Teacher Recruitment Punjab: ਭਗਵੰਤ ਮਾਨ ਸਰਕਾਰ ਦੀ ਖੁੱਲ੍ਹੀ ਪੋਲ! ਅਧਿਆਪਕਾਂ ਦੀ ਸਾਢੇ 4 ਸਾਲਾਂ ‘ਚ ਇੱਕ ਵੀ ਨਹੀਂ ਕੱਢੀ ਨਵੀਂ ਭਰਤੀ!
ਬੇਰੁਜ਼ਗਾਰ ਅਧਿਆਪਕਾਂ ਵੱਲੋਂ ਭਰਤੀਆਂ ਨੂੰ ਲੈ ਕੇ ਸਰਕਾਰ ਦੀ ਚੁੱਪੀ ਖ਼ਿਲਾਫ਼ ਰੋਸ; 3 ਜੂਨ ਨੂੰ ਮੋਹਾਲੀ ਵਿਖੇ ਵੱਡੇ ਸੰਘਰਸ਼ ਦਾ ਐਲਾਨ
ਨਵੇਂ ਬੱਸ ਸਟੈਂਡ ਵਿਖੇ ਇਕੱਠੇ ਹੋਏ ਬੀ.ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ; ਸਰਕਾਰ ‘ਤੇ ਲਾਏ ਲਾਰੇਬਾਜ਼ੀ ਦੇ ਦੋਸ਼
“ਸਟੇਜਾਂ ‘ਤੇ ‘ਹਰੇ ਪੈੱਨ’ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਨੇ ਸਾਢੇ ਚਾਰ ਸਾਲਾਂ ‘ਚ ਮਾਸਟਰ ਕਾਡਰ ਦੀ ਇੱਕ ਵੀ ਭਰਤੀ ਨਹੀਂ ਕੀਤੀ” – ਜਸਵੰਤ ਘੁਬਾਇਆ
55% ਅੰਕਾਂ ਦੀ ਸ਼ਰਤ ਖ਼ਤਮ ਕਰਨ ਅਤੇ ਉਮਰ ਹੱਦ ਵਿੱਚ ਛੋਟ ਦੇਣ ਦੀ ਮੰਗ ਨੂੰ ਲੈ ਕੇ ਵਿੱਢਿਆ ਜਾਵੇਗਾ ਤਿੱਖਾ ਅੰਦੋਲਨ
ਜਲਾਲਾਬਾਦ, 25 ਦਸੰਬਰ 2025:
Teacher Recruitment Punjab: ਬੀ.ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਅੱਜ ਜਲਾਲਾਬਾਦ ਦੇ ਨਵੇਂ ਬੱਸ ਸਟੈਂਡ ਵਿਖੇ ਸਾਥੀਆਂ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾ ਮਾਸਟਰ ਕਾਡਰ ਅਤੇ ਲੈਕਚਰਾਰ ਕਾਡਰ ਦੀਆਂ ਨਵੀਆਂ ਭਰਤੀਆਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਧਾਰੀ ਗਈ ਚੁੱਪੀ ਅਤੇ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰਨਾ ਸੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਵੰਤ ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਬੇਰੁਜ਼ਗਾਰਾਂ ਦੀਆਂ ਜਾਇਜ਼ ਮੰਗਾਂ ਨੂੰ ਰੋਲ ਰਹੀ ਹੈ। ਉਨ੍ਹਾਂ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਸਟੇਜ ਉੱਤੇ “ਹਰੇ ਪੈੱਨ” ਨਾਲ ਤੁਰੰਤ ਫੈਸਲੇ ਲੈਣ ਅਤੇ ਰੁਜ਼ਗਾਰ ਦੇਣ ਦਾ ਵਾਰ-ਵਾਰ ਜ਼ਿਕਰ ਕਰਦੇ ਹਨ, ਪਰ ਬੇਹੱਦ ਸ਼ਰਮ ਦੀ ਗੱਲ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਮਾਸਟਰ ਕਾਡਰ ਤੇ ਲੈਕਚਰਾਰ ਕਾਡਰ ਦੀ ਇੱਕ ਵੀ ਨਵੀਂ ਭਰਤੀ ਲਈ ਉਸ ਹਰੇ ਪੈੱਨ ਦੀ ਵਰਤੋਂ ਨਹੀਂ ਕੀਤੀ ਗਈ।
ਘੁਬਾਇਆ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਲੰਮੇ ਸਮੇਂ ਤੋਂ ਨਵੀਂ ਭਰਤੀ ਦਾ ਕੋਈ ਨਾਂ-ਨਿਸ਼ਾਨ ਨਹੀਂ ਹੈ, ਜਿਸ ਕਾਰਨ ਹਜ਼ਾਰਾਂ ਯੋਗ ਉਮੀਦਵਾਰ ਘਰਾਂ ਵਿੱਚ ਬੈਠੇ ਹਨ। ਉਮਰ ਲੰਘਾ ਰਹੇ ਅਧਿਆਪਕਾਂ ਲਈ ਲਗਾਈ ਗਈ 55 ਫੀਸਦੀ ਅੰਕਾਂ ਦੀ ਮਾਰੂ ਸ਼ਰਤ ਨੂੰ ਖ਼ਤਮ ਕਰਨ ਦੀ ਮੰਗ ਨੂੰ ਸਰਕਾਰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਬੇਰੁਜ਼ਗਾਰਾਂ ਵੱਲੋਂ ਉਮਰ ਹੱਦ ਵਿੱਚ ਬਣਦੀ ਛੋਟ ਦੇਣ ਦੀ ਮੰਗ ‘ਤੇ ਵੀ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
ਮੀਟਿੰਗ ਵਿੱਚ ਹਾਜ਼ਰ ਸਾਥੀਆਂ ਨੇ ਭਾਰੀ ਰੋਸ ਜਤਾਉਂਦਿਆਂ ਕਿਹਾ ਕਿ ਸਰਕਾਰ ਸਿਰਫ਼ ਮੀਟਿੰਗਾਂ ਦੇ ਬਹਾਨੇ ਅਤੇ ਖੋਖਲੇ ਲਾਰੇ ਲਾ ਕੇ ਸਮਾਂ ਟਪਾ ਰਹੀ ਹੈ, ਜਿਸ ਕਾਰਨ ਪੰਜਾਬ ਦੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਵਿੱਚ ਸਰਕਾਰ ਪ੍ਰਤੀ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।
ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਹਰਪ੍ਰੀਤ, ਕੁਲਦੀਪ ਨਿਧਾਨਾ, ਨੱਛਤਰ, ਵੀਨੂੰ, ਭੁਪਿੰਦਰ, ਜੋਤੀ ਅਤੇ ਬਲਵਿੰਦਰ ਸਮੇਤ ਸਮੂਹ ਸਾਥੀਆਂ ਨੇ ਇੱਕਜੁੱਟ ਹੋ ਕੇ ਪ੍ਰਣ ਲਿਆ ਕਿ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ 3 ਜੂਨ 2026 ਨੂੰ ਮੋਹਾਲੀ ਵਿਖੇ ਸੂਬਾ ਪੱਧਰ ‘ਤੇ ਵੱਡੇ ਪੱਧਰ ‘ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਅਤੇ ਗੁਪਤ ਰੂਪ ਵਿੱਚ ਵੱਡੇ ਐਕਸ਼ਨਾਂ ਵੱਲ ਮੋੜਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।






