ਗੈਰ ਵਿੱਦਿਅਕ ਡਿਊਟੀਆਂ ਤੋਂ ਅੱਕੇ ਅਧਿਆਪਕਾਂ ਵੱਲੋਂ DC ਦਫ਼ਤਰ ਦਾ ਘਿਰਾਓ

On: ਜੂਨ 15, 2026 8:35 ਬਾਃ ਦੁਃ

 

ਗੈਰ ਵਿੱਦਿਅਕ ਡਿਊਟੀਆਂ ਤੋਂ ਅੱਕੇ ਅਧਿਆਪਕਾਂ ਵੱਲੋਂ ਡੀ.ਸੀ. ਦਫ਼ਤਰ ਦਾ ਘਿਰਾਓ

ਡਰੱਗ ਅਤੇ ਆਰਥਿਕ ਗਣਨਾ ਵਿੱਚ ਅਧਿਆਪਕਾਂ ਦੀਆਂ ਦੂਹਰੀਆਂ ਡਿਊਟੀਆਂ ਲਗਾਉਣ ਦਾ ਵਿਰੋਧ…

ਅੰਮ੍ਰਿਤਸਰ, 15 ਜੂਨ 2026- ਕੇਂਦਰ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਨਗਣਨਾ-2027 ਦੇ ਨਾਲ ਨਾਲ ਸਿੱਖਿਆ ਕ੍ਰਾਂਤੀ ਦੇ ਖੋਖਲੇ ਦਾਅਵੇ ਕਰ ਰਹੀ ਪੰਜਾਬ ਸਰਕਾਰ ਵੱਲੋਂ ਡਰੱਗ ਅਤੇ ਸਮਾਜਿਕ-ਆਰਥਿਕ ਜਨਗਣਨਾ ਵਿੱਚ ਅਧਿਆਪਕਾਂ ਦੀਆਂ ਥੋਕ ਡਿਊਟੀਆਂ ਲਗਾਉਣ ਵਿਰੁੱਧ ਸਾਂਝਾ ਅਧਿਆਪਕ ਮੋਰਚਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਸਕੂਲ ਲੈਕਚਰਾਰ ਯੂਨੀਅਨ, ਮਾਸਟਰ ਕਾਡਰ ਯੂਨੀਅਨ ਅਤੇ ਏਡਿਡ ਸਕੂਲ ਸਟਾਫ ਯੂਨੀਅਨ ਵੱਲੋਂ ਡੀ.ਸੀ. ਦਫ਼ਤਰ ਅੰਮ੍ਰਿਤਸਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗ਼ੈਰ ਵਿੱਦਿਅਕ ਅਤੇ ਡਬਲ ਡਿਊਟੀਆਂ ਤੋਂ ਪੀੜਤ ਜ਼ਿਲ੍ਹੇ ਭਰ ਦੇ ਸੈਂਕੜੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਜਿਸ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਖ਼ਿਲਾਫ ਨਾਅਰੇਬਾਜ਼ੀ ਕੀਤੀ ਗਈ।

ਧਰਨੇ ਨੂੰ ਸੰਬੋਧਨ ਕਰਦਿਆਂ ਜਰਮਨਜੀਤ ਸਿੰਘ, ਹਰਵਿੰਦਰ ਸਿੰਘ ਸੁਲਤਾਨਵਿੰਡ, ਅਸ਼ਵਨੀ ਅਵਸਥੀ, ਅਮਨ ਸ਼ਰਮਾਂ, ਸੰਤ ਸੇਵਕ ਸਿੰਘ ਸਰਕਾਰੀਆ, ਮੰਗਲ ਸਿੰਘ ਟਾਂਡਾ, ਪ੍ਰਭਜਿੰਦਰ ਸਿੰਘ, ਜਸਵਿੰਦਰ ਸਿੰਘ (ਏਡਿਡ ਸਕੂਲ) ਅਤੇ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਸਰਕਾਰੀ ਅਧਿਆਪਕ ਪਿਛਲੇ ਦੋ ਮਹੀਨਿਆਂ ਤੋਂ ਵੱਖ ਵੱਖ ਤਰ੍ਹਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਵਿੱਚ ਧੱਕੇ ਹੋਏ ਹਨ ਜਿਸ ਕਾਰਨ ਸਕੂਲਾਂ ਦੇ ਲੱਖਾਂ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਹਨਾ ਨੇ ਕਿਹਾ ਕਿ ਇੱਕ ਪਾਸੇ ਅਧਿਆਪਕਾਂ ਕੋਲੋਂ ਬੀ.ਐੱਲ.ਓ. ਅਤੇ ਐਸ.ਆਈ. ਆਰ. ਦਾ ਕੰਮ ਲਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਹਜ਼ਾਰਾਂ ਅਧਿਆਪਕਾਂ ਨੂੰ ਜਨਗਣਨਾ 2027 ਵਿੱਚ ਝੋਕਿਆ ਹੋਇਆ ਹੈ ਅਤੇ ਤੀਸਰੇ ਪਾਸੇ ਇਹਨਾ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਡਰੱਗ ਅਤੇ ਆਰਥਿਕ ਗਣਨਾ ਵਿੱਚ ਜਬਰੀ ਧੱਕਿਆ ਜਾ ਰਿਹਾ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਡਰੱਗ ਸੈਂਸੇਜ਼ ਦੀ ਡਿਊਟੀ ਨੂੰ ਪੂਰੀ ਤਰ੍ਹਾਂ ਇੱਛਾ ਅਧਾਰਿਤ ਡਿਊਟੀ ਦੱਸਿਆ ਜਾ ਰਿਹਾ ਹੈ।

ਅਧਿਆਪਕ ਆਗੂਆਂ ਨੇ ਕਿਹਾ ਕਿ ਡਿਊਟੀਆਂ ਲਗਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੱਖਪਾਤੀ ਰਵੱਈਆ ਅਪਣਾਇਆ ਜਾਂਦਾ ਹੈ ਅਤੇ ਜਿਹੜੇ ਅਧਿਆਪਕ ਇੱਕ ਡਿਊਟੀ ਕਰ ਲੈਂਦੇ ਹਨ, ਦੂਸਰੀ ਵਾਰ ਵੀ ਉਹਨਾ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਜਦਕਿ ਕੁਝ ਕਰਮਚਾਰੀਆਂ ਦੀ ਕਦੇ ਵੀ ਕੋਈ ਡਿਊਟੀ ਨਹੀਂ ਲਗਾਈ ਜਾਂਦੀ। ਧਰਨੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਅਧਿਆਪਕ ਆਗੂਆਂ ਨਾਲ ਗੱਲਬਾਤ ਕਰਨ ਲਈ ਭੇਜੇ ਗਏ ਐਡੀਸ਼ਨਲ ਡਿਪਟੀ ਕਮਿਸ਼ਨਰ (ਅਰਬਨ ਡਿਵੈਲਪਮੈਂਟ) ਸ੍ਰੀ ਰੁਪਿੰਦਰ ਪਾਲ ਸਿੰਘ ਵੱਲੋਂ ਅਧਿਆਪਕ ਆਗੂਆਂ ਨਾਲ ਮੀਟਿੰਗ ਕਰਕੇ ਕੁਝ ਫੈਸਲੇ ਮੌਕੇ ‘ਤੇ ਹੀ ਕੀਤੇ ਗਏ।

