Join WhatsApp

Join Now

Punjab Census 2027: ਜਨਗਣਨਾ-2027 ਤਹਿਤ 16 ਨਵੰਬਰ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ!

On: November 2, 2026 2:40 PM

 

Punjab Census 2027: ਜਨਗਣਨਾ-2027 ਤਹਿਤ 16 ਨਵੰਬਰ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ ਦੀ ਸਹੂਲਤ

30 ਨਵੰਬਰ ਤੱਕ ਨਾਗਰਿਕ ਘਰ ਬੈਠੇ ਆਨਲਾਈਨ ਦਰਜ ਕਰ ਸਕਣਗੇ ਆਪਣੇ ਪਰਿਵਾਰ ਦੀ ਜਾਣਕਾਰੀ – ਡਿਪਟੀ ਕਮਿਸ਼ਨਰ ਸਾਗਰ ਸੇਤੀਆ

ਮੋਗਾ, 2 ਨਵੰਬਰ 2026- ਭਾਰਤ ਦੀ ਪਹਿਲੀ ਡਿਜੀਟਲ ਜਨਗਣਨਾ-2027 ਵਿੱਚ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ, 2026 ਤੱਕ ਚਲਾਈ ਜਾਵੇਗੀ। ਇਸ ਦੌਰਾਨ ਨਾਗਰਿਕਾਂ ਨੂੰ ਘਰ ਬੈਠੇ ਆਨਲਾਈਨ ਮਾਧਿਅਮ ਰਾਹੀਂ ਆਪਣੇ ਪਰਿਵਾਰ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਦਰਜ ਕਰਵਾਉਣ ਦੀ ਸਹੂਲਤ ਮਿਲੇਗੀ।

ਇਸ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਜਨਗਣਨਾ ਦੀ ਪ੍ਰਕਿਰਿਆ ਨੂੰ ਹੋਰ ਸਰਲ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਪਹਿਲੀ ਵਾਰ ਡਿਜੀਟਲ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਸਵੈ-ਗਣਨਾ ਦੀ ਸਹੂਲਤ ਰਾਹੀਂ ਲੋਕ ਆਪਣੀ ਸਹੂਲਤ ਅਨੁਸਾਰ ਨਿਰਧਾਰਤ ਸਮੇਂ ਦੌਰਾਨ ਪਰਿਵਾਰ ਦੀ ਜਾਣਕਾਰੀ ਖੁਦ ਆਨਲਾਈਨ ਭਰ ਸਕਣਗੇ।

ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਲਈ ਵਿਸ਼ੇਸ਼ ਆਨਲਾਈਨ ਪੋਰਟਲ https://se.census.gov.in/ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਨਾਗਰਿਕ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ। ਜਾਣਕਾਰੀ ਸਫ਼ਲਤਾਪੂਰਵਕ ਜਮ੍ਹਾਂ ਕਰਵਾਉਣ ਉਪਰੰਤ ਇੱਕ ਵਿਸ਼ੇਸ਼ ਸਵੈ-ਗਣਨਾ ਆਈ.ਡੀ. ਜਾਰੀ ਹੋਵੇਗੀ। ਨਾਗਰਿਕਾਂ ਨੂੰ ਇਹ ਆਈ.ਡੀ. ਬਾਅਦ ਵਿੱਚ ਘਰ-ਘਰ ਜਾਣ ਵਾਲੇ ਜਨਗਣਨਾ ਕਰਮਚਾਰੀਆਂ ਨਾਲ ਸਾਂਝੀ ਕਰਨੀ ਹੋਵੇਗੀ, ਤਾਂ ਜੋ ਉਨ੍ਹਾਂ ਵੱਲੋਂ ਦਰਜ ਕੀਤੀ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੈ-ਗਣਨਾ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 1 ਦਸੰਬਰ, 2026 ਤੋਂ 4 ਜਨਵਰੀ, 2027 ਤੱਕ ਜਨਗਣਨਾ ਕਰਮਚਾਰੀ ਘਰ-ਘਰ ਜਾ ਕੇ ਆਬਾਦੀ ਦੀ ਗਣਨਾ ਕਰਨਗੇ। ਉਨ੍ਹਾਂ ਕਿਹਾ ਕਿ ਸਵੈ-ਗਣਨਾ ਦੀ ਸਹੂਲਤ ਲਾਜ਼ਮੀ ਨਹੀਂ, ਸਗੋਂ ਨਾਗਰਿਕਾਂ ਦੀ ਸਹੂਲਤ ਲਈ ਇੱਕ ਵਿਕਲਪਿਕ ਵਿਵਸਥਾ ਹੈ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਪਰਿਵਾਰ ਸਬੰਧੀ ਸਹੀ ਤੇ ਮੁਕੰਮਲ ਜਾਣਕਾਰੀ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਜਨਗਣਨਾ ਦੇਸ਼ ਦੇ ਭਵਿੱਖੀ ਵਿਕਾਸ, ਸਰਕਾਰੀ ਯੋਜਨਾਵਾਂ ਅਤੇ ਲੋਕ ਭਲਾਈ ਨੀਤੀਆਂ ਦੇ ਨਿਰਮਾਣ ਲਈ ਬੇਹੱਦ ਅਹਿਮ ਹੈ, ਇਸ ਲਈ ਹਰੇਕ ਨਾਗਰਿਕ ਨੂੰ ਇਸ ਰਾਸ਼ਟਰੀ ਕਾਰਜ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

 

Leave a Comment