹਰ ਹਾਲਤ ਵਿੱਚ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਪ੍ਰਸ਼ਾਸਨ ਦੇ ਇਸ ਭਰੋਸੇ ਤੋਂ ਬਾਅਦ ਜਥੇਬੰਦੀਆਂ ਨੇ ਅਗਲੀ ਰਣਨੀਤੀ ਤੈਅ ਕਰਨ ਦਾ ਐਲਾਨ ਕੀਤਾ।






