AAP ਦੀ ਸ਼ਰਾਰਤ ਕਾਰਨ LPU ਵਿਖੇ ਹੋਈ ਹਿੰਸਾ: ਸੁਖਬੀਰ ਬਾਦਲ ਦਾ ਵੱਡਾ ਦਾਅਵਾ
ਅਕਾਲੀ ਦਲ ਦੀ ਸਰਕਾਰ ਵਿਚ ਸਿਰਫ ਪੰਜਾਬੀਆਂ ਨੂੰ ਸਰਕਾਰੀ ਨੌਕਰੀਆਂ ਲਈ ਵਿਚਾਰਿਆ ਜਾਵੇਗਾ, ਕਿਸੇ ਵੀ ਬਾਹਰੀ ਨੂੰ ਨਹੀਂ: ਸੁਖਬੀਰ ਸਿੰਘ ਬਾਦਲ ਨੇ ਕੀਤਾ ਵੱਡਾ ਐਲਾਨ
ਐਲਾਨ ਕੀਤਾ ਕਿ ਅਕਾਲੀ ਸਰਕਾਰ ਵਿਚ ਸਾਰੇ ਕਿਸਾਨਾਂ ਵਾਸਤੇ ਫਸਲ ਬੀਮਾ ਸਕੀਮ ਲਾਗੂ ਹੋਵੇਗੀ- ਵਾਰਿਸ ਪੰਜਾਬ ਦੇ ਨੂੰ ਕੌਮ ਦੇ ਗੱਦਾਰ ਕਰਾਰ ਦਿੱਤਾ
ਅੰਮ੍ਰਿਤਸਰ, 28 ਸਤੰਬਰ 2026: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (AAP) ਦੀ ਸ਼ਰਾਰਤ ਕਾਰਨ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਅਗਜ਼ਨੀ ਤੇ ਹਿੰਸਾ ਵਾਪਰੀ ਤੇ ਇਹ ਕਾਰਵਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਅਸ਼ੋਕ ਕੁਮਾਰ ਮਿੱਤਲ ਵੱਲੋਂ ਦਿੱਲੀ ਵਿਚ ਆਪਣਾ ਸਰਕਾਰੀ ਬੰਗਲਾ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਵਾਪਸ ਲੈਣ ਦੀ ਸਜ਼ਾ ਵਜੋਂ ਕੀਤੀ ਗਈ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੀ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਇਥੇ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਜੇਕਰ ਸਾਰੀ ਘਟਨਾ ਦੀ ਨਿਰਪੱਖ ਜਾਂਚ ਹੋ ਗਈ ਤਾਂ ਇਹ ਖੁਲ੍ਹਾਸਾ ਹੋ ਜਾਵੇਗਾ ਕਿ ਆਪ ਸਰਕਾਰ ਨੇ ਹੀ ਇਹ ਸਾਰੀ ਗੜਬੜ ਕਰਵਾਈ। ਉਹਨਾਂ ਕਿਹਾ ਕਿ ਆਪ ਨੇ ਇਹ ਸਾਰੀ ਸ਼ਰਾਰਤ ਮਿੱਤਲ ਨੂੰ ਪਾਰਟੀ ਛੱਡ ਕੇ ਭਾਜਪਾ ਵਿਚ ਜਾਣ ਲਈ ਸਬਕ ਸਿਖਾਉਣ ਵਜੋਂ ਕੀਤੀ ਗਈ। ਉਹਨਾਂ ਕਿਹਾ ਕਿ ਇਸ ਸਾਰੀ ਕਾਰਵਾਈ ਵਿਚ ਸੰਸਥਾ ਦੇ ਵੱਕਾਰ ਨੂੰ ਵੀ ਸੱਟ ਵੱਜੀ ਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਦੀ ਗੱਲ ਦੁਨੀਆਂ ਸਾਹਮਣੇ ਉਜਾਗਰ ਹੋ ਗਈ।
ਸਰਦਾਰ ਬਾਦਲ ਨੇ ਪੁਲਿਸ ਵੱਲੋਂ ਯੂਨੀਵਰਸਿਟੀ ਦੇ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਆਪ ਪੁਲਿਸ ਨੂੰ ਇਕ ’ਗੁੰਡਾ ਤਾਕਤ’ ਵਜੋਂ ਵਰਤ ਰਹੀ ਹੋਵੇ। ਉਹਨਾਂ ਕਿਹਾ ਕਿ ਇਸ ਨਾਲ ਇਹ ਪ੍ਰਭਾਵ ਜਾ ਰਿਹਾ ਹੈ ਕਿ ਗੁੰਡੇ ਸੂਬੇ ’ਤੇ ਰਾਜ ਕਰ ਰਹੇ ਹਨ। ਉਹਨਾਂ ਨੇ ਪੁਲਿਸ ਫੋਰਸ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕੁਝ ਵੀ ਨਾ ਕਰੇ ਜੋ ਉਹਨਾਂ ਦੀ ਜ਼ਮੀਰ ਦੀ ਆਵਾਜ਼ ਦੇ ਉਲਟ ਹੋਵੇ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਇਹ ਹਾਲਾਤ ਇਸ ਕਰ ਕੇ ਬਣੇ ਹਨ ਕਿਉਂਕਿ ਬਾਹਰਲਿਆਂ ਨੇ ਪੰਜਾਬ ਅਤੇ ਇਸਦੇ ਸਰੋਤਾਂ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਬਾਹਰਲਿਆਂ ਨੇ ਸੂਬੇ ਦੇ ਮੰਤਰੀਆਂ ਲਈ ਬਣੇ ਬੰਗਲਿਆਂ ’ਤੇ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਇਹਨਾਂ ਸਾਰੀਆਂ ਗੈਰ ਕਾਨੂੰਨੀ ਕਾਰਵਾਈਆਂ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਨਾ ਇਹਨਾਂ ਗੈਰ ਕਾਨੂੰਨੀ ਕਾਬਜ਼ਕਾਰਾਂ ਤੋਂ ਨਾ ਸਿਰਫ ਸਾਰੇ ਬਣਦੇ ਬਕਾਏ ਵਸੂਲਾਂਗੇ ਬਲਕਿ ਇਹਨਾਂ ਨੂੰ ਮਿਸਾਲੀ ਸਜ਼ਾ ਵੀ ਦੇਵਾਂਗੇ।
ਸੀਨੀਅਰ ਆਗੂ ਵੀਰ ਸਿੰਘ ਲੋਪੋਕੇ ਜਿਹਨਾਂ ਨੂੰ ਉਹਨਾਂ ਰਾਜਾਸਾਂਸੀ ਹਲਕੇ ਤੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਉਮੀਦਵਾਰ ਘੋਸ਼ਤ ਕੀਤਾ, ਦੇ ਨਾਲ ਰਲ ਕੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸਰਦਾਰ ਬਾਦਲ ਨੇ ਵਾਇਰਸ ਪੰਜਾਬ ਦੇ ’ਤੇ ਵੀ ਤਿੱਖਾ ਹਮਲਾ ਬੋਲਿਆ ਤੇ ਉਸ ਪਾਰਟੀ ਨੂੰ ਕੌਮ ਦੇ ਗੱਦਾਰ ਕਰਾਰ ਦਿੱਤਾ। ਉਹਨਾਂ ਕਿਹਾ ਕਿ ਪਾਰਟੀ ਤਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀਆਂ ਤਸਵੀਰਾਂ ਦੀ ਦੁਰਵਰਤੋਂ ਵੀ ਕਰ ਰਹੀ ਹੈ। ਉਹਨਾਂ ਕਿਹਾ ਕਿ ਵਾਇਰਸ ਪੰਜਾਬ ਦੇ ਪਾਰਟੀ ਦੇ ਮੁਖੀ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਲਈ ਪ੍ਰਚਾਰ ਕੀਤਾ ਸੀ।
ਉਹਨਾਂ ਕਿਹਾ ਕਿ ਇਹ ਪਰਿਵਾਰ ਪਿਛਲੇ 36 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਹਮਾਇਤ ਕਰਦਾ ਆ ਰਿਹਾ ਹੈ ਅਤੇ ਹੁਣ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਨਾਲ ਜੁੜ ਗਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਵਾਰਿਸ ਪੰਜਾਬ ਦੇ ਨੇ ਭਗਵੰਤ ਮਾਨ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ’ਤੇ ਪਿਸ਼ਾਬ ਕਰਨ ਦੇ ਖਿਲਾਫ ਇਕ ਸ਼ਬਦ ਵੀ ਨਹੀਂ ਬੋਲਿਆ। ਉਹਨਾਂ ਕਿਹਾ ਕਿ ਤਰਸੇਮ ਸਿੰਘ ਉਸ ਵੇਲੇ ਤੋਂ ਵੀ ਚੁੱਪ ਹੈ ਜਦੋਂ ਤੋਂ ਇਹ ਖੁਲ੍ਹਾਸਾ ਹੋਇਆ ਹੈ ਕਿ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਜ਼ਬਰ ਜਨਾਹ ਦੇ ਇਕ ਮੁਲਜ਼ਮ ਨੂੰ ਜੇਲ੍ਹ ਵਿਚੋਂ ਛੁਡਵਾਉਣ ਵਾਸਤੇ ਪੰਜ ਕਰੋੜ ਰੁਪਏ ਵਿਚ ਸੌਦੇਬਾਜ਼ੀ ਕੀਤੀ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਵਾਇਰਸ ਪੰਜਾਬ ਦੇ ਨੂੰ ਮੁੱਖ ਮੰਤਰੀ ਵੱਲੋਂ ਫੰਡ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਪਾਰਟੀ ਨੂੰ ਪੰਥਕ ਵੋਟਾਂ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਇਹ ਗੱਲ ਵਾਇਰਸ ਪਾਰਟੀ ਦੇ ਇਕ ਸੀਨੀਅਰ ਆਗੂ ਨੇ ਪਾਰਟੀ ਦੀ ਬਾਬਾ ਬਕਾਲਾ ਕਾਨਫਰੰਸ ਵਿਚ ਸਵੀਕਾਰ ਵੀ ਕੀਤੀ ਹੈ। ਉਹਨਾਂ ਨੇ ਤਰਸੇਮ ਸਿੰਘ ਨੂੰ ਆਖਿਆ ਕਿ ਉਹ ਦੱਸਣ ਕਿ ਜਦੋਂ ਉਹਨਾਂ ਦਾ ਆਪਣਾ ਪੁੱਤਰ ਨਸ਼ੇੜੀ ਹੈ ਤਾਂ ਫਿਰ ਉਹ ਨਸ਼ਿਆਂ ਖਿਲਾਫ ਮੁਹਿੰਮ ਦੀ ਅਗਵਾਈ ਕਿਵੇਂ ਕਰ ਸਕਦੇ ਹਨ।
ਸਰਦਾਰ ਬਾਦਲ ਨੇ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਆਪਣੀ ਕਾਰਜ ਯੋਜਨਾ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਅਸੀਂ ਸਾਰੇ ਕਿਸਾਨਾਂ ਨੂੰ ਫਸਲ ਬੀਮਾ ਸਕੀਮ ਦਿਆਂਗੇ ਅਤੇ ਕੋਈ ਵੀ ਫਸਲੀ ਨੁਕਸਾਨ ਹੋਣ ਜਾਂ ਫਿਰ ਕੁਦਰਤੀ ਆਫਤ ਆਉਣ ’ਤੇ ਉਹਨਾਂ ਨੂੰ ਢੁਕਵਾਂ ਮੁਆਵਜ਼ਾ ਦੇਵਾਂਗੇ। ਉਹਨਾਂ ਕਿਹਾ ਕਿ ਅਜਿਹਾ ਕਰਨਾ ਇਸ ਕਰ ਕੇ ਵੀ ਲਾਜ਼ਮੀ ਹੈ ਕਿਉਂਕਿ ਪਿਛਲੇ ਚਾਰ ਸਾਲਾਂ ਵਿਚ ਹੜ੍ਹਾਂ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦਾ ਬਹੁਤ ਵੱਡਾ ਫਸਲੀ ਨੁਕਸਾਨ ਹੋਇਆ ਹੈ ਪਰ ਆਪ ਸਰਕਾਰ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਜੇਕਰ ਕੋਈ ਫਸਲੀ ਨੁਕਸਾਨ ਹੁੰਦਾ ਹੈ ਤਾਂ ਉਹਨਾਂ ਦੀ ਸਰਕਾਰ ਕਿਸਾਨਾਂ ਨੂੰ ਪਹਿਲਾਂ 50-50 ਹਜ਼ਾਰ ਰੁਪਏ ਮੁਆਵਜ਼ਾ ਦੇਵੇਗੀ ਤੇ ਗਿਰਦਾਵਰੀ ਬਾਅਦ ਵਿਚ ਹੁੰਦੀ ਰਹੇਗੀ।
ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਰਹੱਦੀ ਖਿੱਤੇ ਵਿਚ ਪੈਂਦੀ ਜ਼ਮੀਨ ਦੇ ਕਿਸਾਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ ