Wednesday, May 15, 2024
No menu items!
HomeOpinionComrades' dominance! ਪੰਜਾਬ ਦੇ ਓਹ ਕਾਮਰੇਡ ਜਿਹੜੇ ਜੇਲ੍ਹ 'ਚੋਂ ਚੋਣ ਲੜੇ ਅਤੇ...

Comrades’ dominance! ਪੰਜਾਬ ਦੇ ਓਹ ਕਾਮਰੇਡ ਜਿਹੜੇ ਜੇਲ੍ਹ ‘ਚੋਂ ਚੋਣ ਲੜੇ ਅਤੇ ਜਿੱਤ ਕੀਤੀ ਸੀ ਦਰਜ

 

Comrades’ dominance! ਪੰਜਾਬ ਦੇ ਤਿੰਨ ਵੱਡੇ ਕਾਮਰੇਡ ਲੀਡਰਾਂ ਨੇ ਜੇਲ੍ਹ ‘ਚੋਂ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ

ਗੁਰਪ੍ਰੀਤ, ਨਵੀਂ ਦਿੱਲੀ-

Comrades’ dominance! NSA ਤਹਿਤ ਜੇਲ੍ਹ ਦੇ ਅੰਦਰ ਬੰਦ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਫਿਰ ਚਰਚਾ ਵਿਚ ਹਨ, ਕਿਉਂਕਿ ਉਨ੍ਹਾਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ। ਅੰਮ੍ਰਿਤਪਾਲ ਦੀ ਮਾਤਾ ਦੇ ਮੁਤਾਬਿਕ, ਅੰਮ੍ਰਿਤਪਾਲ ਪੰਥਕ ਸੀਟ ਵਜੋਂ ਜਾਣੀ ਜਾਂਦੀ ਖਡੂਰ ਸਾਹਿਬ ਸੀਟ ਤੋਂ ਚੋਣ ਲੜਨਗੇ।

ਦੱਸ ਦਈਏ ਕਿ, ਅੰਮ੍ਰਿਤਪਾਲ ਤੋਂ ਪਹਿਲਾਂ ਵੀ ਕਈ ਵੱਡੇ ਲੀਡਰ ਜੇਲ੍ਹ ਵਿਚੋਂ ਚੋਣ ਲੜ ਚੁੱਕੇ ਹਨ ਅਤੇ ਉਨ੍ਹਾਂ ਦੁਆਰਾ ਜਿੱਤ ਵੀ ਦਰਜ ਕੀਤੀ ਗਈ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਨਾਮ ਪੰਜਾਬ ਦੇ ਕਾਮਰੇਡਾਂ ਦੇ ਆਉਂਦੇ ਹਨ। ਪੰਜਾਬ ਦੇ ਤਿੰਨ ਵੱਡੇ ਕਾਮਰੇਡ ਲੀਡਰਾਂ ਨੇ ਜੇਲ੍ਹ ਵਿਚੋਂ ਚੋਣ ਲੜ ਕੇ ਜਿੱਤ ਪ੍ਰਾਪਤ ਕੀਤੀ ਸੀ। ਇਨ੍ਹਾਂ ਕਾਮਰੇਡਾਂ ਵਿਚ ਕਾਮਰੇਡ ਵਧਾਵਾ ਰਾਮ, ਕਾਮਰੇਡ ਜਗੀਰ ਸਿੰਘ ਜੋਗਾ ਅਤੇ ਧਰਮ ਸਿੰਘ ਫ਼ੱਕਰ ਸ਼ਾਮਲ ਹਨ।


ਜਾਣਕਾਰੀ ਲਈ ਦੱਸ ਦਈਏ ਕਿ, ਕਾਮਰੇਡ ਵਧਾਵਾ ਰਾਮ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਕਿਸਾਨ ਸਭਾ ਵੱਲੋਂ ਬਾਬਾ ਜਵਾਲਾ ਸਿੰਘ ਦੀ ਅਗਵਾਈ ਵਿੱਚ ਲੜੇ ਕਿਸਾਨ ਸੰਘਰਸ਼ ਸਮੇਂ ਉੱਭਰ ਕੇ ਸਾਹਮਣੇ ਆਏ ਤੇ 1939 ਵਿੱਚ ਪਟਵਾਰ ਛੱਡ ਕੇ ਸੰਘਰਸ਼ ਵਿੱਚ ਕੁੱਦ ਪਏ ਸਨ। ਆਜ਼ਾਦੀ ਦੀ ਲਹਿਰ ਵਿਚ ਉਸਦਾ ਯੋਗਦਾਨ ਅੱਜ ਵੀ ਚੇਤੇ ਕੀਤਾ ਜਾਂਦਾ ਹੈ। ਫ਼ਾਜ਼ਿਲਕਾ ਦੇ ਲੋਕਾਂ ਨੇ ਉਸਨੂੰ ਉਦੋਂ ਵਿਧਾਇਕ ਚੁਣਿਆ ਸੀ ਜਦੋਂ ਉਹ ਜੇਲ੍ਹ ਵਿੱਚ ਸਨ।

ਵਿੱਕੀਪੀਡੀਆ ਲੇਖ ਮੁਤਾਬਿਕ, ਚੌਧਰੀ ਵਧਾਵਾ ਰਾਮ ਦਾ ਜਨਮ 15 ਅਗਸਤ 1917 ਨੂੰ ਬ੍ਰਿਟਿਸ਼ ਪੰਜਾਬ (ਹੁਣ ਪਾਕਿਸਤਾਨ) ਦੇ ਪਿੰਡ ਮੱਲ ਤਹਿਸੀਲ ਪਾਕਪਟਨ ਜ਼ਿਲ੍ਹਾ ਮਿੰਟਗੁਮਰੀ ਵਿੱਚ ਹੋਇਆ। ਵਧਾਵਾ ਰਾਮ ਜੀ ਇੱਕ ਗ਼ਰੀਬ ਕਿਸਾਨੀ ਪਰਿਵਾਰ ਤੋਂ ਸੀ। ਪਰਿਵਾਰਿਕ ਹਾਲਾਤਾਂ ਕਾਰਨ ਉਹ 10 ਵੀਂ ਜਮਾਤ ਤੋਂ ਵੱਧ ਦੀ ਪੜ੍ਹਾਈ ਨਹੀਂ ਕਰ ਸਕਿਆ ਸੀ। ਉਹ ਕੁੱਝ ਸਮੇਂ ਲਈ ਆਪਣੀ ਜ਼ਿੰਦਗੀ ਵਿਚ ਪਟਵਾਰੀ ਅਤੇ ਅਧਿਆਪਕ ਰਿਹਾ ਸੀ ਪਰ ਆਜ਼ਾਦੀ ਪ੍ਰਤੀ ਉਸ ਦੇ ਜਨੂਨ ਕਾਰਨ ਉਸ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਸੀ।

ਆਪਣੀ ਜ਼ਿੰਦਗੀ ਵਿਚ, ਵਧਾਵਾ ਰਾਮ ਨੂੰ ਆਜ਼ਾਦੀ ਅੰਦੋਲਨ ਵਿਚ ਸ਼ਾਮਲ ਹੋਣ ਕਾਰਨ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜੇਲ੍ਹ ਭੇਜਿਆ ਗਿਆ ਸੀ। ਸਭ ਤੋਂ ਪਹਿਲਾਂ, 1939 ਦੇ ਸਾਲ ਵਿਚ, ਉਸਨੂੰ “ਕਿਸਾਨ ਮੋਰਚਾ” ਆਯੋਜਿਤ ਕਰਕੇ ‘ਗੜਬੜੀ ਫੈਲਾਉਣ’ ਦੇ ਦੋਸ਼ ਵਿਚ ਨੌਂ ਮਹੀਨਿਆਂ ਲਈ ਕਸੂਰ ਜੇਲ੍ਹ ਭੇਜਿਆ ਗਿਆ ਸੀ।

ਫਿਰ 1941 ਵਿਚ, ਉਸ ਨੂੰ ਇੱਕ ਵਾਰ ਫਿਰ ਵਿਦਰੋਹੀ ਗਤੀਵਿਧੀਆਂ ਗ੍ਰਿਫਤਾਰ ਕੀਤਾ ਗਿਆ ਅਤੇ ਤਿੰਨ ਵਾਰ ਨਜ਼ਰਬੰਦ ਕੀਤਾ ਗਿਆ। ਉਸ ਨੂੰ ਫਿਰ 1944 ਤੋਂ 1946 ਤੱਕ ਦੋ ਸਾਲ ਲਈ ਆਪਣੇ ਹੀ ਪਿੰਡ ਵਿੱਚ ਨਜ਼ਰਬੰਦੀ ਵਿੱਚ ਭੇਜ ਦਿੱਤਾ ਗਿਆ। ਇਸੇ ਦੌਰਾਨ ਦੇਸ਼ ਦੀ ਆਜ਼ਾਦੀ ਲਈ ਉਸ ਦੀਆਂ ਸਰਗਰਮੀਆਂ ਇਸ ਹੱਦ ਤੱਕ ਵਧ ਗਈਆਂ ਕਿ ਉਸ ਸਮੇਂ ਦੀ ਸਰਕਾਰ ਨੇ ਉਸਦੀ ਗ੍ਰਿਫਤਾਰੀ ਉੱਤੇ ਇੱਕ ਲੱਖ ਦੇ ਇਨਾਮ ਦਾ ਐਲਾਨ ਕੀਤਾ ਸੀ। ਫਿਰ ਉਸਨੂੰ 22 ਅਗਸਤ 1948 ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇੱਕ ਮਹੀਨੇ ਅਤੇ ਕੁੱਝ ਦਿਨਾਂ ਬਾਅਦ ਅੱਧੀ ਰਾਤ ਨੂੰ ਵਧਾਵਾ ਰਾਮ ਜੇਲ੍ਹ ਤੋਂ ਸੁਰੰਗ ਪੁੱਟ ਕੇ ਫ਼ਰਾਰ ਹੋ ਗਿਆ। ਇੱਕ ਮਹੀਨੇ ਬਾਅਦ, 20 ਅਪ੍ਰੈਲ, 1950 ਨੂੰ ਉਸਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਉਸਨੇ ਭਾਰਤ ਦੀ ਆਜ਼ਾਦੀ ਲਈ ਦ੍ਰਿੜ ਸੰਘਰਸ਼ ਕਰਦਿਆਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। 1952 ਦੀ ਚੋਣ ਵਿਚ ਉਸਨੇ ਜੇਲ੍ਹ ਵਿੱਚੋਂ ਹੀ ਹਿੱਸਾ ਲਿਆ ਅਤੇ ਚੋਣ ਜਿੱਤੀ। 4 ਅਪ੍ਰੈਲ, 1952 ਨੂੰ ਉਸਨੂੰ ਅਦਾਲਤ ਨੇ ਸਰਕਾਰ ਦੁਆਰਾ ਲਗਾਏ ਗਏ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਅਤੇ ਤੁਰੰਤ ਹੀ ਉਸਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਉਹ ਸੈਫੂਦੀਨ ਕਿਚਲੂ, ਤੇਜਾ ਸਿੰਘ ਸੁਤੰਤਰ, ਡਾ: ਸਤਿਆਪਾਲ ਅਤੇ ਬਾਬਾ ਜਵਾਲਾ ਸਿੰਘ ਆਦਿ ਵਰਗੇ ਭਾਰਤ ਦੇ ਮਹਾਨ ਨੇਤਾਵਾਂ ਨਾਲ ਜੁੜਿਆ ਹੋਇਆ ਸੀ।

ਉਹ ਸੀ ਪੀ ਆਈ ਦਾ ਆਗੂ ਰਿਹਾ ਅਤੇ ਸਾਰੀ ਉਮਰ ਆਪਣੇ ਇਲਾਕੇ ਫਾਜਲਿਕਾ, ਫ਼ਿਰੋਜ਼ਪੁਰ ਜ਼ਿਲ੍ਹਾ ਵਿੱਚ ਮਜ਼ਦੂਰਾਂ-ਕਿਸਾਨਾਂ ਦੇ ਆਗੂ ਵਜੋਂ ਸੰਘਰਸ਼ ਕਰਦਾ ਰਿਹਾ। 29 ਮਈ 1989 ਨੂੰ ਤਾਮਿਲਨਾਡੂ ਦੇ ਸ਼ਹਿਰ ਸੇਲਮ ਵਿੱਚ ਉਸਦੀ ਮੌਤ ਹੋ ਗਈ।

ਵਧਾਵਾ ਰਾਮ ਨੇ 1989 ਵਿੱਚ ਬੁਢਾਪੇ ਦੀ ਭਾਰੀ ਕਮਜ਼ੋਰੀ ਦੇ ਬਾਵਜੂਦ ਵੱਡਾ ਜੋਖ਼ਮ ਲੈ ਕੇ ਕਾਮਰੇਡ ਮੋਹਿਤ ਸੇਨ, ਰਮੇਸ਼ ਸਿਨ੍ਹਾ, ਸੁਖਿੰਦਰ ਧਾਲੀਵਾਲ ਅਤੇ ਹੋਰ ਅਨੇਕ ਸਾਥੀਆਂ ਨਾਲ ਮਿਲ ਕੇ ਇੱਕ ਨਵੀਂ ਪਾਰਟੀ ਬਣਾਉਣ ਲਈ ਤਾਮਿਲਨਾਡੂ ਨੂੰ ਤੁਰ ਪਏ ਜਿੱਥੇ ਸੇਲਮ ਵਿਚ ਨਵੀਂ ਪਾਰਟੀ (ਯੂਸੀਪੀਆਈ) ਬਣਾਉਣ ਲਈ ਕਾਨਫ਼ਰੰਸ ਰੱਖੀ ਗਈ ਸੀ। ਆਪ ਨੂੰ ਕਾਨਫ਼ਰੰਸ ਦੇ ਪ੍ਰਧਾਨਗੀ ਮੰਡਲ ਵਿੱਚ ਬਿਠਾਇਆ ਗਿਆ ਅਤੇ ਜ਼ਿਆਦਾ ਥਕਾਵਟ ਕਾਰਨ ਦਿਲ ਦੇ ਦੌਰੇ ਨਾਲ ਕਾਨਫ਼ਰੰਸ ਦੇ ਆਖ਼ਰੀ ਦਿਨ ਉਸ ਦੀ ਮੌਤ ਹੋ ਗਈ ਅਤੇ ਸੇਲਮ ਵਿਚ ਹੀ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ।


ਕਾਮਰੇਡ ਜਗੀਰ ਸਿੰਘ ਜੋਗਾ (11 ਅਕਤੂਬਰ 1908 — 23 ਅਗਸਤ 2002) ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂਆਂ ਵਿੱਚੋਂ ਇੱਕ, ਪੰਜਾਬ ਦੇ ਕਮਿਊਨਿਸਟ ਸਿਆਸਤਦਾਨ ਸਨ ਜਿਹਨਾਂ ਨੇ ਚੜ੍ਹਦੀ ਜਵਾਨੀ ਤੋਂ ਆਖ਼ਰੀ ਸਾਹਾਂ ਤੱਕ ਲੋਕਾਂ ਦੇ ਹਿਤਾਂ ਲਈ ਕੰਮ ਕਰਦਿਆਂ ਬਤੀਤ ਕੀਤੇ। ਉਹ ਚਾਰ ਵਾਰ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਵੀ ਰਹੇ।

1954 ਵਿੱਚ ਜਗੀਰ ਸਿੰਘ ਮੁਜ਼ਾਰਾ ਲਹਿਰ ਦੇ ਧੜੱਲੇਦਾਰ ਆਗੂ ਹੋਣ ਕਰਕੇ ਜੇਲ੍ਹ ਵਿੱਚ ਬੰਦ ਸਨ ਕਿ 1954 ਦੀਆਂ ਵਿਧਾਨਸਭਾ ਚੋਣਾ ਦਾ ਐਲਾਨ ਹੋ ਗਿਆ।ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਾਲੀ ਲਾਲ ਪਾਰਟੀ(ਕਮਿਊਨਿਸਟ)ਨੇ ਉਨ੍ਹਾਂ ਨੂੰ ਮਾਨਸਾ ਹਲਕੇ ਤੋਂ ਵਿਧਾਨ ਸਭਾ ਲਈ ਉਮੀਦਵਾਰ ਬਣਾ ਲਿਆ। ਲੋਕਾਂ ਨੇ ਜੇਲ੍ਹ ਵਿੱਚ ਬੈਠੇ ਕਾਮਰੇਡ ਜੋਗਾ ਜੀ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਉਹ ਤਿੰਨ ਵਾਰ ਫੇਰ (1962, 1967 ਅਤੇ 1972) ਵਿੱਚ ਮਾਨਸਾ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ।

ਵਿੱਕੀਪੀਡੀਆ ਲੇਖ ਮੁਤਾਬਿਕ, ਕਾ. ਜਗੀਰ ਸਿੰਘ ਜੋਗਾ ਦੇ ਜਨਮ ਅਸਥਾਨ ਬਾਰੇ ਵੱਖ-ਵੱਖ ਲਿਖਤਾਂ ਮਿਲਦੀਆਂ ਹਨ ਪਰ ਡਾ ਜਗਤਾਰ ਸਿੰਘ ਜੋਗਾ ਜੀ ਨਾਲ ਇੱਕ ਮੁਲਾਕਾਤ ਵਿੱਚ ਜੋਗਾ ਜੀ ਨੇ ਆਪਣਾ ਜਨਮ ਸਥਾਨ ਕੁਆਲਾਲੋਮਪਰ (ਮਲਾਇਆ)ਬਿਆਨ ਕੀਤਾ ਹੈ। ਉਨ੍ਹਾਂ ਦਾ ਜਨਮ 11 ਅਕਤੂਬਰ, 1908 ਵਿੱਚ ਨੰਬਰਦਾਰ ਉੱਤਮ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਉਹ ਅੱਠ ਭੈਣ ਭਰਾਵਾਂ ਵਿਚੋਂ, ਭੈਣ ਧਨ ਕੌਰ ਤੋਂ ਬਾਅਦ ਬਾਕੀਆਂ ਵਿਚੋਂ ਸਭ ਤੋਂ ਵੱਡੇ ਸਨ। ਬਲਵੀਰ ਕੌਰ ਨਾਲ ਸ਼ਾਦੀ ਹੋਈ ਅਤੇ ਦੋ ਬੱਚੇ, ਬੇਟਾ ਗੁਰਦਰਸ਼ਨ ਸਿੰਘ ਅਤੇ ਬੇਟੀ ਅੰਮ੍ਰਿਤਪਾਲ ਕੌਰ ਉਨ੍ਹਾਂ ਦੇ ਘਰ ਜਨਮੇ।

ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਜੋਗਾ ਦੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਤੋਂ ਅਤੇ ਅਗਲੀ ਪੜ੍ਹਾਈ ਰਾਜਿੰਦਰਾ ਸਕੂਲ ਬਠਿੰਡਾ ਤੋਂ ਕੀਤੀ। ਦਸਵੀਂ ਜਮਾਤ ਵਿੱਚ ਪੜਦਿਆਂ ਆਪਣੇ ਅਧਿਆਪਕਾਂ ਕਰਮਚੰਦ ਅਤੇ ਬਰਮਾਨੰਦ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ 14 ਸਾਲ[4] ਦੀ ਛੋਟੀ ਉਮਰ ਵਿੱਚ ਹੀ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਏ। ਆਪਣੇ ਅਧਿਆਪਕਾ ਦੇ ਪ੍ਰਭਾਵ ਹੇਠ ਦਸਵੀਂ ਜਮਾਤ ਦੇ ਪੇਪਰ ਦੇਣ ਪਿੱਛੋਂ ਉਹ ਆਪਣੇ 14 ਹੋਰ ਸਾਥੀਆਂ ਨਾਲ ਲਾਹੌਰ ਮੋਰੀ ਗੇਟ ਵਿਖੇ ਹੋ ਰਹੇ ਜਲਸੇ ਵਿੱਚ ਜਾ ਸ਼ਾਮਲ ਹੋਏ। ਇਹ ਉਨ੍ਹਾਂ ਦੀ ਪਹਿਲੀ ਸਿਆਸੀ ਸਰਗਰਮੀ ਸੀ।

ਉੱਥੇ ਉਨ੍ਹਾਂ ਬਾਬਾ ਖੜਕ ਸਿੰਘ,ਲਾਲਾ ਲਾਜਪਤ ਰਾਏ,ਅਬਦੁਲ ਕਦਰ ਕਸੂਰੀ ਤੇ ਸਰਦੂਲ ਸਿੰਘ ਕਵੀਸ਼ਰ ਵਰਗੇ ਵੱਡੇ ਆਗੂਆਂ ਦੇ ਵਿਚਾਰ ਸੁਣੇ। ਉਸੇ ਸ਼ਾਮ ਬਰੈਡਲੇ ਹਾਲ ਲਾਹੌਰ ਵਿੱਚ ਇੱਕ ਸੈਮੀਨਾਰ ਹੋ ਰਿਹਾ ਸੀ,ਇਹ ਸਾਰੇ ਸਾਥੀ ਉੱਥੇ ਜਾ ਪਹੁੰਚੇ। ਨੈਸ਼ਨਲ ਕਾਲਜ ਦੇ ਮੁਖੀ ਸ਼ਬੀਲ ਦਾਸ ਜੀ ਤੇ ਭਾਸ਼ਣ ਤੋਂ ਐਨੇ ਪਰਭਾਵਤ ਹੋਏ ਕਿ ਸਵਦੇਸ਼ੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਆਪਣੇ ਸਾਥੀਆਂ ਸਮੇਤ ਇੱਕ ਸ਼ਰਾਬ ਦੇ ਠੇਕੇ ਅੱਗੇ ਧਰਨਾ ਲਗਾ ਦਿੱਤਾ ਜਿਸ ਕਰ ਕੇ ਉਨ੍ਹਾਂ ਨੂੰ ਇੱਕ ਸਾਲ ਦੀ ਕੈਦ ਹੋ ਗਈ ਸੀ।ਲਾਹੌਰ ਜੇਲ੍ਹ ਵਿਚੋਂ ਰਿਹਾ ਹੋਣ ਤੋਂ ਬਾਅਦ ਉਹ ਅਮਰਿੱਤਸਰ ਪਹੁੰਚੇ ਤੇ ਭਾਈ ਫੇਰੂ ਮੋਰਚੇ ਵਿੱਚ ਸ਼ਾਮਲ ਹੋ ਗਏ ਇੱਥੇ ਵੀ ਉਨ੍ਹਾਂ ਨੂੰ ਇੱਕ ਸਾਲ ਦੀ ਕੈਦ ਹੋ ਗਈ। ਉਹ ਅਕਾਲੀ ਦਲ ਦੀ ਪਟਿਆਲਾ ਰਿਆਸਤੀ ਕਮੇਟ ਦੇ ਜਨਰਲ/ਸਕੱਤਰ ਵੀ ਰਹੇ ਤੇ ਉੱਪਰਲੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ|ਕੁੱਲ ਮਿਲਾ ਕੇ ਜਗੀਰ ਸਿੰਘ ਜੋਗਾ ਨੇ ਆਪਣੀ ਜ਼ਿੰਦਗੀ ਦੇ ਲਗਭਗ 14 ਸਾਲ (ਲਾਹੌਰ, ਅੰਮ੍ਰਿਤਸਰ, ਕੈਮਲਪੁਰ, ਪਟਿਆਲਾ ਰਿਆਸਤ ਅਤੇ ਨਾਭਾ ਦੀਆਂ)ਜੇਲ੍ਹਾਂ ਵਿੱਚ ਬਿਤਾਏ।ਉਨ੍ਹਾਂ ਨੇ ਅਕਾਲੀ ਮੋਰਚਿਆਂ, ਪਰਜਾ ਮੰਡਲ ਲਹਿਰ, ਮੁਜ਼ਾਰਾ ਲਹਿਰ, ਲਾਲ ਪਾਰਟੀ ਅਤੇ ਕਮਿਊਨਿਸਟ ਪਾਰਟੀ ਦੇ ਸੰਘਰਸ਼ਾਂ ਵਿੱਚ ਸਰਗਰਮ ਹਿੱਸਾ ਲਿਆ।

ਭਾਰਤ ਦੇ ਆਜ਼ਾਦੀ ਅੰਦੋਲਨ ਜਦੋਂ ਅੰਗਰੇਜ਼ੀ ਰਾਜ ਦੇ ਨਾਲ ਨਾਲ ਰਜਵਾੜਾਸ਼ਾਹੀ ਦੇ ਖ਼ਿਲਾਫ਼ ਦੇਸੀ ਪਰਜਾ ਨੂੰ ਵੀ ਲਾਮਬੰਦ ਕਰਨ ਵੱਲ ਅੱਗੇ ਵਧਿਆ ਤਾਂ ਪੰਜਾਬ ਵਿੱਚ ਇਹ ਲਹਿਰ ਤੇਜ਼ੀ ਨਾ ਫੈਲ ਗਈ। 1928 ਵਿੱਚ ਮਾਨਸਾ ਵਿਖੇ ਪਰਜਾ ਮੰਡਲ ਦੀ ਨੀਂਹ ਰੱਖੀ ਗਈ। ਇਸ ਦੇ ਨੇਤਾਵਾਂ ਵਿੱਚ ਸ. ਸੇਵਾ ਸਿੰਘ ਠੀਕਰੀਵਾਲਾ, ਭਗਵਾਨ ਸਿੰਘ ਲੌਂਗੋਵਾਲੀਆ, ਜਸਵੰਤ ਸਿੰਘ ਦਾਨੇਵਾਲੀਆ, ਮਾਸਟਰ ਹਰੀ ਸਿੰਘ, ਚੌਧਰੀ ਸ਼ੇਰ ਜੰਗ ਅਤੇ ਕਾਮਰੇਡ ਜਗੀਰ ਸਿੰਘ ਜੋਗਾ ਮੁੱਖ ਸਨ।ਜਦੋਂ 1928 ਵਿੱਚ ਪਰਜਾ-ਮੰਡਲ ਦੀ ਨੀਂਹ ਰੱਖੀ ਜਾ ਰਹੀ ਸੀ ਉਸ ਸਮੇਂ ਜੋਗਾ ਜੀ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਸਨ। ਇਸ ਜਥੇਬੰਦੀ ਦਾ ਮੁਖੀ ਸ. ਸੇਵਾ ਸਿੰਘ ਠੀਕਰੀਵਾਲਾ ਤੇ ਜ/ਸਕੱਤਰ ਜਸਵੰਤ ਸਿੰਘ ਦਾਨੇਵਾਲੀਆ ਬਣਾਏ ਗਏ।

1929 ਵਿੱਚ ਬੰਬਈ ਵਿਖੇ ਕਾਂਗਰਸ ਦਾ ਇਜਲਾਸ ਹੋਇਆ ਜਿਸ ਵਿੱਚ ਪਰਜਾ ਮੰਡਲ ਲਹਿਰ ਦਾ 20 ਮੈਂਬਰੀ ਗਰੁੱਪ ਸ਼ਾਮਲ ਹੋਇਆ। ਉਹ ਮਹਾਤਮਾ ਗਾਂਧੀ ਤੇ ਪੰਡਿਤ ਨਹਿਰੂ ਨੂੰ ਮਿਲੇ ਤੇ ਜ਼ੋਰ ਪਾਇਆ ਕਿ ਰਿਆਸਤਾਂ ਖ਼ਿਲਾਫ਼ ਵੀ ਅੰਗਰੇਜ਼ੀ ਹਕੂਮਤ ਵਿਰੁੱਧ ਚੱਲ ਰਹੀ ਲੜਾਈ ਵਾਂਗ ਹੀ ਮੋਰਚਾ ਖੋਲਿਆ ਜਾਵੇ। ਕੌਮੀ ਨੇਤਾਵਾਂ ਵੱਲੋਂ ਬਦੇਸ਼ੀ ਹਾਕਮਾਂ ਤੇ ਰਿਆਸਤੀ ਹਾਕਮਾਂ ਵਿਰੁੱਧ ਘੋਲ ਨੂੰ ਇੱਕ-ਮਿੱਕ ਨਾਂ ਕਰਨ ਦੀ ਸਲਾਹ ਮੰਨ ਕੇ ਸਾਰੀਆਂ ਰਿਆਸਤਾਂ ਅੰਦਰ ਸਾਂਝੀ ਲਹਿਰ ਖੜੀ ਕਰਨ ਲਈ ਪਰਜਾ ਮੰਡਲ ਦੀ ਕੌਮੀ ਕਮੇਟੀ ਬਣਾਈ ਗਈ,ਜਿਸ ਦਾ ਪਰਧਾਨ ਅਮ੍ਰਿਤ ਲਾਲ ਸੇਠ ਜੀ ਨੂੰ ਬਣਾਇਆ।

ਸ਼ੇਖ਼ ਅਬਦੁੱਲਾ,ਸਾਦਿਕ ਹੁਸੈਨ,ਸੇਵਾ ਸਿੰਘ ਠੀਕਰੀਵਾਲਾ ਤੇ ਭਗਵਾਨ ਸਿੰਘ ਲੌਂਗੋਵਾਲ ਵੀ ਇਸ ਕਮੇਟੀ ਦੇ ਮੈਂਬਰ ਸਨ। 1930 ਵਿੱਚ ਬਰੈਡਲੇ ਹਾਲ ਲਾਹੌਰ ਵਿਖੇ ਪਰਜਾ ਮੰਡਲ ਦੀ ਪਹਿਲੀ ਕਾਨਫ਼ਰੰਸ ਕੀਤੀ ਗਈ ਜਿੱਥੇ ਪ੍ਰਜ ਮੰਡਲ ਲਹਿਰ ਦਾ ਪਰੋਗਰਾਮ,ਕੰਮ-ਕਰ ਤੇ ਨਿਯਮ ਨਿਸ਼ਚਿਤ ਕੀਤੇ ਗਏ। ਪਰਜਾ ਮੰਡਲ ਇੱਕ ਪਾਰਟੀ ਨਹੀਂ ਬਲਕਿ ਇੱਕ ਲਹਿਰ ਸੀ,ਜਿਸ ਅੰਦਰ ਅਕਾਲੀ,ਕਾਂਗਰਸੀ,ਕਮਿਊਨਿਸਟ ਤੇ ਹੋਰ ਵੱਖ-ਵੱਖ ਵਿਚਾਰਾਂ ਵਾਲੇ ਲੋਕ ਇਕੱਠੇ ਹੀ ਕੰਮ ਕਰਦੇ ਸਨ। ਨਿਸ਼ਾਨਾ ਸਭ ਦਾ ਇੱਕ ਹੀ ਸੀ,ਕੌਮੀ ਆਜ਼ਾਦੀ ਤੇ ਰਾਜਿਆਂ ਦਾ ਗ਼ਲਬਾ ਤੋੜਨਾ।

1946 ਵਿੱਚ ਜੋਗਾ ਜੀ ਪਰਜਾ ਮੰਡਲ ਦੇ ਪਰਧਾਨ ਬਣੇ।ਮਾਲਵੇ ਦੇ ਇਲਾਕੇ ਵਿੱਚ ਇੱਕ ਚਰਚਾ ਬੜੀ ਮਸ਼ਹੂਰ ਹੈ ਕਿ ਇੱਕ ਵਾਰੀ ਪਟਿਆਲਾ ਰਿਆਸਤ ਦਾ ਰਾਜਾ ਯਾਦਵਿੰਦਰ ਸਿੰਘ(ਕਾਂਗਰਸੀ ਆਗੂ ਅਮਰਿੰਦਰ ਸਿੰਘ ਜੀ ਦਾ ਬਾਪ)ਜੋਗੇ ਪਿੰਡ ਆਇਆ ਤਾਂ ਲੋਕ ਜੋਗਾ ਜੀ ਨੂੰ ਨਾਲ ਲੈ ਕੇ ਨਹਿਰੀ ਕੋਠੀ ਗਏ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਿਕਲ ਸਕੇ। ਉਨ੍ਹਾਂ ਸਮਿਆਂ ਵਿੱਚ ਜੋ ਵੀ ਰਾਜੇ ਨੂੰ ਮਿਲਣਾ ਚਾਹੁੰਦਾ ਸੀ ਉਹ ਪਹਿਲਾਂ ਰਾਜੇ ਦੇ ਪੈਰੀਂ ਹੱਥ ਜ਼ਰੂਰ ਲਾਉਦਾ ਸੀ,ਪਰ ਜੋਗਾ ਜੀ ਸੱਤ -ਸਿਰੀ ਅਕਾਲ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਦੱਸਣ ਲੱਗੇ ਤਾਂ ਰਾਜਾ ਗ਼ੁੱਸੇ ਵਿੱਚ ਆ ਗਿਆ।

