Teacher Transfers Punjab 2026: ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ
Teacher Transfers Punjab 2026:ਸਕੂਲ ਮੁਖੀਆਂ ਅਤੇ DEOs ਨੂੰ 22 ਮਈ ਤੱਕ ਡਾਟਾ ਵੈਰੀਫਾਈ ਕਰਨ ਦੇ ਦਿੱਤੇ ਨਿਰਦੇਸ਼; ਜਿੱਥੇ ਮੁਖੀ ਨਹੀਂ, ਉੱਥੇ ਸੀਨੀਅਰ ਅਧਿਆਪਕ ਕਰਨਗੇ ਕੰਮ
Punjab Network
ਚੰਡੀਗੜ੍ਹ, 19 ਮਈ 2026: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ ਸਾਲ 2026 ਦੌਰਾਨ ਆਮ ਬਦਲੀਆਂ (Teacher Transfers Punjab 2026) ਨੂੰ ਲੈ ਕੇ ਇੱਕ ਅਹਿਮ ਨੋਟਿਸ ਜਾਰੀ ਕੀਤਾ ਗਿਆ ਹੈ।
ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿ.) ਅਤੇ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਨਾਨ-ਟੀਚਿੰਗ ਸਟਾਫ਼ ਦੀਆਂ ਬਦਲੀਆਂ ਦੀਆਂ ਬੇਨਤੀਆਂ ਨੂੰ ਤਸਦੀਕ (Verify) ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।
ਜਾਰੀ ਕੀਤੇ ਗਏ ਪੱਤਰ ਅਨੁਸਾਰ, ਨੀਤੀ ਦੇ ਦਾਇਰੇ ਵਿੱਚ ਆਉਣ ਵਾਲੇ ਜਿਹੜੇ ਮੁਲਾਜ਼ਮ ਬਦਲੀ ਕਰਵਾਉਣਾ ਚਾਹੁੰਦੇ ਸਨ, ਉਨ੍ਹਾਂ ਪਾਸੋਂ 18 ਮਈ 2026 ਤੱਕ ਈ-ਪੰਜਾਬ ਪੋਰਟਲ (e-Punjab Portal) ‘ਤੇ ਆਨਲਾਈਨ ਬੇਨਤੀਆਂ ਮੰਗੀਆਂ ਗਈਆਂ ਸਨ।
ਹੁਣ ਇਨ੍ਹਾਂ ਬਿਨੈਕਾਰਾਂ ਵੱਲੋਂ ਭਰੇ ਗਏ ਡਾਟੇ (ਜਿਵੇਂ ਕਿ ਜਨਰਲ ਡਿਟੇਲਸ, ਨਤੀਜੇ ਅਤੇ ਸਰਵਿਸ ਰਿਕਾਰਡ) ਦੀ ਵੈਰੀਫਿਕੇਸ਼ਨ ਸਕੂਲ ਮੁਖੀ ਜਾਂ ਡੀ.ਈ.ਓ. (DEO) ਵੱਲੋਂ 19 ਮਈ 2026 ਤੋਂ 22 ਮਈ 2026 ਤੱਕ ਕੀਤੀ ਜਾਣੀ ਲਾਜ਼ਮੀ ਹੈ।
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਰਿਕਾਰਡ ਦੀ ਜਾਂਚ ਦੌਰਾਨ ਡਾਟੇ ਵਿੱਚ ਕੋਈ ਗਲਤੀ ਜਾਂ ਤਰੁਟੀ ਪਾਈ ਜਾਂਦੀ ਹੈ, ਤਾਂ ਸਕੂਲ ਮੁਖੀ ਜਾਂ ਡੀ.ਈ.ਓ. ਉਸ ਨੂੰ ਆਪਣੇ ਪੱਧਰ ‘ਤੇ ਦਰੁਸਤ ਕਰਨ ਤੋਂ ਬਾਅਦ ਹੀ ‘Approve’ ਦਾ ਬਟਨ ਦਬਾਉਣਗੇ।
ਜਿੱਥੇ ਸਕੂਲ ਮੁਖੀ ਨਹੀਂ, ਉੱਥੇ ਸੀਨੀਅਰ ਸਟਾਫ਼ ਨੂੰ ਮਿਲੀ ਜ਼ਿੰਮੇਵਾਰੀ ਪੱਤਰ ਵਿੱਚ ਇਹ ਵੀ ਵਿਸ਼ੇਸ਼ ਤੌਰ ‘ਤੇ ਕਿਹਾ ਗਿਆ ਹੈ ਕਿ ਕਈ ਸਕੂਲਾਂ ਜਾਂ ਦਫ਼ਤਰਾਂ ਵਿੱਚ ਇਸ ਸਮੇਂ ਸਕੂਲ ਮੁਖੀ ਜਾਂ ਡੀ.ਈ.ਓ. ਮੌਜੂਦ ਨਹੀਂ ਹਨ।
ਕਿਉਂਕਿ ਬਦਲੀਆਂ ਦਾ ਇਹ ਕੰਮ ਸਮਾਂਬੱਧ (Time-bound) ਹੈ, ਇਸ ਲਈ ਅਜਿਹੇ ਸਕੂਲਾਂ ਵਿੱਚ ਕੰਮ ਕਰ ਰਹੇ ਸੀਨੀਅਰ ਅਧਿਆਪਕ ਜਾਂ ਕਰਮਚਾਰੀ ਹੀ ਬਦਲੀ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਦੇ ਡਾਟੇ ਨੂੰ ਵੈਰੀਫਾਈ ਕਰਨਾ ਯਕੀਨੀ ਬਣਾਉਣਗੇ।







