ਹਰਗੋਬਿੰਦ ਯੂਨੀਅਨ ਵੱਲੋਂ ਲਗਵਾਈ ਗਈ ‘ਘਰ ਵਾਪਸੀ’ ਵਾਲੀ ਖ਼ਬਰ ਨਿਰੀ ਝੂਠੀ ਤੇ ਸਿਆਸਤ ਤੋਂ ਪ੍ਰੇਰਿਤ; ਅਸੀਂ ਵਿਕਾਊ ਨਹੀਂ: ਸਰਵ ਆਂਗਣਵਾੜੀ ਵਰਕਰਜ਼
ਗਹਿਰੀ ਬੁੱਟਰ ਸਰਕਲ ਦੀ ਮੀਟਿੰਗ ‘ਚ ਧੋਖੇ ਨਾਲ ਫੋਟੋਆਂ ਖਿੱਚ ਕੇ ਝੂਠੀ ਖ਼ਬਰ ਲਵਾਉਣ ਦੇ ਲੱਗੇ ਗੰਭੀਰ ਦੋਸ਼
ਸਰਵ ਯੂਨੀਅਨ ਦੀ ਬਲਾਕ ਪ੍ਰਧਾਨ ਬਲਵੀਰ ਕੌਰ ਅਤੇ ਸਰਪ੍ਰਸਤ ਹਰਵਿੰਦਰ ਕੌਰ ਵੱਲੋਂ ਖ਼ਬਰ ਦਾ ਪੁਰਜ਼ੋਰ ਖੰਡਨ
“ਕੱਲ੍ਹ ਵੀ ਸਰਵ ਯੂਨੀਅਨ ਨਾਲ ਸੀ, ਅੱਜ ਵੀ ਹਾਂ ਤੇ ਹਮੇਸ਼ਾ ਰਹਾਂਗੇ, ਕੋਈ ਸਾਨੂੰ ਆਪਣੀ ਸਿਆਸਤ ਲਈ ਵਰਤਣ ਦੀ ਕੋਸ਼ਿਸ਼ ਨਾ ਕਰੇ” – ਆਗੂ
ਬਠਿੰਡਾ/ਸੰਗਤ, 28 ਮਈ 2026-
ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਹਰਗੋਬਿੰਦ ਕੌਰ ਦੀ ਅਗਵਾਈ ਵਾਲੀ ਯੂਨੀਅਨ ‘ਤੇ ਧੋਖੇਬਾਜ਼ੀ ਨਾਲ ਝੂਠੀਆਂ ਖ਼ਬਰਾਂ ਲਗਵਾਉਣ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ ਸਰਕਲ ‘ਗਹਿਰੀ ਬੁੱਟਰ’ ਦੀ ਲੀਡਰਸ਼ਿਪ ਵੱਲੋਂ ਦੂਜੀ ਯੂਨੀਅਨ ਵਿੱਚ ਸ਼ਾਮਲ ਹੋਣ (ਘਰ ਵਾਪਸੀ) ਦੀਆਂ ਚੱਲ ਰਹੀਆਂ ਖ਼ਬਰਾਂ ਦਾ ਪੁਰਜ਼ੋਰ ਸ਼ਬਦਾਂ ਵਿੱਚ ਖੰਡਨ ਕੀਤਾ ਗਿਆ ਹੈ।
ਬਰਿੰਦਰਜੀਤ ਕੌਰ ਛੀਨਾ ਅਨੁਸਾਰ, ਬੀਤੇ ਦਿਨੀਂ ਗਹਿਰੀ ਬੁੱਟਰ ਸਰਕਲ ਦੀ ਇੱਕ ਅਹਿਮ ਮੀਟਿੰਗ ਚੱਲ ਰਹੀ ਸੀ। ਇਸ ਦੌਰਾਨ ਹਰਗੋਬਿੰਦ ਯੂਨੀਅਨ ਦੀ ਇੱਕ ਆਗੂ ਉੱਥੇ ਪਹੁੰਚੀ ਅਤੇ ਧੋਖੇ ਨਾਲ ਮੈਂਬਰਾਂ ਕੋਲ ਖੜ੍ਹ ਕੇ ਫੋਟੋਆਂ ਖਿਚਵਾ ਲਈਆਂ। ਸਰਵ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਪਹਿਲਾਂ ਤਾਂ ਹਰਗੋਬਿੰਦ ਯੂਨੀਅਨ ਦੀ ਆਗੂ ਨੇ ਉਨ੍ਹਾਂ ਨੂੰ ਆਪਣੀ ਯੂਨੀਅਨ ਵਿੱਚ ਸ਼ਾਮਲ ਹੋਣ ਲਈ ਆਖਿਆ, ਪਰ ਜਦੋਂ ਕਿਸੇ ਵੀ ਮੈਂਬਰ ਨੇ ਹਰਗੋਬਿੰਦ ਨਾਲ ਜਾਣ ਤੋਂ ਸਾਫ਼ ਮਨਾ ਕਰ ਦਿੱਤਾ, ਤਾਂ ਉਸ ਨੇ ਧੋਖੇ ਨਾਲ ਖਿੱਚੀਆਂ ਫੋਟੋਆਂ ਦੇ ਆਧਾਰ ‘ਤੇ ਅਖ਼ਬਾਰਾਂ ਅਤੇ ਮੀਡੀਆ ਵਿੱਚ ਇਹ ਝੂਠੀ ਖ਼ਬਰ ਚਲਵਾ ਦਿੱਤੀ ਕਿ ਗਹਿਰੀ ਬੁੱਟਰ ਸਰਕਲ ਦੇ ਮੈਂਬਰਾਂ ਦੀ ‘ਘਰ ਵਾਪਸੀ’ ਹੋ ਗਈ ਹੈ।
ਇਸ ਸਬੰਧੀ ਗਹਿਰੀ ਬੁੱਟਰ ਸਰਕਲ ਦੀ ਬਲਾਕ ਪ੍ਰਧਾਨ ਬਲਵੀਰ ਕੌਰ ਅਤੇ ਸੰਗਤ ਬਲਾਕ ਦੀ ਸਰਪ੍ਰਸਤ ਹਰਵਿੰਦਰ ਕੌਰ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਇਸ ਖ਼ਬਰ ‘ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਬਲਵੀਰ ਕੌਰ ਨੇ ਸਖ਼ਤ ਲਹਿਜੇ ਵਿੱਚ ਕਿਹਾ, “ਅਸੀਂ ਕੋਈ ਗਾਜਰ-ਮੂਲੀ ਨਹੀਂ ਹਾਂ ਅਤੇ ਨਾ ਹੀ ਸਰਵ ਯੂਨੀਅਨ ਵਿਕਾਊ ਹੈ, ਜਿਸ ਨੂੰ ਕੋਈ ਵੀ ਜਿੱਧਰ ਮਰਜ਼ੀ ਚੁੱਕ ਕੇ ਸੁੱਟ ਦੇਵੇ। ਅਸੀਂ ਕੱਲ੍ਹ ਵੀ ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਵਿੱਚ ਸੀ, ਅੱਜ ਵੀ ਇਸੇ ਵਿੱਚ ਹਾਂ ਅਤੇ ਅੱਗੇ ਵੀ ਰਹਾਂਗੇ। ਸਾਡਾ ਹਰਗੋਬਿੰਦ ਦੀ ਯੂਨੀਅਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”
ਯੂਨੀਅਨ ਆਗੂਆਂ ਨੇ ਕਿਹਾ ਕਿ ਹਰਗੋਬਿੰਦ ਸਿਰਫ਼ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਣ ਲਈ ਅਤੇ ਉੱਪਰਲੀਆਂ ਟਿਕਟਾਂ ਹਾਸਲ ਕਰਨ ਦੇ ਚੱਕਰ ਵਿੱਚ ਆਪਣਾ ਝੂਠਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੱਲ੍ਹ ਵੀ ਕੋਈ ਮੈਂਬਰ ਉਸ ਦੇ ਨਾਲ ਨਹੀਂ ਸੀ ਅਤੇ ਅੱਜ ਵੀ ਸਾਰਾ ਯੂਨਿਟ ਇਕਜੁੱਟ ਖੜ੍ਹਾ ਹੈ।






