Teacher News: ਅਧਿਆਪਕ ਜੋੜੇ ਦੀ ਮੌਤ ਦਾ ਮਾਮਲਾ! ਇਨਸਾਫ਼ ਲਈ ਟੀਚਰ ਯੂਨੀਅਨਾਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨ

 

Teacher News: ਅਧਿਆਪਕ ਜੋੜੇ ਦੀ ਮੌਤ ਦਾ ਮਾਮਲਾ! ਇਨਸਾਫ਼ ਲਈ ਟੀਚਰ ਯੂਨੀਅਨਾਂ ਵੱਲੋਂ ਵੱਡੇ ਸੰਘਰਸ਼ ਦਾ ਐਲਾਨ

‘ਅਧਿਆਪਕ ਇਨਸਾਫ਼ ਕਮੇਟੀ’ ਦੇ ਬੈਨਰ ਹੇਠ 18 ਜਨਵਰੀ ਨੂੰ ਮੋਗਾ ਵਿਖੇ ਸੂਬਾ ਪੱਧਰੀ ਇਕੱਠ ਕੀਤਾ ਜਾਵੇਗਾ, ਪੰਜਾਬ ਸਰਕਾਰ ਵੱਲੋਂ ਐਲਾਨੀ ਨਿਗੂਣੀ ਸਹਾਇਤਾ ਰਾਸ਼ੀ ਮ੍ਰਿਤਕ ਅਧਿਆਪਕਾਂ ਨਾਲ ਕੋਝਾ ਮਜ਼ਾਕ: ਅਧਿਆਪਕ ਜੱਥੇਬੰਦੀਆਂ

Punjab Network

ਮੋਗਾ, 2 ਜਨਵਰੀ 2025- 

Teacher News- 14 ਦਸੰਬਰ ਨੂੰ ਹੋਈਆਂ ਪੰਚਾਇਤ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਆਪਣੀ ਪਤਨੀ ਨੂੰ ਡਿਊਟੀ ‘ਤੇ ਛੱਡਣ ਜਾ ਰਹੇ ਅਧਿਆਪਕ ਜਸਕਰਨ ਸਿੰਘ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸੜਕ ਹਾਦਸੇ ਦੌਰਾਨ ਹੋਈ ਦਰਦਨਾਕ ਮੌਤ ਉਪਰੰਤ ਪੰਜਾਬ ਸਰਕਾਰ ਵੱਲੋਂ ਐਲਾਨੀ 10-10 ਲੱਖ ਰੁਪਏ ਦੀ ਮਾਮੂਲੀ ਸਹਾਇਤਾ ਰਾਸ਼ੀ ਨੂੰ ਨਕਾਰਦਿਆਂ ਪੰਜਾਬ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਨੇ ਇਸਨੂੰ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਕਰਾਰ ਦਿੰਦੇ ਹੋਏ, 18 ਜਨਵਰੀ ਨੂੰ ਮੋਗਾ ਵਿਖੇ ਵਿਸ਼ਾਲ ਸੂਬਾ ਪੱਧਰੀ ‘ਇਨਸਾਫ ਰੈਲੀ’ ਕਰਨ ਦਾ ਐਲਾਨ ਕੀਤਾ ਹੈ।

