School Timing Changed: ਸਕੂਲਾਂ ਦੇ ਬਦਲੇ ਸਮੇਂ ਨੂੰ ਲੈ ਕੇ ਅਧਿਆਪਕਾਂ ਨੇ ਚੁੱਕੇ ਸਵਾਲ: ਸਰਦੀਆਂ ‘ਚ ਅਣਚਾਹੇ 20 ਮਿੰਟ ਵਧਾਉਣ ‘ਤੇ ਜਤਾਇਆ ਰੋਸ, ਸਿੱਖਿਆ ਵਿਭਾਗ ਤੋਂ ਕੀਤੀ ਸੁਧਾਰ ਦੀ ਮੰਗ
ਬਰੇਕ ਅਤੇ ਮੋਰਨਿੰਗ ਅਸੈਂਬਲੀ ‘ਚ ਸਮਾਂ ਖਪਾਉਣ ਦੀ ਨੀਤੀ ‘ਤੇ ਉੱਠੇ ਸਵਾਲ; ਦੂਰ-ਦੁਰਾਡੇ ਜਾਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਲਾਂ
ਸਰਦੀਆਂ ਵਿੱਚ ਦਿਨ ਛੋਟੇ, ਪਰ ਸਕੂਲ ਦਾ ਸਮਾਂ ਵੱਡਾ; ਅਧਿਆਪਕਾਂ ਨੇ ਕਿਹਾ- ਸਿੱਖਿਆ ਵਿਭਾਗ ਕਈ ਸਾਲਾਂ ਤੋਂ ਬਿਨਾਂ ਸੋਚੇ-ਸਮਝੇ ਚਲਾ ਰਿਹਾ ਹੈ ਪੁਰਾਣਾ ਢਾਂਚਾ
ਚੰਡੀਗੜ੍ਹ, 3 ਅਕਤੂਬਰ 2026- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਦੌਰਾਨ ਬਦਲੇ ਗਏ ਸਮੇਂ (School Timing Changed) ਨੂੰ ਲੈ ਕੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਅਤੇ ਅਸੰਤੁਸ਼ਟੀ ਦੇਖਣ ਨੂੰ ਮਿਲ ਰਹੀ ਹੈ। ਅਧਿਆਪਕਾਂ ਨੇ ਸਿੱਖਿਆ ਵਿਭਾਗ ਵੱਲੋਂ ਤੈਅ ਕੀਤੇ ਗਏ ਸਮੇਂ ਦੀ ਸਾਰਣੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਾਇਆ ਹੈ ਕਿ ਵਿਭਾਗ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਠੋਸ ਯੋਜਨਾ ਜਾਂ ਵਿਗਿਆਨਕ ਆਧਾਰ ਦੇ ਪੁਰਾਣੇ ਅਤੇ ਗ਼ਲਤ ਢਾਂਚੇ ਨੂੰ ਹੀ ਜਿਉਂ ਦਾ ਤਿਉਂ ਲਾਗੂ ਕਰਦਾ ਆ ਰਿਹਾ ਹੈ, ਜਿਸ ਨਾਲ ਹਰ ਸਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ- BREAKING- ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ, ਪੜ੍ਹੋ ਪੂਰੀ ਖ਼ਬਰ
ਅਧਿਆਪਕਾਂ ਦਾ ਕਹਿਣਾ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਦਿਨ ਛੋਟੇ ਹੁੰਦੇ ਹਨ ਅਤੇ ਰਾਤਾਂ ਵੱਡੀਆਂ ਹੁੰਦੀਆਂ ਹਨ, ਜਿਸ ਕਾਰਨ ਮੌਸਮ ਅਨੁਸਾਰ ਸਕੂਲਾਂ ਦੀ ਛੁੱਟੀ ਦਾ ਸਮਾਂ ਜਲਦੀ ਕਰਨ ਦੀ ਲੋੜ ਹੁੰਦੀ ਹੈ। ਪ੍ਰੰਤੂ ਇਸ ਦੇ ਉਲਟ, ਸਿੱਖਿਆ ਵਿਭਾਗ ਵੱਲੋਂ ਸਰਦੀਆਂ ਦੇ ਸ਼ਡਿਊਲ ਵਿੱਚ ਸਕੂਲ ਦਾ ਸਮਾਂ ਘਟਾਉਣ ਦੀ ਬਜਾਏ ਲਗਭਗ 20 ਮਿੰਟ ਵਾਧੂ ਜੋੜ ਦਿੱਤੇ ਜਾਂਦੇ ਹਨ। ਇਹ ਵਾਧੂ ਸਮਾਂ ਮੋਰਨਿੰਗ ਅਸੈਂਬਲੀ ਅਤੇ ਹਾਫ਼-ਟਾਈਮ (ਬਰੇਕ) ਵਿੱਚ ਐਡਜਸਟ ਕਰ ਦਿੱਤਾ ਜਾਂਦਾ ਹੈ। ਵਿਭਾਗ ਨੇ ਅੱਧੇ ਘੰਟੇ ਦੀ ਬਰੇਕ ਦੀ ਥਾਂ 35 ਮਿੰਟ ਦੀ ਬਰੇਕ ਕੀਤੀ ਹੋਈ ਹੈ, ਜੋ ਕਿ ਸਰਦੀਆਂ ਦੇ ਛੋਟੇ ਦਿਨਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ।