ਰਾਜਾ ਯਾਦਵਿੰਦਰ ਸਿੰਘ ਜੀ ਐਨੇ ਗ਼ੁੱਸੇ ਵਿੱਚ ਆ ਗਏ ਕਿ ਜੋਗਾ ਜੀ ਨੂੰ ਕਹਿਣ ਲੱਗੇ ਬੰਦਾ ਬਣ ਬੰਦਾ,ਜੇਲ੍ਹ ਵਿੱਚ ਬੰਦ ਕਰਦੂ ਫਾਂਸੀ ਚਾੜ ਦੇਵਾਂਗਾ। ਜੋਗਾ ਜੀ ਓਵੇਂ ਹੀ ਖੜੇ ਰਹੇ ਤੇ ਕਿਹਾ ਜੋ ਮਰਜ਼ੀ ਕਰ ਲਿਆ ਜੇ,ਪਰ ਜੇ ਜੁਗਾਂਤ ਲਾਈ ਹੈ ਤਾਂ ਸਹੂਲਤਾਂ ਵੀ ਦਿਓ,ਠੀਕਰੀ ਪਹਿਰੇ ਦੀਆਂ ਮੁਸ਼ਕਲਾਂ ਦੂਰ ਕਰੋ। ਚੰਗਾ ਇਹ ਹੋਇਆ ਕਿ ਅਗਲੇ ਦਿਨ ਹੀ ਪਿੰਡ ਦੀ ਜੁਗਾਂਤ ਬੰਦ ਕਰਨ ਦੇ ਹੁਕਮ ਹੋ ਗਏ ਤੇ ਠੀਕਰੀ ਪਹਿਰਾ ਵੀ ਬੰਦ ਹੋ ਗਿਆ। ਇਹਨਾਂ ਸਮਿਆਂ ਦੌਰਾਨ ਜੋਗਾ ਜੀ ਪਰਜਾ ਮੰਡਲ ਆਗੂ ਹੋਣ ਦੇ ਨਾਲ-ਨਾਲ ਆਜ਼ਾਦੀ ਲਹਿਰ ਦੀ ਮੁੱਖ ਪਾਰਟੀ ਕਾਂਗਰਸ ਦੇ ਵੀ ਚੋਟੀ ਦੇ ਆਗੂ ਸਨ।

ਪਰਜਾ ਮੰਡਲ ਵੱਲੋਂ ਰਿਆਸਤਾਂ ਵਿਰੁੱਧ ਸੰਘਰਸ਼ ਤੇ ਜੇਲ੍ਹ ਦੀ ਯਾਤਰਾ ਦੌਰਾਨ ਤੇਜਾ ਸਿੰਘ ਸੁਤੰਤਰ ਜੀ ਵਰਗੇ ਮਹਾਨ ਕਮਿਊਨਿਸਟ ਆਗੂਆਂ ਦੇ ਸਟੱਡੀ ਸਰਕਲ ਲਏ[5] ਅਤੇ ਹੌਲੀ ਹੌਲੀ ਅਕਾਲੀ ਪ੍ਰਭਾਵਾਂ ਤੋਂ ਮੁਕਤ ਹੋ ਕੇ ਕਮਿਊਨਿਸਟ ਲਹਿਰ ਦੇ ਨੇੜੇ ਲੱਗੇ।ਜੋਗਾ ਜੀ ਨੇ ਜਦੋਂ ਫ਼ੈਸਲਾ ਕਰ ਲਿਆ ਕਿ ਉਹ ਪਰਜਾ ਮੰਡਲ ਵਿੱਚ ਤਾਂ ਰਹਿਣਗੇ ਪਰ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਸੰਘਰਸ਼ ਕਰਨਗੇ ਤਾਂ ਇੱਕ ਅਜੀਬ ਹੀ ਮੁਸ਼ਕਿਲ ਸਾਹਮਣੇ ਆ ਖੜੀ। ਜੋਗਾ ਜੀ ਉਸ ਸਮੇਂ ਪਰਜਾ ਮੰਡਲ ਦੇ ਖ਼ਜ਼ਾਨਚੀ ਸਨ ਤੇ ਉਨ੍ਹਾਂ ਕੋਲ ਪਰਜਾ ਮੰਡਲ ਲਹਿਰ ਦੀ 75 ਹਜ਼ਾਰ ਦੀ ਪੂੰਜੀ ਜਮਾਂ ਪਈ ਸੀ।

ਪਰਜਾ ਮੰਡਲ ਲਹਿਰ ਦੇ ਕਮਿਊਨਿਸਟ ਵਿਚਾਰਾਂ ਵਾਲੇ ਸਾਥੀਆਂ ਦਾ ਵਿਚਾਰ ਸੀ ਕਿ ਕਿਉਂਕਿ ਇਹ ਪੂੰਜੀ ਸਾਂਝੀ ਲਹਿਰ ਦੀ ਹੈ ਇਸ ਲਈ ਇਸਨੂੰ ਕਮਿਊਨਿਸਟ ਸਰਗਰਮੀਆਂ ਲਈ ਵਰਤਣਾ ਚਾਹੀਦਾ ਹੈ। ਜੋਗਾ ਜੀ ਦੇ ਦੱਸਣ ਮੁਤਾਬਿਕ ਕਾਮਰੇਡ ਸੁਤੰਤਰ ਜੀ ਨੇ ਕਿਹਾ ਕਿ ਇਹ ਪੂੰਜੀ ਸਾਂਝੀ ਲਹਿਰ ਦੀ ਹੈ ਤੇ ਇਸਨੂੰ ਪਰਜਾ ਮੰਡਲ ਲਹਿਰ ਨੂੰ ਵਾਪਸ ਕਰਨਾ ਹੀ ਠੀਕ ਰਸਤਾ ਹੈ। ਜੋਗਾ ਜੀ ਨੇ ਉਹ 75 ਹਜ਼ਾਰ ਦੀ ਪੂੰਜੀ(ਅੱਜ ਦੇ ਕਰੋੜਾਂ ਰੁਪਏ)ਬ੍ਰਿਸ਼੍ਭਾਨ ਤੇ ਗਿਆਨੀ ਜ਼ੈਲ ਸਿੰਘ ਨੂੰ ਸੌਂਪ ਦਿੱਤੇ। ਜੋਗਾ ਜੀ ਨੇ ਇਹ ਗੱਲ ਸਮਝ ਲਈ ਸੀ ਕਿ ਜੇ ਰਿਆਸਤਾਂ ਦਾ ਖ਼ਾਤਮਾ ਕਰਨਾ ਹੈ ਤਾਂ ਜਾਗੀਰਦਾਰਾਂ ਦੀ ਜਕੜ ਤੋੜਨੀ ਜ਼ਰੂਰੀ ਹੈ ਇਸ ਲਈ ਉਹ ਪੂਰੇ ਜੋਸ਼ ਖਰੋਸ਼ ਨਾਲ ਮੁਜ਼ਾਰਾ ਲਹਿਰ ਦੀਆਂ ਮੋਹਰਲੀਆਂ ਕਤਾਰਾਂ ਵਿੱਚ ਸਰਗਰਮ ਰਹੇ। ਜੋਗਾ ਜੀ ਨੇ ਮੁਜ਼ਾਰਾ ਲਹਿਰ ਦੇ ਆਗੂ ਹੁੰਦਿਆਂ ਕਦੇ ਵੀ ਹਥਿਆਰ ਨਹੀਂ ਚੁੱਕੇ,ਕਿਉਂਕਿ ਕਾਮਰੇਡ ਸੁਤੰਤਰ ਜੀ ਨੇ ਦੋ ਵੱਖ-ਵੱਖ ਫ਼ਰੰਟ ਬਣਾਏ ਹੋਏ ਸੀ,ਇੱਕ ਜਨਤਕ ਤੇ ਦੂਜਾ ਗੁਰੀਲਾ ਫ਼ਰੰਟ। ਜੋਗਾ ਜੀ ਜਨਤਕ ਮੋਰਚੇ ਦੇ ਮੋਹਰੀ ਆਗੂ ਸਨ।

1954 ਵਿੱਚ ਜਗੀਰ ਸਿੰਘ ਮੁਜ਼ਾਰਾ ਲਹਿਰ ਦੇ ਧੜੱਲੇਦਾਰ ਆਗੂ ਹੋਣ ਕਰ ਕੇ ਜੇਲ੍ਹ ਵਿੱਚ ਬੰਦ ਸਨ ਕਿ 1954 ਦੀਆਂ ਵਿਧਾਨਸਭਾ ਚੋਣਾ ਦਾ ਐਲਾਨ ਹੋ ਗਿਆ।ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਾਲੀ ਲਾਲ ਪਾਰਟੀ(ਕਮਿਊਨਿਸਟ)ਨੇ ਉਨ੍ਹਾਂ ਨੂੰ ਮਾਨਸਾ ਹਲਕੇ ਤੋਂ ਵਿਧਾਨ ਸਭਾ ਲਈ ਉਮੀਦਵਾਰ ਬਣਾ ਲਿਆ। ਲੋਕਾਂ ਨੇ ਜੇਲ੍ਹ ਵਿੱਚ ਬੈਠੇ ਕਾਮਰੇਡ ਜੋਗਾ ਜੀ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਉਹ ਤਿੰਨ ਵਾਰ ਫੇਰ (1962, 1967 ਅਤੇ 1972) ਵਿੱਚ ਮਾਨਸਾ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ।

