Teacher News: ਮੈਰੀਟੋਰੀਅਸ, ਕੰਪਿਊਟਰ ਅਧਿਆਪਕ, ਕੱਚੇ ਅਧਿਆਪਕ ਅਤੇ ਐੱਨ ਐੱਸ ਕਿਉ ਐਫ਼ ਅਧਿਆਪਕਾਂ ਨੂੰ ਤੁਰੰਤ ਪੱਕਾ ਕਰੇ ਸਰਕਾਰ- ਡੀ.ਟੀ.ਐਫ਼.
Punjab Network
Teacher News: ਚੰਡੀਗੜ੍ਹ, 5 ਜਨਵਰੀ 2026- ਭਗਵੰਤ ਮਾਨ ਸਰਕਾਰ ਨੂੰ ਬਣੇ ਚਾਰ ਸਾਲ ਹੋਣ ਵਾਲੇ ਹਨ, ਪਰ ਸਿੱਖਿਆ ਦੇ ਕਾਇਆ ਪਲਟ ਕਰਨ ਵਰਗੇ ਨਾਅਰੇ ਲਾ ਸੱਤਾ ‘ਚ ਆਈ, ਇਸ ਸਰਕਾਰ ਵੱਲੋਂ ਅਧਿਆਪਕਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ।
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਅਧਿਆਪਕਾਂ ਦੀਆਂ ਰੈਲੀਆਂ ‘ਚ ਜਾ ਕੇ ਇਹ ਭਰੋਸੇ ਦਿੱਤੇ ਗਏ ਸਨ ਕਿ ਸਰਕਾਰ ਬਣਨ ਦੇ ਪਹਿਲੇ ਦਿਨ ਸਾਡਾ ਹਰਾ ਪੈੱਨ ਤੁਹਾਡੇ ਹੱਕ ਵਿੱਚ ਚੱਲੇਗਾ। ਇਹ ਭਰੋਸੇ ਨਿਰਾ ਝੂਠ ਨਿਕਲੇ।
ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਨਿੱਤ ਦਿਨ ਸੜਕਾਂ ‘ਤੇ ਰੁਲ ਰਹੇ ਹਨ, ਉਹਨਾਂ ਦੁਆਰਾ ਪੜ੍ਹਾਏ ਗਏ ਵਿਦਿਆਰਥੀ ਅੱਜ ਵੱਡੇ ਵੱਡੇ ਅਹੁਦਿਆਂ ‘ਤੇ ਕੰਮ ਕਰ ਰਹੇ ਹਨ ਪਰ ਠੇਕੇ ਦੀ ਨੌਕਰੀ ਦਾ ਸੰਤਾਪ ਹੰਢਾ ਰਹੇ ਹਨ।
ਇਸੇ ਤਰ੍ਹਾਂ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਨੇ ਅਨੇਕਾਂ ਵਾਰ ਭਰੋਸਾ ਦਿੱਤਾ, ਪਰ ਉਹਨਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ, ਸਿੱਟੇ ਵਜੋਂ ਉਹ ਵੀ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹਨ। ਸਭ ਤੋਂ ਵੱਧ ਚਰਚਾ ‘ਚ ਰਹੇ ਕੱਚੇ ਅਧਿਆਪਕ ਜੋ 20-20 ਸਾਲ ਤੋਂ ਨਿਗੂਣੀ ਤਨਖਾਹ ‘ਤੇ ਕੰਮ ਕਰ ਰਹੇ ਹਨ, ਉਹਨਾਂ ਨਾਲ ਤਾਂ ਬਹੁਤ ਵੱਡਾ ਝੂਠ ਬੋਲਿਆ ਗਿਆ, ਉਹਨਾਂ ਦੇ ਤਨਖਾਹ ਵਾਧੇ ਨੂੰ ਹੀ ਪੱਕਾ ਕਰਨਾ ਦੱਸਿਆ ਗਿਆ ਤੇ ਉਹ ਅੱਜ ਵੀ ਆਪਣੇ ਰੈਗੂਲਰ ਹੋਣ ਲਈ ਸੜਕਾਂ ‘ਤੇ ਹਨ। ਇਸੇ ਤਰ੍ਹਾਂ ਸਕੂਲਾਂ ਵਿੱਚ ਆਊਟ ਸੋਰਸਿੰਗ ‘ਤੇ ਰੱਖੇ ਐੱਨ ਐੱਸ ਕਿਉ ਐਫ਼ ਅਧਿਆਪਕ ਵੀ ਪੱਕੇ ਹੋਣ ਲਈ ਜੱਦੋ ਜਹਿਦ ਕਰ ਰਹੇ ਹਨ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਕਿਹਾ ਕਿ ਇਸੇ ਤਰ੍ਹਾਂ ਅਧਿਆਪਕਾਂ ਦੀਆਂ ਵਿੱਤੀ ਮੰਗਾਂ 16% ਪੈਂਡਿੰਗ ਡੀ ਏ ਜਾਰੀ ਕਰਨਾ, ਪੁਰਾਣੀ ਪੈਨਸ਼ਨ ਲਾਗੂ ਕਰਨਾ, ਪੇ ਕਮਿਸ਼ਨ ਦੇ ਬਕਾਏ ਦੇਣਾ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਕੱਟੇ ਭੱਤੇ ਲਾਗੂ ਕਰਨਾ, 2020 ਵਿੱਚ ਲਾਗੂ ਕੀਤੇ ਸੈਂਟਰ ਸਕੇਲ ਵਾਪਿਸ ਲੈਣਾ ਆਦਿ ਮੰਗਾਂ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ।
ਆਗੂਆਂ ਨੇ ਕਿਹਾ ਕਿ ਇਹ ਸਰਕਾਰ ਮੁਲਾਜ਼ਮਾਂ ਲਈ ਹੁਣ ਤੱਕ ਦੀ ਸਭ ਤੋਂ ਮਾੜੀ ਸਰਕਾਰ ਹੋ ਨਿੱਬੜੀ ਹੈ। ਆਗੂਆਂ ਨੇ ਅਧਿਆਪਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਾਲ ਜਦ ਮੰਤਰੀ, ਐੱਮ ਐੱਲ ਏ ਅਧਿਆਪਕਾਂ ਦੇ ਘਰਾਂ ਵਿੱਚ ਵੋਟਾਂ ਮੰਗਣ ਆਉਣਗੇ ਤਾਂ ਅਧਿਆਪਕ ਉਹਨਾਂ ਤੋਂ ਆਪਣੀਆਂ ਇਹਨਾਂ ਜਾਇਜ਼ ਮੰਗਾਂ ਬਾਰੇ ਸਵਾਲ ਪੁੱਛਣ।
ਆਗੂਆਂ ਨੇ ਕਿਹਾ ਕਿ ਮੁਲਾਜ਼ਮ ਤੇ ਅਧਿਆਪਕ ਇਸ ਸਾਲ ਸਰਕਾਰ ਨਾਲ ਤਿੱਖੀ ਟੱਕਰ ਲੈਣ ਦੇ ਰੌਂਅ ‘ਚ ਹਨ, ਕਿਉਂਕਿ ਮੁਲਾਜ਼ਮ ਸਰਕਾਰ ਦਾ ਅੰਤਿਮ ਸਾਲ ਹੋਣ ਕਰਕੇ ਤਿੱਖਾ ਸੰਘਰਸ਼ ਕਰਨਗੇ।






