ਬਦਲਾਅ ਦੇ ਨਾਂ ‘ਤੇ ਲੋਕ ਹੱਕਾਂ ਨੂੰ ਕੁਚਲ ਰਹੀ ਹੈ ਮਾਨ ਸਰਕਾਰ: ਜਮਹੂਰੀ ਫਰੰਟ ਨੇ ਖੋਲ੍ਹਿਆ ਮੋਰਚਾ

 

ਬੀਕੇਯੂ (ਉਗਰਾਹਾਂ) ਦੇ ਸੰਘਰਸ਼ ਨੂੰ ਦਬਾਉਣ ਲਈ ਤਾਨਾਸ਼ਾਹ ਹਮਲੇ ਬੰਦ ਕਰੇ ਪੰਜਾਬ ਸਰਕਾਰ – ਜਮਹੂਰੀ ਫਰੰਟ

Punjab News 6 ਫਰਵਰੀ 2026 : ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਕੇ ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏਕੇ ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਜੇਲ੍ਹਬੰਦ ਕਿਸਾਨ ਆਗੂਆਂ ਦੀ ਰਿਹਾਈ ਲਈ 6 ਫਰਵਰੀ 2026 ਤੋਂ ਬਠਿੰਡਾ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਨੂੰ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ/ਕਾਰਕੁੰਨਾਂ ਦੇ ਘਰਾਂ ਉੱਪਰ ਛਾਪੇਮਾਰੀ ਕਰਨ, ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰਨ, ਬਠਿੰਡੇ ਵੱਲ ਜਾ ਰਹੇ ਕਿਸਾਨ ਕਾਫ਼ਲਿਆਂ ਉੱਪਰ ਬੇਤਹਾਸ਼ਾ ਲਾਠੀਚਾਰਜ ਕਰਨ ਅਤੇ ਕਿਸਾਨਾਂ ਨੂੰ ਗਿ੍ਰਫ਼ਤਾਰ ਕਰਨ ਦੀ ਸਖ਼ਤ ਸ਼ਬ਼ਦਾਂ ਵਿਚ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਭਗਵੰਤ ਮਾਨ ਸਰਕਾਰ ਹੱਕੀ ਸੰਘਰਸ਼ਾਂ ਦੀਆਂ ਮੰਗਾਂ ਮੰਨਣ ਅਤੇ ਸੰਘਰਸ਼ ਦੇ ਜਮਹੂਰੀ ਹੱਕ ਨੂੰ ਮਾਨਤਾ ਦੇਣ ਦੀ ਬਜਾਏ ਜਾਨ-ਹੂਲਵੇਂ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਬੁਨਿਆਦੀ ਜਮਹੂਰੀ ਹੱਕ ਨੂੰ ਕੁਚਲਣ ਲਈ ਤਾਨਾਸ਼ਾਹ ਹਮਲਿਆਂ ‘ਤੇ ਉੱਤਰੀ ਹੋਈ ਹੈ।

ਇਹ ਸਰਕਾਰ ਨਵੇਂ ਨਾਂ ਹੇਠ ਪਹਿਲੀਆਂ ਸਰਕਾਰਾਂ ਦਾ ਹੀ ਬਦਲਿਆ ਰੂਪ ਹੈ ਅਤੇ ਸਮੁੱਚੀ ਹਾਕਮ ਜਮਾਤੀ ਸਿਆਸਤ ਦੀ ਟੇਕ ਝੂਠੇ ਵਾਅਦਿਆਂ ਤੇ ਲਾਰਿਆਂ ਨਾਲ ਹੰਭਾਉਣ-ਥਕਾਉਣ ਅਤੇ ਪੁਲਿਸ ਤਾਕਤ ਦੇ ਜ਼ੋਰ ਵੱਖ-ਵੱਖ ਵਰਗਾਂ ਦੇ ਸੰਘਰਸ਼ਾਂ ਨੂੰ ਕੁਚਲਣ ਉੱਪਰ ਹੈ। ਕਿਉਂਕਿ ਇਨ੍ਹਾਂ ਕੋਲ ਡੂੰਘੇ ਆਰਥਕ ਸੰਕਟ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਕੋਈ ਹੱਲ ਨਹੀਂ ਹੈ।

ਕਿਸਾਨ-ਮਜ਼ਦੂਰ ਆਗੂਆਂ ਨੂੰ ਝੂਠੇ ਕੇਸਾਂ ਤਹਿਤ ਜੇਲ੍ਹੀਂ ਡੱਕਣਾ ਪੰਜਾਬ ਦੇ ਲੋਕਾਂ, ਖ਼ਾਸ ਕਰਕੇ ਮਜ਼ਦੂਰਾਂ-ਕਿਸਾਨਾਂ ਦੀ ਸਮੂਹਿਕ ਸੰਘਰਸ਼ ਰਾਹੀਂ ਹੱਕ-ਜਤਾਈ ਤੋਂ ਸਰਕਾਰ ਦੀ ਘੋਰ ਬੁਖਲਾਹਟ ਨੂੰ ਦਰਸਾਉਂਦਾ ਹੈ। ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਸਮੇਤ ਸਮੂਹ ਜਮਹੂਰੀਅਤ ਪੱਖੀ ਤੇ ਇਨਸਾਫ਼ਪਸੰਦ ਲੋਕ ਤਾਨਾਸ਼ਾਹ ਸੱਤਾ ਦੇ ਅਜਿਹੇ ਹਮਲਿਆਂ ਨੂੰ ਹਮੇਸ਼ਾ ਲੋਕ ਤਾਕਤ ਨਾਲ ਨਾਕਾਮ ਬਣਾਉਂਦੇ ਆਏ ਹਨ ਅਤੇ ਇਸ ਸਰਕਾਰ ਨੂੰ ਵੀ ਆਖਿ਼ਰਕਾਰ ਨਾਕਾਮੀ ਦਾ ਸਾਹਮਣਾ ਕਰਨਾ ਪਵੇਗਾ।

ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਗੂਆਂ ਵਿਰੁੱਧ ਛਾਪੇਮਾਰੀ ਬੰਦ ਕਰੇ ਅਤੇ ਜੇਲ੍ਹਾਂ ਵਿਚ ਬੰਦ ਤੇ ਗਿ੍ਰਫ਼ਤਾਰ ਕੀਤੇ ਕਿਸਾਨ ਤੇ ਮਜ਼ਦੂਰ ਆਗੂਆਂ ਨੂੰ ਫੌਰੀ ਰਿਹਾ ਕੀਤਾ ਜਾਵੇ ਅਤੇ ਕਿਸਾਨ ਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।