ਜੋਗਾ ਜੀ ਨੇ ਆਪਣੇ ਲੰਮੇ ਸਿਆਸੀ ਜੀਵਨ ਵਿੱਚ ਅਲੱਗ-ਅਲੱਗ ਵਿਚਾਰਧਾਰਾ ਵਾਲੇ ਲੋਕਾਂ ਨਾਲ ਕੰਮ ਕੀਤਾ ਸੀ ਪਰ ਉਹ ਸਭ ਤੋਂ ਵੱਧ ਤੇਜਾ ਸਿੰਘ ਸੁਤੰਤਰ ਜੀ ਦੀ ਸ਼ਖ਼ਸੀਅਤ ਤੋਂ ਪਰਭਾਵਤ ਸਨ। ਸੁਤੰਤਰ ਜੀ ਦਾ ਐਨਾ ਹਰਦਿਲ-ਅਜ਼ੀਜ਼ ਬਣਨ ਦਾ ਕਾਰਨ ਸੀ, ਹਮੇਸ਼ਾ ਹੱਕ ਦੀ ਲੜਾਈ ਲੜਨਾ ਤੇ ਸਹੀ ਯੁੱਧਨੀਤਿਕ ਦਾਅ-ਪੇਚ ਅਪਣਾਉਣੇ। ਜੋਗਾ ਜੀ ਸੁਤੰਤਰ ਦੀ ਇਮਾਨਦਾਰੀ ਤੇ ਕੁਰਬਾਨੀ ਤੋਂ ਹਮੇਸ਼ਾ ਹੀ ਅਗਵਾਈ ਲੈਂਦੇ ਸਨ। ਉਨ੍ਹਾਂ ਮੁਤਾਬਿਕ ਜਦੋਂ ਉਨ੍ਹਾਂ ਪਰਜਾ ਮੰਡਲ (ਕਾਂਗਰਸ)ਤੋਂ ਅਸਤੀਫ਼ਾ ਦਿੱਤਾ ਤਾਂ ਉਸ ਸਮੇਂ ਉਹਨਾ ਕੋਲ ਪਰਜਾ ਮੰਡਲ ਦਾ 75000 ਫ਼ੰਡ ਜਮਾਂ ਸੀ ਇਸ ਬਾਰੇ ਜਦੋਂ ਜੋਗਾ ਜੀ ਕਮਿਊਨਿਸਟ ਪਾਰਟੀ ਦੇ ਆਗੂਆਂ ਨਾਲ ਗੱਲ ਕੀਤੀ ਕਿ ਇਸ ਫ਼ੰਡ ਦੇ ਪੈਸੇ ਦਾ ਕੀ ਕਰਾਂ ਤਾਂ ਕੁੱਝ ਨੇ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਇਸ ਨੂੰ ਆਪਣੀ ਪਾਰਟੀ ਲਈ ਵਰਤ ਲਓ।

ਤੇਜਾ ਸਿੰਘ ਸੁਤੰਤਰ ਜੀ ਦੀ ਜੋਗਾ ਜੀ ਨੇ ਸਲਾਹ ਮੰਗੀ ਤਾਂ ਉਨ੍ਹਾਂ ਸਾਫ਼ ਤੋਰ ਤੇ ਕਿਹਾ ਕਿ ਪੈਸੇ ਦੇ ਮਸਲੇ ‘ਚ ਕੋਈ ਰੋਲਾ ਨਹੀਂ ਪਾਉਣਾ,ਜਿਸ ਪਾਰਟੀ ਦਾ ਫ਼ੰਡ ਹੈ ਉਸ ਨੂੰ ਦੇ ਦਿਓ। ਜੋਗਾ ਜੀ ਨੇ ਸੁਤੰਤਰ ਜੀ ਦੀ ਇਸ ਨੂੰ ਆਹਲਾ ਦਰਜੇ ਦੀ ਰਾਇ ਨੂੰ ਸਮਝਦੇ ਹੋਏ 75000 ਦੀ ਇਹ ਰਕਮ ਸ਼ਿਰੀ ਬਰਿਸ਼ ਭਾਣ ਤੇ ਗਿਆਨੀ ਜ਼ੈਲ ਸਿੰਘ ਦੇ ਹਵਾਲੇ ਕਰ ਦਿੱਤੀ|ਜੋਗਾ ਜੀ ਸੇਵਾ ਸਿੰਘ ਠੀਕਰੀਵਾਲਾ ਨੂੰ ਬੜੀ ਹੀ ਉੱਚੀ-ਸੁੱਚੀ ਸ਼ਖ਼ਸੀਅਤ ਵਾਲਾ ਵਿਅਕਤੀ ਮੰਨਦੇ ਸਨ। ਉਹ ਬੋਲਦੇ ਬਹੁਤ ਹੀ ਘੱਟ ਸਨ ਪਰ ਹਰਮਨ ਪਿਆਰੇ ਆਗੂ ਸਨ,ਹਮੇਸ਼ ਜਥੇਬੰਦੀ ਲਈ ਕੰਮ ਕਰਦੇ ਰਹਿੰਦੇ ਸਨ।

ਜੋਗਾ ਜੀ, ਮੁਜ਼ਾਰਾ ਲਹਿਰ ਦੇ ਆਪਣੇ ਸਾਥੀ ਧਰਮ ਸਿੰਘ ਫ਼ੱਕਰ ਨੂੰ ਕੁਰਬਾਨੀ ਤੇ ਇਮਾਨਦਾਰੀ ਦਾ ਸਿਖਰ ਮੰਨਦੇ ਸਨ,ਉਹ ਪੜਿਆ-ਲਿਖਿਆ ਵੀ ਬਹੁਤ ਸੀ। ਉਹ ਮੁਜ਼ਾਰਿਆਂ ਵਿਚੋਂ ਹੀ ਸੀ ਤੇ ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਭਾਰੀ ਕੰਮ ਕੀਤਾ। ਉਸ ਨੂੰ ਆਜ਼ਾਦੀ ਦੀ ਬੜੀ ਹੀ ਲੱਗਣ ਸੀ। ਸੱਤਪਾਲ ਡਾਂਗ ਨੂੰ ਜੋਗਾ ਜੀ ਠੀਕ ਦਰਿਸ਼ਟੀ ਵਾਲਾ,ਮਿਹਨਤੀ, ਸਮਝਦਾਰ ਤੇ ਇਨਸਾਫ਼ ਪਸੰਦ ਮਨੁੱਖ ਮੰਨਦੇ ਸਨ। ਪੰਜਾਬ ਵਿੱਚ ਅੱਤਵਾਦ ਦੇ ਮਾੜੇ ਦਿਨਾਂ ਵਿੱਚ ਵੀ ਡਾਂਗ ਅਮਰਿੱਤਸਰ ਸ਼ਹਿਰ ਵਿੱਚ ਰਹਿ ਕੇ ਬੜੀ ਹੀ ਨਿਡਰਤਾ ਨਾਲ ਕੰਮ ਕਰਦਾ ਰਿਹਾ।

ਜੋਗਾ ਜੀ ਨੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਬੇਅੰਤ ਸਿੰਘ ਦੀ ਗਿਆਨ ਸਿੰਘ ਰਾੜੇਵਾਲੇ ਵਿਰੁੱਧ ਚੋਣ ਵਿੱਚ ਮਦਦ ਕੀਤੀ ਸੀ,ਤੇ ਬੇਅੰਤ ਸਿੰਘ ਉਸ ਸਮੇਂ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਜੋਗਾ ਜੀ ਸਮਝਦੇ ਸਨ ਕਿ ਬੇਅੰਤ ਸਿੰਘ ਮੁੱਖ-ਮੰਤਰੀ ਵਜੋਂ ਆਪਣੇ ਮਿਸ਼ਨ ਵਿੱਚ ਕਾਮਯਾਬ ਰਿਹਾ ਤੇ ਪੰਜਾਬ ਵਿੱਚ ਸ਼ਾਂਤੀ ਸਥਾਪਿਤ ਕਰਨ ਵਿੱਚ ਉਸ ਦਾ ਹੀ ਮੁੱਖ ਯੋਗਦਾਨ ਹੈ। ਬੈਂਕਾਂ ਦੇ ਰਾਸ਼ਟ੍ਰੀਯਕਰਣ ਦੀ ਮੁਹਿੰਮ ਲਈ ਸੀਪੀਆਈ ਵੱਲੋਂ ਛੇੜੀ ਗਈ ਮੁਹਿੰਮ ਦੌਰਾਨ ਉਨ੍ਹਾਂ ਬਠਿੰਡਾ ਜ਼ਿਲ੍ਹੇ ਵਿੱਚ ਲਹਿਰ ਦੀ ਅਗਵਾਈ ਕੀਤੀ।