ਅਧਿਆਪਕਾਂ ਮੁਤਾਬਕ, ਇਹ 20 ਮਿੰਟ ਦਾ ਸਮਾਂ ਬਿਲਕੁਲ ਫਾਲਤੂ ਅਤੇ ਅਣਚਾਹਿਆ ਹੈ, ਜਿਸ ਦੀ ਕੋਈ ਵਿੱਦਿਅਕ ਜਾਂ ਪ੍ਰਬੰਧਕੀ ਤੁੱਕ ਨਹੀਂ ਬਣਦੀ। ਇਸ ਗ਼ਲਤ ਸਮਾਂ-ਸਾਰਣੀ ਦਾ ਸਭ ਤੋਂ ਵੱਡਾ ਨੁਕਸਾਨ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਣ-ਜਾਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭੁਗਤਣਾ ਪੈਂਦਾ ਹੈ। ਸਕੂਲ ਦੀ ਛੁੱਟੀ ਦੇਰ ਨਾਲ ਹੋਣ ਕਾਰਨ ਬੱਸਾਂ, ਆਟੋ ਅਤੇ ਹੋਰ ਵਾਹਨਾਂ ਦੇ ਸਮੇਂ ਦਾ ਮੇਲ ਨਹੀਂ ਖਾਂਦਾ, ਜਿਸ ਕਰਕੇ ਕਈ ਅਧਿਆਪਕਾਂ ਦੀਆਂ ਬੱਸਾਂ ਛੁੱਟ ਜਾਂਦੀਆਂ ਹਨ।
ਇਸ ਤੋਂ ਇਲਾਵਾ, ਪ੍ਰਾਇਮਰੀ ਸਕੂਲਾਂ ਦੀ ਛੁੱਟੀ ਤਿੰਨ ਵਜੇ ਅਤੇ ਸੈਕੰਡਰੀ/ਹਾਈ ਸਕੂਲਾਂ ਦੀ ਛੁੱਟੀ 3:20 ਵਜੇ ਹੋਣ ਕਾਰਨ ਸਮੇਂ ਦਾ ਵਕਫ਼ਾ ਵਧ ਜਾਂਦਾ ਹੈ। ਜਿਹੜੇ ਅਧਿਆਪਕ ਜਾਂ ਵਿਦਿਆਰਥੀ ਸਾਂਝੇ ਵਾਹਨਾਂ ਜਾਂ ਟੈਕਸੀਆਂ ਰਾਹੀਂ ਸਫ਼ਰ ਕਰਦੇ ਹਨ, ਉਨ੍ਹਾਂ ਦੀਆਂ ਗੱਡੀਆਂ ਦੀ ਸ਼ਡਿਊਲਿੰਗ ਪੂਰੀ ਤਰ੍ਹਾਂ ਵਿਗੜ ਜਾਂਦੀ ਹੈ। ਸ਼ਾਮ ਦੇ ਸਮੇਂ ਜਲਦੀ ਹਨੇਰ੍ਹਾ ਹੋ ਜਾਣ ਕਾਰਨ ਖ਼ਾਸ ਕਰਕੇ ਮਹਿਲਾ ਅਧਿਆਪਕਾਵਾਂ ਅਤੇ ਛੋਟੇ ਬੱਚਿਆਂ ਨੂੰ ਘਰ ਪਰਤਣ ਵੇਲੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਸਰਦੀਆਂ ਵਿੱਚ ਬਰੇਕ ਦਾ ਸਮਾਂ ਘਟਾ ਕੇ 15 ਤੋਂ 20 ਮਿੰਟ ਕੀਤਾ ਜਾਵੇ ਅਤੇ ਸਕੂਲ ਦੀ ਛੁੱਟੀ ਪਹਿਲਾਂ ਕੀਤੀ ਜਾਵੇ, ਤਾਂ ਜੋ ਸਾਰੇ ਸੁਖਾਲੇ ਆਪਣੇ ਘਰਾਂ ਨੂੰ ਪਹੁੰਚ ਸਕਣ। ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਤੁਰੰਤ ਗੰਭੀਰ ਨੋਟਿਸ ਲਿਆ ਜਾਵੇ ਅਤੇ ਅਸਲ ਸਥਿਤੀ ਨੂੰ ਸਮਝਦੇ ਹੋਏ ਸਕੂਲਾਂ ਦੀ ਸਮਾਂ-ਸਾਰਣੀ ਵਿੱਚ ਜ਼ਰੂਰੀ ਸੁਧਾਰ ਕੀਤੇ ਜਾਣ, ਤਾਂ ਜੋ ਹਰ ਸਾਲ ਹੋਣ ਵਾਲੀ ਇਸ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।















