ਮੀਟਿੰਗਾਂ ਦੇ ਕੇ ਮੁੱਕਰਨ ’ਤੇ ‘ਆਪ’ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦੇ ਰੌਂਅ ’ਚ ਅਧਿਆਪਕ
ਵਿਧਾਇਕਾਂ ਤੇ ਡੀ.ਸੀਜ਼ ਨੂੰ ਖੂਨ ਨਾਲ ਲਿਖੇ ਮੰਗ ਪੱਤਰ ਸੌਂਪਣਗੇ ਅਧਿਆਪਕ; ਪਿੰਡਾਂ ’ਚ ਮੁੱਖ ਮੰਤਰੀ ਤੇ ਮੰਤਰੀਆਂ ਦੇ ਘਿਰਾਓ ਦਾ ਐਲਾਨ
ਜਲੰਧਰ , 12 ਅਕਤੂਬਰ 2026- ਪੰਜਾਬ ਸਰਕਾਰ ਵੱਲੋਂ ਮੀਟਿੰਗਾਂ ਦਾ ਸਮਾਂ ਦੇ ਕੇ ਪਿੱਛੇ ਹਟਣ ਦੇ ਮਾਮਲੇ ਨੂੰ ਲੈ ਕੇ ਆਈ.ਈ.ਏ.ਟੀ. ਸਪੈਸ਼ਲ ਬੀ.ਐੱਡ. ਤੇ ਟੈੱਟ ਪਾਸ ਐਜੂਕੇਸ਼ਨ ਯੂਨੀਅਨ ਪੰਜਾਬ ਨੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਜਲੰਧਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਸਰਕਾਰ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਮੀਟਿੰਗਾਂ ਦੇ ਭਰੋਸਿਆਂ ਦੇ ਬਾਵਜੂਦ ਮੰਗਾਂ ਦਾ ਹੱਲ ਨਾ ਨਿਕਲਣਾ ਅਧਿਆਪਕਾਂ ਦੇ ਰੋਸ ਨੂੰ ਹੋਰ ਵਧਾ ਰਿਹਾ ਹੈ। ਇੱਥੇ ਗੱਲਬਾਤ ਕਰਦਿਆਂ ਰਾਕੇਸ਼ ਕੁਮਾਰ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਆਈ.ਈ.ਏ.ਟੀ. ਸਪੈਸ਼ਲ ਬੀ.ਐੱਡ. ਤੇ ਟੈੱਟ ਪਾਸ ਅਧਿਆਪਕ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਮਸਲੇ ਦੇ ਹੱਲ ਲਈ ਕੋਈ ਠੋਸ ਫ਼ੈਸਲਾ ਨਾ ਲਏ ਜਾਣ ਕਾਰਨ ਜਥੇਬੰਦੀ ਵਿੱਚ ਰੋਸ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੀਟਿੰਗਾਂ ਦੇ ਭਰੋਸੇ ਦੇ ਕੇ ਮਾਮਲੇ ਨੂੰ ਲਟਕਾਉਣ ਦੀ ਨੀਤੀ ਨਾਲ ਅਧਿਆਪਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਪ੍ਰਧਾਨ ਰਾਕੇਸ਼ ਕੁਮਾਰ ਨੇ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਖੂਨ ਨਾਲ ਲਿਖੇ ਮੰਗ ਪੱਤਰ ਸੌਂਪੇ ਜਾਣਗੇ। ਇਸ ਦੇ ਨਾਲ ਹੀ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਪਿੰਡਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਘਿਰਾਓ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾਵੇਗਾ।
ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼
ਜਥੇਬੰਦੀ ਦੇ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਈ.ਈ.ਏ.ਟੀ. ਸਪੈਸ਼ਲ ਬੀ.ਐੱਡ. ਪਾਸ ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਅਧਿਆਪਕ ਹੁਣ ਸਿਰਫ਼ ਮੀਟਿੰਗਾਂ ਦੇ ਭਰੋਸਿਆਂ ਦੀ ਬਜਾਏ ਠੋਸ ਫ਼ੈਸਲੇ ਚਾਹੁੰਦੇ ਹਨ। ਗੋਗੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਕੋਈ ਹੱਲ ਨਾ ਕੱਢਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਹੋਵੇਗਾ ਅਤੇ ਇਸ ਦਾ ਸਿਆਸੀ ਅਸਰ ਵੀ ਪੈ ਸਕਦਾ ਹੈ।






