ਪੰਜਾਬੀ ਟ੍ਰਿਬਿਊਨ ਦੇ ਲੇਖ ਮੁਤਾਬਿਕ, ਪਿੰਡ ਦਲੇਲਵਾਲਾ (ਜ਼ਿਲ੍ਹਾ ਮਾਨਸਾ) ਵਿਚ 18 ਮਾਰਚ 1902 ਨੂੰ ਇੱਕ ਦਸਤਕਾਰ ਹੀਰਾ ਸਿੰਘ ਦੇ ਘਰ ਧਰਮ ਸਿੰਘ ਫ਼ੱਕਰ ਨੇ ਜਨਮ ਲਿਆ।

1954 ਵਿਚ ਜ਼ਿਮਨੀ ਚੋਣ ਹੋਈ। ਇਸ ਚੋਣ ਦੌਰਾਨ ਕਾਮਰੇਡ ਧਰਮ ਸਿੰਘ ਫ਼ੱਕਰ ਨੂੰ ਹਲਕਾ ਬੁਢਲਾਡਾ ਤੋਂ ਜੇਲ੍ਹ ਵਿਚ ਬੈਠਿਆਂ ਹੀ ਅਸੈਂਬਲੀ ਮੈਂਬਰ ਚੁਣਿਆ ਗਿਆ। 1956 ਵਿਚ ਪੈਪਸੂ ਟੁੱਟਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹਿਮਾਚਲ ਵੱਖ ਵੱਖ ਸੂਬੇ ਬਣ ਗਏ। ਉਹ 1957 ਵਿਚ ਫਿਰ ਹਲਕਾ ਬੁਢਲਾਡਾ ਤੋਂ ਅਸੈਂਬਲੀ ਮੈਂਬਰ ਚੁਣੇ ਗਏ। ਉਨ੍ਹਾਂ ਅਸੈਂਬਲੀ ਅੰਦਰ ਪੇਂਡੂ ਗ਼ਰੀਬਾਂ, ਮੁਜ਼ਾਰਿਆਂ, ਮਜ਼ਦੂਰਾਂ ਕਿਸਾਨਾਂ ਦੀ ਬੜੀ ਦ੍ਰਿੜਤਾ ਤੇ ਦਲੇਰੀ ਨਾਲ ਨੁਮਾਇੰਦਗੀ ਕੀਤੀ। 1966-67 ਵਿਚ ਉਹ ਅਧਰੰਗ ਦਾ ਸ਼ਿਕਾਰ ਹੋ ਗਏ।

ਲੇਖ ਮੁਤਾਬਿਕ, ਅਪਰੈਲ 1919 ਵਿਚ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੀ ਧਰਮ ਸਿੰਘ ਨੇ ਇਰਾਕ ਵਿਚ ਬੈਠਿਆਂ ਖ਼ਬਰ ਪੜ੍ਹੀ। ਉਨ੍ਹਾਂ ਅੰਦਰ ਲੁਟੇਰੀਆਂ ਤਾਕਤਾਂ ਖ਼ਿਲਾਫ਼ ਪੀੜ ਉੱਠੀ ਅਤੇ ਕ੍ਰੋਧ ਉੱਭਰ ਰਿਹਾ ਸੀ। 1919 ਵਿਚ ਉਹ ਇਰਾਕ ਤੋਂ ਵਾਪਸ ਵਤਨ ਪਰਤੇ। ਉਨ੍ਹਾਂ ਦਿਨਾਂ ਵਿਚ ਗੁਰਦੁਆਰਾ ਸੁਧਾਰ ਲਹਿਰ ਸਰਗਰਮ ਸੀ। ਉਹ ਵਾਪਸ ਪਰਤਦਿਆਂ ਹੀ ਇਸ ਲਹਿਰ ਵਿਚ ਕੁੱਦ ਪਏ। ਉਨ੍ਹਾਂ ਅਕਾਲੀ ਦਲ ਵਿਚ ਕੰਮ ਕਰਨ ਦੇ ਨਾਲ ਨਾਲ ਪਰਜਾ ਮੰਡਲ ਵਿਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ।

1928 ਵਿਚ ਮਾਨਸਾ ਵਿਚ ਹੋਈ ਪਰਜਾ ਮੰਡਲ ਦੀ ਕਾਨਫ਼ਰੰਸ ਵਿਚ ਉਨ੍ਹਾਂ ਆਗੂ ਵਜੋਂ ਸਿ਼ਰਕਤ ਕੀਤੀ। 1938 ਵਿਚ ਉਨ੍ਹਾਂ ਪਰਜਾ ਮੰਡਲ ਦੀ ਲੁਧਿਆਣਾ ਕਾਨਫ਼ਰੰਸ ਦੇ ਸਬੰਧ ਵਿਚ ਪਿੰਡ ਪਿੰਡ ਜਾ ਕੇ ਤਿਆਰੀ ਕਰਵਾਈ। ਮਗਰੋਂ ਉਨ੍ਹਾਂ ਨੂੰ ਪਰਜਾ ਮੰਡਲ ਲਹਿਰ ਦੀ ਤਹਿਸੀਲ ਮਾਨਸਾ ਦਾ ਸਕੱਤਰ ਚੁਣਿਆ ਗਿਆ। ਰਜਵਾੜਿਆਂ ਨੇ ਦਫ਼ਾ 144 ਲਾ ਦਿੱਤੀ, ਫੜੋ ਫੜੀ ਜਾਰੀ ਸੀ ਪਰ ਉਹ ਬਿਸਵੇਦਾਰੀ ਖ਼ਿਲਾਫ਼ ਆਵਾਜ਼ ਬਲੰਦ ਕਰਦੇ ਆਪਣੇ ਸਾਥੀਆਂ ਨਾਲ ਪਿੰਡ ਪਿੰਡ ਜਾ ਕੇ ਨਾਅਰੇ ਦੇ ਰਹੇ ਸਨ: ਮੁਜ਼ਾਰਿਆਂ ਦੀ ਲਲਕਾਰ, ਬੇਦਖ਼ਲ ਜ਼ਮੀਨ ਉੱਪਰ ਕਬਜ਼ੇ ਤੇ ਬਟਾਈ ਤੋਂ ਇਨਕਾਰ।

ਅੰਮ੍ਰਿਤਸਰ ਵਿਚ ਪੰਜਾਬ ਕਿਸਾਨ ਸਭਾ ਦਾ ਸੂਬਾਈ ਇਜਲਾਸ ਰੂੜ੍ਹ ਸਿੰਘ ਚੂਹੜ ਚੱਕ ਦੀ ਪ੍ਰਧਾਨਗੀ ਹੇਠ ਹੋਇਆ। ਧਰਮ ਸਿੰਘ ਫ਼ੱਕਰ ਇਸ ਇਜਲਾਸ ਵਿਚ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿਚ ਪਹੁੰਚਿਆ। ਮੁਜ਼ਾਰਾ ਲਹਿਰ ਨੂੰ ਪੰਜਾਬ ਕਿਸਾਨ ਸਭਾ ਨਾਲ ਜੋੜਿਆ।

1945 ਵਿਚ ਦੂਜੇ ਸੰਸਾਰ ਯੁੱਧ ਦੇ ਖ਼ਾਤਮੇ ਅਤੇ ਸੋਵੀਅਤ ਯੂਨੀਅਨ ਦੀ ਜਿੱਤ ਨੇ ਕੌਮਾਂਤਰੀ ਜਮਹੂਰੀ ਲਹਿਰ ਵਿਚ ਤਬਦੀਲੀ ਲਿਆਂਦੀ। ਬਿਸਵੇਦਾਰੀ ਖ਼ਿਲਾਫ਼ ਮੁਜ਼ਾਰਾ ਲਹਿਰ ਵੀ ਸਰਗਰਮ ਹੋਈ। ਦਰਜਨਾਂ ਪਿੰਡਾਂ ਵਿਚ ਬੇਦਖ਼ਲ ਜ਼ਮੀਨਾਂ ਤੇ ਕਬਜ਼ੇ ਕੀਤੇ ਗਏ। ਸੈਂਕੜੇ ਪਿੰਡਾਂ ਵਿਚ ਬਟਾਈ ਦੇਣ ਤੋਂ ਇਨਕਾਰ ਕੀਤਾ ਗਿਆ। ਜਨਤਕ ਲਹਿਰ ਦੇ ਦਬਾਓ ਨੇ ਰਜਵਾੜਾਸ਼ਾਹੀ ਅਤੇ ਪੁਲੀਸ ਨੂੰ ਦਬਾਅ ਦਿੱਤਾ।

1947 ਵਿਚ ਫ਼ਿਰਕੂ ਫ਼ਸਾਦਾਂ ਦਾ ਭਾਂਬੜ ਮੱਚ ਉੱਠਿਆ ਤਾਂ ਧਰਮ ਸਿੰਘ ਫ਼ੱਕਰ ਦੀ ਅਗਵਾਈ ਵਿਚ ਮੁਜ਼ਾਰਾ ਲਹਿਰ ਦੇ ਸਾਥੀਆਂ ਨੇ ਹਜ਼ਾਰਾਂ ਮੁਸਲਮਾਨਾਂ ਨੂੰ ਬਚਾ ਕੇ ਕਾਫ਼ਲਿਆਂ ਦੇ ਰੂਪ ਵਿਚ ਪਾਕਿਸਤਾਨ ਦੀ ਸਰਹੱਦ ਤੱਕ ਪਹੁੰਚਾਇਆ।

ਮਈ 1948 ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਦੀਆਂ ਰਿਆਸਤਾਂ ਤੋੜ ਕੇ ਪੈਪਸੂ ਪ੍ਰਦੇਸ਼ ਹੋਂਦ ਵਿਚ ਲਿਆਂਦਾ। ਧਰਮ ਸਿੰਘ ਫ਼ੱਕਰ ਆਪਣੇ ਸੈਂਕੜੇ ਸਾਥੀਆਂ ਨੂੰ ਨਾਲ ਲੈ ਕੇ ਕਿਸ਼ਨਗੜ੍ਹ ਦੇ ਖੇਤਾਂ ਵਿਚ ਜਾ ਪਹੁੰਚਿਆ ਅਤੇ ਬਿਸਵੇਦਾਰਾਂ ਦੀ ਬੀਜੀ ਕਣਕ ਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ। ਬਿਸਵੇਦਾਰਾਂ ਦਾ ਝੁੰਡ ਲੋਕਾਂ ਦੇ ਇਸ ਹਜੂਮ ਨੂੰ ਦੇਖ ਕੇ ਭੱਜ ਗਿਆ।

ਮੁਜ਼ਾਰਾ ਲਹਿਰ ਦੇ ਸਾਥੀਆਂ ਨੇ 70-80 ਏਕੜ ਕਮਾਦ ਵੱਢ ਕੇ ਪੀੜਨ ਵਾਲਿਆਂ ਦੇ ਹਵਾਲੇ ਕੀਤਾ। ਕਿਸ਼ਨਗੜ੍ਹ ਦੇ ਖੇਤਾਂ ਵਿਚ ਪੁਲੀਸ ਵੀ ਆ ਧਮਕੀ ਅਤੇ ਜ਼ਬਰਦਸਤ ਮੁਕਾਬਲੇ ਦੌਰਾਨ ਪੁਲੀਸ ਨੇ ਧਰਮ ਸਿੰਘ ਫ਼ੱਕਰ ਅਤੇ 80-85 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ।

1954 ਵਿਚ ਜ਼ਿਮਨੀ ਚੋਣ ਹੋਈ। ਇਸ ਚੋਣ ਦੌਰਾਨ ਕਾਮਰੇਡ ਧਰਮ ਸਿੰਘ ਫ਼ੱਕਰ ਨੂੰ ਹਲਕਾ ਬੁਢਲਾਡਾ ਤੋਂ ਜੇਲ੍ਹ ਵਿਚ ਬੈਠਿਆਂ ਹੀ ਅਸੈਂਬਲੀ ਮੈਂਬਰ ਚੁਣਿਆ ਗਿਆ। 1956 ਵਿਚ ਪੈਪਸੂ ਟੁੱਟਣ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹਿਮਾਚਲ ਵੱਖ ਵੱਖ ਸੂਬੇ ਬਣ ਗਏ। ਉਹ 1957 ਵਿਚ ਫਿਰ ਹਲਕਾ ਬੁਢਲਾਡਾ ਤੋਂ ਅਸੈਂਬਲੀ ਮੈਂਬਰ ਚੁਣੇ ਗਏ। ਉਨ੍ਹਾਂ ਅਸੈਂਬਲੀ ਅੰਦਰ ਪੇਂਡੂ ਗ਼ਰੀਬਾਂ, ਮੁਜ਼ਾਰਿਆਂ, ਮਜ਼ਦੂਰਾਂ ਕਿਸਾਨਾਂ ਦੀ ਬੜੀ ਦ੍ਰਿੜਤਾ ਤੇ ਦਲੇਰੀ ਨਾਲ ਨੁਮਾਇੰਦਗੀ ਕੀਤੀ। 1966-67 ਵਿਚ ਉਹ ਅਧਰੰਗ ਦਾ ਸ਼ਿਕਾਰ ਹੋ ਗਏ। 1969 ਵਿਚ ਉਨ੍ਹਾਂ ਨੂੰ ਇਲਾਜ ਲਈ ਮਾਸਕੋ ਭੇਜਿਆ ਗਿਆ।

ਸਤੰਬਰ 1973 ਵਿਚ ਬਠਿੰਡਾ ਵਿਚ ਸਰਬ ਹਿੰਦ ਸਭਾ ਦੀ ਕਾਨਫ਼ਰੰਸ ਹੋਈ ਜਿਸ ਵਿਚ ਉਹ ਬਿਮਾਰ ਹੋਣ ਦੇ ਬਾਵਜੂਦ ਸ਼ਾਮਲ ਹੋਏ। ਇਸ ਕਾਨਫ਼ਰੰਸ ਤੋਂ ਇੱਕ ਮਹੀਨੇ ਬਾਅਦ 25 ਅਕਤੂਬਰ ਵਾਲੇ ਦਿਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਨਵੰਬਰ 1973 ਵਿਚ ਉਹ ਵਿਛੋੜਾ ਦੇ ਗਏ।

ਨੋਟ- ਇਸ ਲੇਖ ਵਿੱਚ ਜਿਨ੍ਹਾਂ ਤਿੰਨ ਕਾਮਰੇਡ ਆਗੂਆਂ ਦੀ ਗੱਲ ਕੀਤੀ ਗਈ ਹੈ, ਉਨ੍ਹਾਂ ਦੀ ਜਾਣਕਾਰੀ ਵਿੱਕੀਪੀਡੀਆ ਅਤੇ ਪੰਜਾਬੀ ਟ੍ਰਿਬਿਊਨ ਦੇ ਲੇਖਾਂ ਵਿਚੋਂ ਲਈ ਗਈ ਹੈ।

ਇਹ ਵੀ ਪੜ੍ਹੋPSEB 8th and 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਕੱਲ੍ਹ 30 ਅਪ੍ਰੈਲ ਨੂੰ ਐਲਾਨੇਗਾ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ‘ਤੇ ਕਰਕੇ ਚੈੱਕ ਕਰ ਸਕਦੇ ਹੋ ਨਤੀਜਾ

ਇਹ ਵੀ ਪੜ੍ਹੋPSEB 8th class result 2024: ਪੰਜਾਬ ਸਕੂਲ ਸਿੱਖਿਆ ਬੋਰਡ 8ਵੀਂ ਜਮਾਤ ਦਾ ਜਲਦੀ ਐਲਾਨੇਗਾ ਨਤੀਜਾ, ਇੰਝ ਕਰੋ ਚੈੱਕ

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਇਹ ਵੀ ਪੜ੍ਹੋPSEB 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ! ਇਸ ਲਿੰਕ ਤੇ ਕਲਿੱਕ ਕਰਕੇ ਚੈੱਕ ਕਰੋ ਨਤੀਜਾ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments