ਸ਼ਰਾਬ ਪੀ ਕੇ ਪੇਪਰ ਚੈੱਕ ਕਰਦੇ ਅਧਿਆਪਕ ਦੀ ਵੀਡੀਓ ਵਾਇਰਲ!

 

ਹੈਂ ਆ ਕੀ? ਸ਼ਰਾਬ ਪੀ ਕੇ ਪੇਪਰ ਚੈੱਕ ਕਰਦਾ ਫੜਿਆ ਗਿਆ ਅਧਿਆਪਕ

ਲਾਤੂਰ (ਮਹਾਰਾਸ਼ਟਰ), 21 ਅਪ੍ਰੈਲ, 2026

ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਤੋਂ ਸਾਹਮਣੇ ਆਈ ਇੱਕ ਵੀਡੀਓ ਨੇ ਪੂਰੇ ਸਿੱਖਿਆ ਤੰਤਰ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇੱਕ ਨਿੱਜੀ ਸਕੂਲ ਦੇ ਅਧਿਆਪਕ ਵੱਲੋਂ ਨਸ਼ੇ ਦੀ ਹਾਲਤ ਵਿੱਚ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਲਾਤੂਰ ਦੇ ਇੱਕ ਇੰਗਲਿਸ਼ ਮੀਡੀਅਮ ਸਕੂਲ ਵਿੱਚ ਕੰਮ ਕਰਦੇ ਅਧਿਆਪਕ ਅਜੈ ਕੋਕਣੇ ਦੀ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਧੁੱਤ ਹੈ। ਉਸ ਦੇ ਮੂੰਹ ਵਿੱਚ ਸਿਗਰੇਟ ਹੈ ਅਤੇ ਮੇਜ਼ ‘ਤੇ ਸ਼ਰਾਬ ਦੀ ਬੋਤਲ ਰੱਖੀ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਹਾਲਤ ਵਿੱਚ ਉਹ ਵਿਦਿਆਰਥੀਆਂ ਦੀਆਂ ਪ੍ਰੀਖਿਆ ਕਾਪੀਆਂ ਦੀ ਜਾਂਚ ਕਰ ਰਿਹਾ ਹੈ।

ਰਿਪੋਰਟਾਂ ਮੁਤਾਬਕ, ਉਕਤ ਅਧਿਆਪਕ ਨੇ ਆਪਣੀ ਇਸ ਗੈਰ-ਜ਼ਿੰਮੇਵਾਰਾਨਾ ਕਰਤੂਤ ਨੂੰ ਇੱਥੇ ਹੀ ਨਹੀਂ ਰੋਕਿਆ। ਉਸ ਨੇ ਆਪਣੇ ਕੁਝ ਦੋਸਤਾਂ ਨੂੰ ਵੀ, ਜੋ ਕਥਿਤ ਤੌਰ ‘ਤੇ ਨਸ਼ੇ ਵਿੱਚ ਸਨ, ਵਿਦਿਆਰਥੀਆਂ ਦੀਆਂ ਕਾਪੀਆਂ ‘ਤੇ ਲਾਲ ਪੈੱਨ ਚਲਾਉਣ ਅਤੇ ਨੰਬਰ ਦੇਣ ਲਈ ਦੇ ਦਿੱਤੀਆਂ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਬੰਧਤ ਅਧਿਆਪਕ ਨੂੰ ਤੁਰੰਤ ਪ੍ਰਭਾਵ ਨਾਲ ਸਕੂਲੋਂ ਕੱਢ ਦਿੱਤਾ ਗਿਆ ਹੈ। ਸਿੱਖਿਆ ਅਧਿਕਾਰੀ ਤ੍ਰਿਪਤੀ ਅੰਧਾਰੇ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਕੂਲ ਦੇ ਪ੍ਰਿੰਸੀਪਲ ਤੋਂ ਲਿਖਤੀ ਜਵਾਬ ਮੰਗਿਆ ਗਿਆ ਹੈ ਕਿ ਅਜਿਹੀ ਘਟਨਾ ਸਕੂਲ ਪ੍ਰਬੰਧਨ ਦੀ ਨੱਕ ਹੇਠ ਕਿਵੇਂ ਵਾਪਰੀ।

ਜ਼ਿਕਰਯੋਗ ਹੈ ਕਿ ਲਾਤੂਰ ਪੂਰੇ ਦੇਸ਼ ਵਿੱਚ ਆਪਣੇ ‘ਲਾਤੂਰ ਪੈਟਰਨ’ ਲਈ ਮਸ਼ਹੂਰ ਹੈ, ਜਿੱਥੋਂ ਦੇ ਵਿਦਿਆਰਥੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਮੱਲਾਂ ਮਾਰਦੇ ਹਨ। ਅਜਿਹੀ ਘਟਨਾ ਨੇ ਇਸ ਵਿਦਿਅਕ ਹੱਬ ਦੇ ਅਕਸ ਨੂੰ ਭਾਰੀ ਸੱਟ ਮਾਰੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਅਧਿਆਪਕ ਹੀ ਨਸ਼ੇ ਵਿੱਚ ਬੱਚਿਆਂ ਦੇ ਭਵਿੱਖ ਦਾ ਫੈਸਲਾ ਕਰਨਗੇ, ਤਾਂ ਉਨ੍ਹਾਂ ਦੀ ਸਿੱਖਿਆ ਦਾ ਕੀ ਬਣੇਗਾ।