ਸਥਾਨਕ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਦੀਆਂ ਸਮੁੱਚੀਆਂ ਅਧਿਆਪਕ ਜਥੇਬੰਦੀਆਂ ਦੀ ਸੂਬਾਈ ਲੀਡਰਸ਼ਿਪ ਵੱਲੋਂ ਮੀਟਿੰਗ ਕਰਨ ਉਪਰੰਤ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਦੇ ਚੋਣ ਡਿਊਟੀਆਂ ਦੌਰਾਨ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਨਾਕਸ ਪ੍ਰਬੰਧਾਂ ਕਾਰਨ ਜਾਨ ਗੁਆਉਣ ਵਾਲੇ ਅਧਿਆਪਕ ਜੋੜੇ ਪ੍ਰਤੀ ਸੰਵੇਦਨਹੀਣ ਅਤੇ ਪੱਖਪਾਤੀ ਰੱਵਈਏ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ 18 ਜਨਵਰੀ ਨੂੰ ਜਿੱਥੇ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ ਉੱਥੇ ਇਸ ਰੈਲੀ ਦੀ ਲਾਮਬੰਦੀ ਲਈ ਸਾਰੇ ਜ਼ਿਲ੍ਹਿਆਂ ਵਿੱਚ 5 ਜਨਵਰੀ ਨੂੰ ਸਾਂਝੀਆਂ ਮੀਟਿੰਗਾਂ ਕਰਕੇ ਸਮੂਹ ਅਧਿਆਪਕ ਜੱਥੇਬੰਦੀਆਂ ‘ਤੇ ਆਧਾਰਿਤ ਗਠਿਤ ‘ਅਧਿਆਪਕ ਇਨਸਾਫ਼ ਕਮੇਟੀ’ ਦੇ ਬੈਨਰ ਹੇਠ ਕੈਂਡਲ ਮਾਰਚ ਕੀਤੇ ਜਾਣਗੇ।

ਇਸ ਮੌਕੇ ਸੂਬਾਈ ਅਧਿਆਪਕ ਆਗੂਆਂ ਦਿਗਵਿਜੇ ਪਾਲ ਸ਼ਰਮਾ, ਕੁਲਦੀਪ ਸਿੰਘ ਦੌੜਕਾ, ਵਿਕਰਮ ਦੇਵ ਸਿੰਘ, ਬਲਜਿੰਦਰ ਸਿੰਘ ਧਾਲੀਵਾਲ, ਲਛਮਣ ਸਿੰਘ ਨਬੀਪੁਰ, ਪ੍ਰਗਟਜੀਤ ਕਿਸ਼ਨਪੁਰਾ, ਦੀਪਕ ਕੰਬੋਜ, ਹਰਜੰਟ ਸਿੰਘ ਬੋਡੇ, ਜਸਵਿੰਦਰ ਨਿਹਾਲ ਸਿੰਘ ਵਾਲਾ, ਸੁਰਿੰਦਰ ਕੰਬੋਜ, ਜਸਵਿੰਦਰ ਐਤੀਆਣਾ, ਗੁਰਿੰਦਰ ਜੀਤ ਸਿੱਧੂ, ਸਤਨਾਮ ਸਿੰਘ ਫਗਵਾੜਾ, ਗੁਰਿੰਦਰ ਜੀਤ ਸਿੱਧੂ, ਸੋਹਣ ਸਿੰਘ, ਬਲਿਹਾਰ ਬੱਲੀ, ਇੰਦਰਪਾਲ ਸਿੰਘ ਅਤੇ ਰਾਕੇਸ਼ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਜਥੇਬੰਦੀਆਂ ਵੱਲੋਂ ਸਥਾਨਕ ਪੱਧਰ ‘ਤੇ ਡਿਊਟੀਆਂ ਲਾਉਣ ਦੀ ਵਾਰ ਵਾਰ ਮੰਗ ਕਰਨ ਦੇ ਬਾਵਜੂਦ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਸ਼ਾਸ਼ਨ ਵੱਲੋਂ ਦੂਰ ਦੁਰੇਡੇ ਡਿਊਟੀਆਂ ਲਗਾਈਆਂ ਗਈਆਂ ਜਿਸ ਕਾਰਨ ਧੁੰਦ ਦੇ ਮੌਸਮ ਵਿੱਚ ਅਧਿਆਪਕ ਤੇ ਹੋਰ ਵਿਭਾਗਾਂ ਦੇ ਮੁਲਾਜ਼ਮ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਨ ਜੋਖ਼ਮ ਵਿਚ ਪਾ ਕੇ ਡਿਊਟੀ ਵਾਲੇ ਸਥਾਨ ‘ਤੇ ਪੁੱਜੇ।

