ਅਧਿਆਪਕਾਂ ਨੇ ਸਕੂਲ-ਸਕੂਲ ਜਾ ਕੇ ਫੂਕਿਆ ਸੰਘਰਸ਼ ਦਾ ਬਿਗਲ; ਸੰਗਰੂਰ ਰੈਲੀ ਲਈ ਵੱਡੀ ਲਾਮਬੰਦੀ

 

ਅਧਿਆਪਕਾਂ ਨੇ ਸਕੂਲ-ਸਕੂਲ ਜਾ ਕੇ ਫੂਕਿਆ ਸੰਘਰਸ਼ ਦਾ ਬਿਗਲ; ਸੰਗਰੂਰ ਰੈਲੀ ਲਈ ਵੱਡੀ ਲਾਮਬੰਦੀ

ਪੁਰਾਣੀ ਪੈਨਸ਼ਨ, ਪੰਜਾਬ ਪੇ-ਸਕੇਲ ਅਤੇ ਜਾਮ ਕੀਤੇ ਭੱਤਿਆਂ ਦੀ ਬਹਾਲੀ ਲਈ 15 ਫਰਵਰੀ ਨੂੰ ਸੰਗਰੂਰ ਵਿਖੇ ਹੋਵੇਗਾ ਵਿਸ਼ਾਲ ਇਕੱਠ

Punjab Network

ਪਾਤੜਾਂ/ਪਟਿਆਲਾ, 13 ਫਰਵਰੀ 2026- ਪੰਜਾਬ ਦੇ ਮੁਲਾਜ਼ਮਾਂ ਦੀਆਂ ਲਟਕਦੀਆਂ ਵਿੱਤੀ ਮੰਗਾਂ ਨੂੰ ਲੈ ਕੇ ‘ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ, ਪੰਜਾਬ’ ਵੱਲੋਂ 15 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਪਾਤੜਾਂ ਇਲਾਕੇ ਵਿੱਚ ਪੂਰੇ ਜ਼ੋਰਾਂ ‘ਤੇ ਹਨ।

ਅੱਜ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਸਕੂਲਾਂ ਦਾ ਦੌਰਾ ਕਰਕੇ ਅਧਿਆਪਕਾਂ ਨੂੰ ਇਸ ਸੰਘਰਸ਼ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਲਾਮਬੰਦੀ ਮੁਹਿੰਮ ਦੌਰਾਨ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਘੱਗਾ, ਡੀ.ਟੀ.ਐਫ. ਪਾਤੜਾਂ ਦੇ ਬਲਾਕ ਪ੍ਰਧਾਨ ਰਾਜੀਵ ਕੁਮਾਰ, ਵਿੱਤ ਸਕੱਤਰ ਬਖਸ਼ੀਸ਼ ਸਿੰਘ ਅਤੇ 6635 ਯੂਨੀਅਨ ਵੱਲੋਂ ਸ਼ੰਕਰ ਸਿੰਘ ਨੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ।

ਆਗੂਆਂ ਨੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਜਾਮ ਕੀਤੇ ਗਏ ਭੱਤੇ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਹੁਣ ਆਰ-ਪਾਰ ਦੀ ਲੜਾਈ ਦਾ ਸਮਾਂ ਆ ਗਿਆ ਹੈ।

ਮੁੱਖ ਮੰਗਾਂ ਜਿਨ੍ਹਾਂ ਲਈ ਲੜਿਆ ਜਾ ਰਿਹਾ ਹੈ ਸੰਘਰਸ਼

ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦੇ ਆਪਣੇ ਪੁਰਾਣੇ ਸਕੇਲ ਬਹਾਲ ਕੀਤੇ ਜਾਣ। ਪੁਰਾਣੀ ਪੈਨਸ਼ਨ (OPS): ਪੁਰਾਣੀ ਪੈਨਸ਼ਨ ਸਕੀਮ ਨੂੰ ਬਿਨਾਂ ਕਿਸੇ ਦੇਰੀ ਦੇ ਅਮਲੀ ਰੂਪ ਵਿੱਚ ਲਾਗੂ ਕੀਤਾ ਜਾਵੇ। ਭੱਤਿਆਂ ਦੀ ਬਹਾਲੀ: ਜਾਮ ਕੀਤੇ ਗਏ ਪੇਂਡੂ ਭੱਤਾ, ਬਾਰਡਰ ਭੱਤਾ, ACP ਅਤੇ ਮਹਿੰਗਾਈ ਭੱਤਾ (DA) ਤੁਰੰਤ ਬਹਾਲ ਹੋਣ।

ਆਗੂਆਂ ਨੇ ਕਿਹਾ ਕਿ 15 ਫਰਵਰੀ ਨੂੰ ਪਾਤੜਾਂ ਅਤੇ ਪਟਿਆਲਾ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਅਧਿਆਪਕ ਕਾਫ਼ਲਿਆਂ ਦੇ ਰੂਪ ਵਿੱਚ ਸੰਗਰੂਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਇਹ ਰੈਲੀ ਇੱਕ ਇਤਿਹਾਸਕ ਮੋੜ ਸਾਬਤ ਹੋਵੇਗੀ।