ਪਟਿਆਲਾ: ਪ੍ਰਾਇਮਰੀ ਅਧਿਆਪਕਾਂ ਨਾਲ ਬਦਲੀਆਂ ‘ਚ ਹੋਇਆ ਧੱਕਾ: GTU ਪੰਜਾਬ ਦਾ ਵੱਡਾ ਦਾਅਵਾ! ਜਲਦ ਦੁਬਾਰਾ ਸਟੇਸ਼ਨ ਚੁਆਇਸ ਕਰਵਾਈ ਜਾਵੇ, ਵਿਭਾਗ ਦੀ ਅਣਗਹਿਲੀ ਕਰਕੇ ਬਦਲੀਆਂ ਤੋਂ ਵਾਂਝੇ- ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ, ਪਟਿਆਲਾ
ਪਟਿਆਲਾ, 3 ਜੁਲਾਈ 2026- ਪਿਛਲੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਹੀ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਜਿਸ ਵਿੱਚ ਵੱਡੇ ਪੱਧਰ ‘ਤੇ ਗਲਤ ਸੈਕਸ਼ਨ ਪੋਸਟਾਂ ‘ਤੇ ਅਧਿਆਪਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲੇ ਨੇ ਦੱਸਿਆ ਕਿ ਉਹਨਾਂ ਹੋਈਆਂ ਬਦਲੀਆਂ ਵਿੱਚੋਂ 646 ਦੇ ਕਰੀਬ ਅਧਿਆਪਕਾਂ ਦੀਆਂ ਗਲਤ ਢੰਗ ਨਾਲ ਬਦਲੀਆਂ ਕਰ ਦਿੱਤੀਆਂ ਗਈਆਂ ਹਨ।
ਇਹ ਬਦਲੀਆਂ ਈ-ਪੰਜਾਬ ਪੋਰਟਲ ‘ਤੇ ਗਲਤ ਅੰਕੜੇ ਹੋਣ ਕਰਕੇ ਹੋਈਆਂ ਹਨ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਲੇਡੀਜ਼ ਅਧਿਆਪਕਾਂ ਲਈ 40 ਕਿਲੋਮੀਟਰ ਦੇ ਨੇੜੇ ਦੀ ਨੀਤੀ ਲਿਆ ਰਹੀ ਹੈ, ਪਰ ਦੂਜੇ ਪਾਸੇ ਦੂਰ-ਦੁਰਾਡੇ ਬੈਠੇ ਅਧਿਆਪਕਾਂ ਲਈ ਬੇਤਰਤੀਬੇ ਢੰਗ ਨਾਲ ਹੋਈਆਂ ਬਦਲੀਆਂ ਸਰਾਸਰ ਧੱਕਾ ਹਨ।
ਉਹਨਾਂ ਕਿਹਾ ਕਿ ਅਧਿਆਪਕ ਪਹਿਲਾਂ ਹੀ ਬੀ.ਐਲ.ਓ., ਡਿਊਟੀ, ਜਨਗਣਨਾ, ਡਰੱਗ ਡਿਊਟੀ ਅਤੇ ਹੋਰ ਅਨੇਕਾਂ ਗੈਰ-ਵਿਦਿਅਕ ਜ਼ਿੰਮੇਵਾਰੀਆਂ ਨਾਲ ਪੀਸੇ ਜਾ ਰਹੇ ਹਨ; ਉਹਨਾਂ ਨੇ ਅਧਿਆਪਕਾਂ ਦਾ ਬਣਦਾ ਹੱਕ, ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ, ਉਹ ਦੇਣ ਵਿੱਚ ਵੀ ਸਿੱਖਿਆ ਵਿਭਾਗ ਹੁਣ ਤੱਕ ਫੇਲ੍ਹ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਪਟਿਆਲਾ ਜ਼ਿਲ੍ਹੇ ਦੇ ਅੰਦਰ ਪੋਸਟਾਂ ਸਹੀ ਕਰਕੇ ਛੇਤੀ ਤੋਂ ਛੇਤੀ ਦੁਬਾਰਾ ਸਟੇਸ਼ਨ ਚੁਆਇਸ ਕਰਵਾਉਣੀ ਚਾਹੀਦੀ ਹੈ; ਜੇਕਰ ਅਜਿਹਾ ਨਹੀਂ ਕਰਦੇ ਤਾਂ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ ਜਾਵੇਗਾ।
















