Join WhatsApp

Join Now

ਚੰਦ ਫ਼ਤਿਹਪੁਰੀ ਦਾ ਸਦੀਵੀ ਵਿਛੋੜਾ ਦੇ ਜਾਣਾ ਲੋਕਪੱਖੀ ਪੱਤਰਕਾਰੀ ਲਈ ਵੱਡਾ ਘਾਟਾ

On: September 22, 2026 4:58 PM

 

ਚੰਦ ਫ਼ਤਿਹਪੁਰੀ ਦਾ ਸਦੀਵੀ ਵਿਛੋੜਾ ਦੇ ਜਾਣਾ ਲੋਕਪੱਖੀ ਪੱਤਰਕਾਰੀ ਲਈ ਵੱਡਾ ਘਾਟਾ

ਚੰਡੀਗੜ੍ਹ, 22 ਸਤੰਬਰ 2026

ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਦੇ ਸੂਬਾ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਪ੍ਰੈੱਸ ਬਿਆਨ ਜਾਰੀ ਕਰਕੇ ‘ਨਵਾਂ ਜ਼ਮਾਨਾ’ ਦੇ ਸੰਪਾਦਕ ਉੱਘੇ ਪੱਤਰਕਾਰ ਅਤੇ ਲੋਕ ਆਗੂ ਸਾਥੀ ਚੰਦ ਫ਼ਤਿਹਪੁਰੀ ਦੇ ਦੇਹਾਂਤ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਥੀ ਚੰਦ ਫ਼ਤਹਿਪੁਰੀ ਲੋਕ ਸੰਘਰਸ਼ਾਂ ਚੋਂ ਉੱਭਰੇ ਅਜਿਹੇ ਲੋਕਪੱਖੀ ਕਲਮਕਾਰਾਂ ਵਿਚ ਸਿਰਕੱਢ ਨਾਮ ਸਨ ਜਿਨ੍ਹਾਂ ਦੀ ਵਚਨਬੱਧਤਾ ਰੋਜ਼ਮਰਾ ਘਟਨਾਵਾਂ ਦੀ ਰਿਪੋਰਟਿੰਗ ਤੋਂ ਅੱਗੇ ਜਾ ਕੇ ਲੋਕਪੱਖੀ ਨਜ਼ਰੀਏ ਤੋਂ ਰਾਜਨੀਤਕ ਵਰਤਾਰਿਆਂ ਦਾ ਵਿਸ਼ਲੇਸ਼ਣ ਕਰਦਿਆਂ ਚੇਤਨਾ ਦਾ ਚਾਨਣ ਵੰਡਣ ਅਤੇ ਲੋਕਾਂ ਦੇ ਹੱਕਾਂ ਤੇ ਹਿਤਾਂ ਦੀ ਧਿਰ ਬਣਕੇ ਆਪਣੀ ਇਤਿਹਾਸਕ ਭੂਮਿਕਾ ਨਿਭਾਉਣ ਨਾਲ ਹੈ।

ਉਨ੍ਹਾਂ ਨੇ ਲੋਕਪੱਖੀ ਪੱਤਰਕਾਰੀ ਦੀਆਂ ਰਵਾਇਤਾਂ ਉੱਪਰ ਦਿ੍ਰੜਤਾ ਨਾਲ ਪਹਿਰਾ ਦਿੱਤਾ। ਡੂੰਘੀ ਸੰਵੇਦਨਸ਼ੀਲਤਾ ਨਾਲ ਸਮਾਜ ਦੇ ਅਸਲ ਸਰੋਕਾਰਾਂ ਨੂੰ ਮੁਖ਼ਾਤਿਬ ਰਹਿਣਾ ਅਤੇ ਲੋਕਾਂ ਦੇ ਮੁੱਦਿਆਂ ਨੂੰ ਧੜੱਲੇ ਨਾਲ ਜ਼ਬਾਨ ਦੇਣਾ ਉਨ੍ਹਾਂ ਦੀ ਲੇਖਣੀ ਦਾ ਮੀਰੀ ਗੁਣ ਸੀ।

ਦਰਬਾਰੀ ਪੱਤਰਕਾਰੀ ਦੀ ਭਰਮਾਰ ਦੇ ਬੇਹੱਦ ਚੁਣੌਤੀਆਂ ਵਾਲੇ ਹਾਲਾਤ ਵਿਚ ਲੋਕ ਹਿਤਾਂ ਅਤੇ ਸਮਾਜਿਕ ਸਰੋਕਾਰਾਂ ਲਈ ਡੱਟੇ ਰਹਿਣ ਵਾਲੀਆਂ ਅਜਿਹੀਆਂ ਕਲਮਾਂ ਘੁੱਪ ਹਨੇਰੇ ਵਿਚ ਚਾਨਣ ਦੀ ਲੀਕ ਬਣਕੇ ਲੋਕਾਈ ਦਾ ਮਾਰਗ-ਦਰਸ਼ਨ ਕਰਦੀਆਂ ਹਨ। ਅਜੋਕੇ ਬੇਹੱਦ ਚੁਣੌਤੀਆਂ ਵਾਲੇ ਸਮਿਆਂ ਵਿਚ ਚੰਦ ਫ਼ਤਿਹਪੁਰੀ ਦਾ ਤੁਰ ਜਾਣਾ ਬਹੁਤ ਉਦਾਸ ਕਰਨ ਵਾਲਾ ਹੈ। ਫਰੰਟ ਦੀ ਸੂਬਾ ਕਮੇਟੀ ਸਾਥੀ ਚੰਦ ਫ਼ਤਿਹਪੁਰੀ ਦੀ ਸੰਗਰਾਮੀ ਜੀਵਨ ਘਾਲਣਾ ਨੂੰ ਸਲਾਮ ਕਰਦੀ ਹੈ।

 

Leave a Comment