Join WhatsApp

Join Now

Gen-Z ਦੇ ਜੰਤਰ ਮੰਤਰ ਵੱਲ ਰੁਖ਼ ’ਤੇ ‘ਵਿਚਾਰ ਚਰਚਾ’ 29 ਅਗਸਤ ਨੂੰ

On: ਅਗਸਤ 28, 2026 7:49 ਬਾਃ ਦੁਃ

 

Gen-Z ਦੇ ਜੰਤਰ ਮੰਤਰ ਵੱਲ ਰੁਖ਼ ’ਤੇ ‘ਵਿਚਾਰ ਚਰਚਾ’ 29 ਅਗਸਤ ਨੂੰ

ਮੋਹਾਲੀ, 28 ਅਗਸਤ 2026: ਤਰਕਸ਼ੀਲ ਸੁਸਾਇਟੀ ਪੰਜਾਬ, ਯੂਨਿਟ ਮੋਹਾਲੀ ਵੱਲੋਂ “Gen-Z ਦਾ ਜੰਤਰ ਮੰਤਰ ਵੱਲ ਰੁਖ਼” ਵਿਸ਼ੇ ’ਤੇ ਵਿਸ਼ੇਸ਼ ਵਿਚਾਰ ਚਰਚਾ 29 ਅਗਸਤ 2026 ਨੂੰ ਸਵੇਰੇ 10:30 ਵਜੇ ਬਾਲ ਭਵਨ, ਫੇਜ਼-4, ਮੋਹਾਲੀ ਵਿਖੇ ਕਰਵਾਈ ਜਾ ਰਹੀ ਹੈ। ਇਸ ਵਿਚਾਰ-ਚਰਚਾ ਵਿੱਚ ਪੰਜਾਬ ਯੂਨੀਵਰਸਿਟੀ ਦੇ ਕੰਵਲਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਚਰਚਾ ਦੌਰਾਨ Gen-Z ਦੀਆਂ ਸਮਾਜਿਕ ਅਤੇ ਰਾਜਨੀਤਿਕ ਸਰਗਰਮੀਆਂ, ਨੌਜਵਾਨ ਪੀੜ੍ਹੀ ਦੀ ਸੋਚ ਅਤੇ ਜੰਤਰ-ਮੰਤਰ ਵਿਖੇ ਹੋ ਰਹੇ ਪ੍ਰਦਰਸ਼ਨਾਂ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਸੁਸਾਇਟੀ ਦੇ ਪ੍ਰਧਾਨ ਲੈਕਚਰਾਰ ਸੁਰਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਵਿਚਾਰਾਂ, ਉਨ੍ਹਾਂ ਦੀਆਂ ਉਮੀਦਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਸਮਝਣ ਲਈ ਅਜਿਹੀ ਖੁੱਲ੍ਹੀ ਤੇ ਤਰਕਸੰਗਤ ਵਿਚਾਰ-ਚਰਚਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੂੰ ਆਪਣੇ ਵਿਚਾਰ ਅਤੇ ਸਵਾਲ ਰੱਖਣ ਦਾ ਵੀ ਮੌਕਾ ਦਿੱਤਾ ਜਾਵੇਗਾ।

ਸਟੇਟ ਐਗਜ਼ੈਕਟਿਵ ਆਗੂ ਜਸਵੰਤ ਮੋਹਾਲੀ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਨੌਜਵਾਨਾਂ, ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਸਮੇਤ ਆਮ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਮੀਡੀਆ ਇੰਚਾਰਜ ਡਾ. ਮਜ਼ੀਦ ਆਜ਼ਾਦ ਨੇ ਦੱਸਿਆ ਕਿ ਇਹ ਸਮਾਗਮ ਲੋਕਾਂ ਨੂੰ ਮੌਜੂਦਾ ਸਮਾਜਿਕ ਘਟਨਾਵਾਂ ਬਾਰੇ ਤੱਥਾਂ ਅਤੇ ਤਰਕ ਦੇ ਆਧਾਰ ’ਤੇ ਵਿਚਾਰ ਕਰਨ ਲਈ ਇੱਕ ਸਾਰਥਕ ਮੰਚ ਪ੍ਰਦਾਨ ਕਰੇਗਾ।

 

Leave a Comment