ਅਧਿਆਪਕਾਂ ਵੱਲੋਂ TET ਵਿਰੁੱਧ ਆਰ-ਪਾਰ ਲੜਾਈ; ਚੰਡੀਗੜ੍ਹ ਦੀਆਂ ਸੜਕਾਂ ‘ਤੇ ‘ਜੰਗ’ ਵਰਗੇ ਹਾਲਾਤ
ਮੁਲਾਜ਼ਮਾਂ ਦਾ ਐਲਾਨ: ਸਾਨੂੰ ਸੱਤਾ ਵਿੱਚ ਲਿਆਉਣਾ ਆਉਂਦਾ ਹੈ ਤਾਂ ਕੁਰਸੀ ਤੋਂ ਲਾਹੁਣਾ ਵੀ ਆਉਂਦਾ ਹੈ
TET (ਟੈੱਟ) ਦੀ ਸ਼ਰਤ ਖ਼ਿਲਾਫ਼ ਵਿਧਾਨ ਸਭਾ ਵੱਲ ਵਧ ਰਹੇ ਅਧਿਆਪਕ ਕਾਫ਼ਲੇ ‘ਤੇ ਪੁਲਿਸ ਦਾ ਵਹਿਸ਼ੀਆਨਾ ਜਬਰ
ਚੰਡੀਗੜ੍ਹ 13 ਮਾਰਚ 2026-
ਪੰਜਾਬ ਦੇ ਅਧਿਆਪਕਾਂ ਲਈ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਕਿਸੇ ‘ਬਗਾਨੇ ਦੇਸ਼’ ਵਰਗੀ ਜਾਪੀ। ਆਪਣੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ‘ਤੇ ਚੰਡੀਗੜ੍ਹ ਪੁਲਿਸ ਨੇ ਇੱਕ ਵਾਰ ਫਿਰ ਅੰਨ੍ਹਾ ਤਸ਼ੱਦਦ ਢਾਹਿਆ।
ਚੰਡੀਗੜ੍ਹ ਦੇ ਸੈਕਟਰ 25 ਤੋਂ ਵਿਧਾਨ ਸਭਾ ਵੱਲ ਕੂਚ ਕਰ ਰਹੇ ਅਧਿਆਪਕਾਂ ਨੂੰ ਰੋਕਣ ਲਈ ਪੁਲਿਸ ਨੇ ਜਲ ਤੋਪਾਂ (Water Cannons) ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ, ਜਿਸ ਕਾਰਨ ਕਈ ਅਧਿਆਪਕ ਜ਼ਖ਼ਮੀ ਹੋ ਗਏ।
ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਇਹ ਰੋਸ ਪ੍ਰਦਰਸ਼ਨ ਪਹਿਲਾਂ ਤੋਂ ਨੌਕਰੀ ਕਰ ਰਹੇ ਅਧਿਆਪਕਾਂ ‘ਤੇ ਟੈੱਟ (TET) ਪਾਸ ਕਰਨ ਦੀ ਜਬਰੀ ਸ਼ਰਤ ਥੋਪਣ ਵਿਰੁੱਧ ਕੀਤਾ ਜਾ ਰਿਹਾ ਸੀ। ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਸਾਰੀਆਂ ਯੋਗਤਾਵਾਂ ਪੂਰੀਆਂ ਕਰਕੇ ਸੇਵਾ ਵਿੱਚ ਆਏ ਹਨ, ਤਾਂ ਹੁਣ ਉਨ੍ਹਾਂ ਨੂੰ ਦੁਬਾਰਾ ਪ੍ਰੀਖਿਆਵਾਂ ਦੀ ਦਲਦਲ ਵਿੱਚ ਧੱਕਣਾ ਸਰਾਸਰ ਨਾਇਨਸਾਫ਼ੀ ਹੈ।
ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਹਮਲੇ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਅਧਿਆਪਕਾਂ ‘ਤੇ ਕੀਤੇ ਗਏ ਇਸ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜਥੇਬੰਦੀ ਦੇ ਆਗੂਆਂ ਨੇ ਕਿਹਾ, ਇੱਕ ਹਫ਼ਤੇ ਵਿੱਚ ਦੂਜੀ ਵਾਰ ਹੋਏ ਇਸ ਹਮਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਦੀ ‘ਆਪ’ ਸਰਕਾਰ ਦੇ ‘ਲੋਕ ਪੱਖੀ’ ਹੋਣ ਦੇ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ ਹੈ।
ਜਿਨ੍ਹਾਂ ਮੁਲਾਜ਼ਮਾਂ ਨੇ ਇਸ ਸਰਕਾਰ ਨੂੰ ਸੱਤਾ ਤੱਕ ਪਹੁੰਚਾਇਆ ਸੀ, ਸਰਕਾਰ ਉਨ੍ਹਾਂ ਦੇ ਹੀ ਖ਼ਿਲਾਫ਼ ਡਾਂਗਾਂ ਵਰ੍ਹਾ ਰਹੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਮੁਲਾਜ਼ਮ ਲਹਿਰ ਇਸ ‘ਸੱਤਾ ਦੇ ਗ਼ਰੂਰ’ ਨੂੰ ਤੋੜਨਾ ਚੰਗੀ ਤਰ੍ਹਾਂ ਜਾਣਦੀ ਹੈ।
ਪੁਲਿਸ ਬਲ ਨਾਲ ਸੜਕਾਂ ‘ਤੇ ਦਾਖ਼ਲੇ ਨੂੰ ਤਾਂ ਰੋਕਿਆ ਜਾ ਸਕਦਾ ਹੈ, ਪਰ ਪੰਜਾਬ ਦੇ ਲੋਕਾਂ ਅਤੇ ਅਧਿਆਪਕਾਂ ਦੇ ਲੜਨ ਦੇ ਜਜ਼ਬੇ ਨੂੰ ਨਹੀਂ ਦਬਾਇਆ ਜਾ ਸਕਦਾ। ਅਧਿਆਪਕ ਜਥੇਬੰਦੀਆਂ ਨੇ ਕਿਹਾ ਕਿ “ਇਨਕਲਾਬ ਕਿਰਦਾਰ ਨਾਅਰਿਆਂ ਨਾਲ਼ ਨਹੀਂ, ਅਮਲਾਂ ਨਾਲ਼ ਸਿੱਧ ਹੁੰਦਾ ਹੈ।”
ਮਾਨ ਸਰਕਾਰ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕਾਂ ਨੂੰ ‘ਰਾਸ਼ਟਰ ਨਿਰਮਾਤਾ’ ਕਿਹਾ ਜਾਂਦਾ ਹੈ, ਉਨ੍ਹਾਂ ਨੂੰ ਸੜਕਾਂ ‘ਤੇ ਰੋਲਣਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮ ਦੀ ਗੱਲ ਹੈ। ਅਧਿਆਪਕਾਂ ਨੇ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਟੈੱਟ ਦੀ ਸ਼ਰਤ ਵਾਪਸ ਨਹੀਂ ਲਈ ਜਾਂਦੀ ਅਤੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੁੰਦੀ, ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ।