ਇਸੇ ਦਿਨ ਜਿੱਥੇ ਮੋਗੇ ਜਿਲ੍ਹੇ ਦੇ ਇਹਨਾਂ ਦੋ ਅਧਿਆਪਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਉੱਥੇ ਚੋਣ ਡਿਊਟੀ ‘ਤੇ ਜਾ ਰਹੀ ਸੰਗਰੂਰ ਜ਼ਿਲ੍ਹੇ ਦੀ ਅਧਿਆਪਕਾ ਰਾਜਵੀਰ ਕੌਰ ਦੇ ਵੀ ਇਸੇ ਤਰ੍ਹਾਂ ਦੀ ਹੋਈ ਦੁਰਘਟਨਾ ਕਾਰਨ ਗੰਭੀਰ ਸੱਟਾਂ ਲੱਗੀਆਂ ਜਿਹਨਾਂ ਦਾ ਹਾਲੇ ਵੀ ਇਲਾਜ਼ ਚੱਲ ਰਿਹਾ ਹੈ।

ਮੀਟਿੰਗ ਦੀ ਸਮਾਪਤੀ ਉਪਰੰਤ ਅਧਿਆਪਕ ਜਥੇਬੰਦੀਆਂ ਦੇ ਸੂਬਾਈ ਵਫ਼ਦ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗਾਂ ਨਾ ਮੰਨਣ ਸੰਬੰਧੀ ਰੋਸ ਦਰਜ ਕਰਵਾਇਆ ਗਿਆ ਅਤੇ 18 ਜਨਵਰੀ ਦੀ ਸੂਬਾਈ ਰੈਲੀ ਅਤੇ ਸਮੁੱਚੇ ਸੰਘਰਸ਼ ਸੰਬੰਧੀ ਨੋਟਿਸ ਦਿੱਤਾ ਗਿਆ।

ਇਸ ਮੌਕੇ ਹਰਦੀਪ ਟੋਡਰਪੂਰ, ਤੇਜਿੰਦਰ ਸਿੰਘ ਸ਼ਾਹ, ਸੁਰਿੰਦਰ ਸਿੰਘ ਸਿੱਧੂ, ਜਤਿੰਦਰ ਸਿੰਘ, ਰਜੀਵ ਬਰਨਾਲਾ, ਬੇਅੰਤ ਸਿੰਘ ਫੁੱਲੇਵਾਲ, ਗੁਰਸ਼ਰਨ, ਗਗਨਦੀਪ ਸਿੰਘ, ਜਸਕਰਨਜੀਤ ਸਿੰਘ, ਬੂਟਾ ਸਿੰਘ, ਰਾਕੇਸ਼ ਗਰਗ, ਸ਼ਲਿੰਦਰ ਕੰਬੋਜ, ਸੁਖਜਿੰਦਰ ਸਿੰਘ, ਸੁਰਿੰਦਰ ਸ਼ਰਮਾ, ਕੁਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਅਮਨਦੀਪ ਸਿੰਘ, ਨਿਰਮਲਜੀਤ ਸਿੰਘ, ਸੁਖਪਾਲਜੀਤ ਸਿੰਘ, ਵੀਰ ਸਿੰਘ, ਹੈਪੀ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਮਾਰਸ਼ਲ, ਗੁਰਬਖ਼ਸ ਸਿੰਘ, ਜਤਿੰਦਰ ਪਾਲ ਸਿੰਘ ਖ਼ੋਸਾ, ਰਿਆਜ਼ ਮੁਹੰਮਦ, ਬਲਜੀਤ ਸਿੰਘ, ਅਸ਼ੋਕ ਕੁਮਾਰ, ਸੁਰਜੀਤ ਸਿੰਘ, ਜਤਿੰਦਰ ਸਿੰਘ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।