ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਧਮਕੀ ਭਰੇ ਪੱਤਰ ਨੂੰ ਫੂਕਿਆ; ਕਿਹਾ- ਐਹੋ ਜਿਹੀ ਤਾਨਾਸ਼ਾਹੀ ਅੱਗੇ ਅਸੀਂ ਝੁਕਣ ਵਾਲੇ ਨਹੀਂ
ਮਾਨਸਾ, 29 ਅਗਸਤ 2026
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਅਤੇ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਅੱਜ ਅੱਜ ਮਾਨਸਾ ਜ਼ਿਲ੍ਹੇ ਦੇ ਸੈਂਕੜੇ ਸਕੂਲਾਂ ਵਿੱਚ ਸਰਕਾਰ ਦੇ ਮੁਲਾਜ਼ਮਾਂ ਨੂੰ ਧਮਕਾਉਣ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆਂ।
27 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਦਿੱਤੀ ਮੀਟਿੰਗ ਤੋਂ ਮੁਕਰਨ ਅਤੇ ਪਰਸੋਨਲ ਵਿਭਾਗ ਵੱਲੋਂ ਸੰਘਰਸ਼ ਕਰ ਰਹੇ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਦੇ ਕੱਢੇ ਪੱਤਰ ਖਿਲਾਫ ਅੱਜ ਮਾਨਸਾ ਜ਼ਿਲ੍ਹੇ ਦੇ ਬਾਜੇਵਾਲਾ, ਸੱਦਾ ਸਿੰਘ ਵਾਲਾ, ਰਾਏਪੁਰ, ਭੰਮੇ ਖੁਰਦ, ਸਮਾਓ, ਮੀਆਂ, ਮਨਬੀਬੜੀਆਂ, ਬੁਰਜ ਰਾਠੀ, ਭੀਖੀ, ਬੋਹਾ, ਫੂਸਮੰਡੀ, ਖੀਵਾ, ਦਾਨੇਵਾਲਾ, ਕੋਟਲੀ ਖੁਰਦ, ਮੱਤੀ, ਮੌਜੋ, ਸਤੀਕੇ, ਝੁਨੀਰ, ਜੌੜਕੀਆਂ, ਲਾਲਿਆਵਾਲੀ, ਸ਼ੇਰਖਾਂ, ਗਾਂਧੀ ਨਗਰ, ਦਲੇਲਵਾਲਾ, ਗੁਰਨੇ ਕਲਾਂ, ਭਾਦੜਾ, ਕਣਕਵਾਲ ਚਹਿਲਾਂ, ਗੁਰਨੇ ਖੁਰਦ, ਹਸਨਪੁਰ, ਗੁੜਦੀ, ਕਾਸਿਮਪੁਰ ਛੀਨਾ, ਅਤਲਾ ਕਲਾਂ, ਖੋਖਰ ਕਲਾਂ, ਮੀਰਪੁਰ ਕਲਾਂ, ਜੱਟਾਣਾ ਕਲਾਂ, ਬੀਰੋਕੇ ਕਲਾਂ, ਕੋਟੜਾ ਕਲਾਂ, ਫਫੜੇ ਭਾਈਕੇ, ਭੰਮੇ ਕਲਾਂ, ਮੱਲ ਸਿੰਘ ਵਾਲਾ, ਢਾਣੀ ਫੂਸ ਮੰਡੀ, ਅਹਲੂਪੁਰ, ਝੰਡੂਕੇ, ਖ਼ੈਰਾ, ਲੋਹਗੜ, ਅਲੀਸ਼ੇਰ ਖੁਰਦ, ਸਰਦੂਲੇਵਾਲਾ ਅਤੇ ਦੂਲੋਵਾਲ ਸਮੇਤ ਸੈਂਕੜੇ ਸਕੂਲਾਂ ਦੇ ਸਟਾਫ ਨੇ ਇਕੱਠੇ ਹੋਕੇ ਧਮਕੀ ਭਰੇ ਪੱਤਰ ਦੀਆਂ ਕਾਪੀਆਂ ਸਾੜੀਆਂ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਕਰਮਜੀਤ ਤਾਮਕੋਟ, ਅਮੋਲਕ ਡੇਲੂਆਣਾ, ਨਰਿੰਦਰ ਮਾਖਾ, ਦਰਸ਼ਨ ਅਲੀਸ਼ੇਰ, ਗੁਰਜੀਤ ਸਿੰਘ ਲਾਲਿਆਵਾਲੀ,ਅਤੇ ਜੋਗਿੰਦਰ ਵਰ੍ਹੇ ਨੇ ਕਿਹਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਰੈਲੀ ਤੋਂ ਬਾਅਦ ਮੁੱਖ ਮੰਤਰੀ ਨੇ 27 ਅਗਸਤ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ, ਪਰ ਕੱਲ ਮੀਟਿੰਗ ਦੇ ਹੋਣ ਦੇ ਸਮੇਂ ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਮੀਟਿੰਗ ਤੋਂ ਮਨ੍ਹਾ ਕਰ ਦਿੱਤਾ ਕਿ ਹੜਤਾਲ ਅਤੇ ਮੀਟਿੰਗ ਨਾਲ-ਨਾਲ ਨਹੀਂ ਚੱਲ ਸਕਦੀਆਂ।
ਇਥੇ ਹੀ ਬੱਸ ਨਹੀਂ ਪਰਸੋਨਲ ਵਿਭਾਗ ਨੇ ਇੱਕ ਪੱਤਰ ਕੱਢ ਕੇ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਧਮਕੀ ਵੀ ਦਿੱਤੀ। ਜਿਸ ਤੋਂ ਗੁੱਸੇ ਵਿੱਚ ਆਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਾਂਝੀ ਤਾਲਮੇਲ ਕਮੇਟੀ ਵੱਲੋ 28 ਅਗਸਤ ਨੂੰ ਜਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ਮੁੱਖ ਮੰਤਰੀ ਦੀ ਅਰਥੀ ਸਾੜਨ ਅਤੇ 29 ਅਗਸਤ ਨੂੰ ਸਕੂਲਾਂ ਵਿੱਚ ਉਕਤ ਧਮਕੀ ਭਰੇ ਪੱਤਰ ਨੂੰ ਸਾੜਨ ਦਾ ਸੱਦਾ ਦਿੱਤਾ ਸੀ।
ਅਧਿਆਪਕ ਆਗੂਆਂ ਜਸਵੀਰ ਸਿੰਘ ਖਾਲਸਾ, ਗੁਰਦਾਸ ਬਾਜੇਵਾਲਾ, ਹਰਜਿੰਦਰ ਅਨੂਪਗੜ, ਹੰਸਾ ਸਿੰਘ ਡੇਲੂਆਣਾ, ਬੇਅੰਤ ਸਿੰਘ ਰੜ ਨੇ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਬਕਾਇਆ 18% ਡੀ.ਏ. ਜਾਰੀ ਕਰਨ, ਪੰਜਾਬ ਦਾ ਪੁਰਾਣਾ ਤਨਖਾਹ ਸਕੇਲ ਬਹਾਲ ਕਰਨ, 37 ਭੱਤੇ ਬਹਾਲ ਕਰਨ, ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਏ.ਸੀ.ਪੀ. ਸਕੀਮ ਲਾਗੂ ਕਰਨ ਸਮੇਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੋਰ ਹੱਕੀ ਮੰਗਾਂ ਲਾਗੂ ਨਹੀਂ ਕੀਤੀਆਂ ਜਾਣਗੀਆਂ ਤਾਂ ਹੜਤਾਲਾਂ ਅਤੇ ਧਰਨੇ ਤਾਂ ਚਲਦੇ ਹੀ ਰਹਿਣਗੇ।
ਅਧਿਆਪਕ ਆਗੂਆਂ ਸੁਖਬੀਰ ਸਿੰਘ, ਮਨਮੋਹਨ ਸਿੰਘ, ਲਖਵਿੰਦਰ ਮਾਨ,ਸਤੀਸ਼ ਕੁਮਾਰ,ਗੁਰਜੀਤ ਰੜ,ਰਾਜਵਿੰਦਰ ਬੈਹਣੀਵਾਲ ਅਤੇ ਨਵੀਨ ਬੋਹਾ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਪੰਜਾਬ ਸਰਕਾਰ ਵੱਲੋਂ ਕੱਢੇ ਇਸ ਧਮਕੀ ਭਰੇ ਪੱਤਰ ਤੋਂ ਡਰਨ ਵਾਲੇ ਨਹੀਂ, ਉਹ ਆਪਣੀਆਂ ਮੰਗਾਂ ਲਾਗੂ ਹੋਣ ਤੱਕ ਕਿਸੇ ਕੀਮਤ ‘ਤੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ|
ਅਧਿਆਪਕ ਆਗੂਆ ਗੁਰਲਾਲ ਗੁਰਨੇ, ਹਰਫ਼ੂਲ ਬੋਹਾ, ਜਗਜੀਵਨ ਆਲੀਕੇ, ਭੁਪਿੰਦਰ ਬੋਹਾ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਉਨ੍ਹਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿੱਚ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਪਾਜ਼ ਉਧੇੜਨ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਹੰਕਾਰ ਤੋੜਨ ਲਈ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਸਾਂਝੀ ਤਾਲਮੇਲ ਕਮੇਟੀ ਵੱਲੋਂ 30 ਅਗਸਤ ਨੂੰ ਸੂਬਾ ਪੱਧਰੀ ਮੀਟਿੰਗ ਸੱਦ ਲਈ ਹੈ। ਜਿਸ ਵਿੱਚ ਅਗਲੇ ਸਖ਼ਤ ਐਕਸ਼ਨ ਦਿੱਤੇ ਜਾਣਗੇ। ਆਗੂਆਂ ਨੇ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਹੋਰ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮਾਂ ਦੇ ਇਸ ਸੰਘਰਸ਼ ਵਿੱਚ ਮੁਲਾਜ਼ਮਾਂ ਦਾ ਸਾਥ ਦੇਣ।
ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਹਰਵਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ, ਕਰਨਪਾਲ ਸਿੰਘ ਕੁਲਦੀਪ ਅੱਕਾਵਾਲੀ,ਅਮਨਦੀਪ ਕੌਰ, ਖੁਸਵਿੰਦਰ ਕੌਰ, ਗੁਰਵਿੰਦਰ ਕੌਰ, ਅਮਰਪ੍ਰੀਤ ਕੌਰ, ਵੀਰਪਾਲ ਕੌਰ, ਮਨਦੀਪ ਸਿੰਘ, ਸਿਕੰਦਰ ਸਿੰਘ,ਸੁਖਵੰਤ ਸਮਾਓ ਆਗੂ ਵੀ ਕਾਪੀਆਂ ਸਾੜਨ ਸਮੇਂ ਹਾਜ਼ਰ ਸਨ।
