ਜਿਵੇਂ ਕਿ ਡਰੱਗ ਸੈਂਸੇਜ਼ ਵਿੱਚ 135 ਅਧਿਆਪਕਾਂ ਦੀਆਂ ਰੋਕੀਆਂ ਗਈਆਂ ਤਨਖ਼ਾਹਾਂ ਤੁਰੰਤ ਰਿਲੀਜ਼ ਕੀਤੀਆਂ ਜਾਣਗੀਆਂ, ਇਸੇ ਤਰ੍ਹਾਂ ਬੀ.ਐੱਲ.ਓਜ., ਕਰੋਨਿਕ ਬੀਮਾਰੀਆਂ ਤੋਂ ਪੀੜ੍ਹਤ ਅਧਿਆਪਕਾਂ, ਹੈਂਡੀਕੈਪ ਅਧਿਆਪਕਾਂ, ਗਰਭਵਤੀ ਅਧਿਆਪਕਾਵਾਂ ਅਤੇ ਛੋਟੇ ਬੱਚਿਆਂ ਵਾਲੀਆਂ ਅਧਿਆਪਕਾਵਾਂ ਨੂੰ ਡਰੱਗ ਸੈਂਸੇਜ਼ ਸਮੇਤ ਹਰੇਕ ਤਰ੍ਹਾਂ ਦੀ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ, ਜਿਹੜੇ ਅਧਿਆਪਕਾਂ ਨੇ 15 ਮਈ ਤੋਂ 13 ਜੂਨ ਤੱਕ ਮਰਦਮਸ਼ੁਮਾਰੀ 2027 ਦੇ ਪਹਿਲੇ ਪੜਾਅ ਦੀ ਡਿਊਟੀ ਮੁਕੰਮਲ ਕਰ ਲਈ ਹੈ ਉਹਨਾ ਨੂੰ ਡਰੱਗ ਸੈਂਸੇਜ਼ ਡਿਊਟੀ ਵਿੱਚ ਨਹੀਂ ਲਗਾਇਆ ਜਾਵੇਗਾ ਅਤੇ ਅਨੁਪਾਤਕ ਅਧਾਰ ‘ਤੇ ਬਾਕੀ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ।

ਇਸ ਤੋਂ ਬਾਅਦ ਏ.ਡੀ.ਸੀ. ਰੁਪਿੰਦਰ ਪਾਲ ਸਿੰਘ ਨੇ ਧਰਨੇ ਵਿੱਚ ਪਹੁੰਚ ਕੇ ਅਧਿਆਪਕਾਂ ਦੀਆਂ ਡਿਊਟੀ ਸਬੰਧੀ ਮੁਸ਼ਕਲਾਂ ਨੂੰ ਪ੍ਰਸ਼ਾਸ਼ਨ ਵੱਲੋਂ ਹੱਲ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।

ਇਸ ਮੌਕੇ ਚਰਨਜੀਤ ਸਿੰਘ ਰਜਧਾਨ, ਗੁਰਬਿੰਦਰ ਸਿੰਘ ਖਹਿਰਾ, ਹਰਪ੍ਰੀਤ ਸਿੰਘ ਸੋਹੀਆਂ, ਭੁਪਿੰਦਰ ਸਿੰਘ ਵਡਾਲੀ ਕਲਾਂ, ਅਜੈ ਚੌਹਾਨ, ਹੀਰਾ ਸਿੰਘ ਭੱਟੀ, ਹਰਮਨਦੀਪ ਸਿੰਘ ਭੰਗਾਲੀ, ਅਮਰੀਕ ਸਿੰਘ, ਨਵਤੇਜ ਸਿੰਘ ਜੱਬੋਵਾਲ, ਹਰਪ੍ਰੀਤ ਸਿੰਘ ਨਿਰੰਜਣਪੁਰ, ਸਤਿੰਦਰ ਸਿੰਘ ਬਾਠ, ਨਵਦੀਪ ਸਿੰਘ ਮੁੱਛਲ, ਮਨਦੀਪ ਕੌਰ ਅਤੇ ਡਾ. ਜਗਨੂਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਅਧਿਆਪਕਾਵਾਂ ਮੌਜੂਦ ਸਨ।

 

Join WhatsApp

Join Now

Leave a Comment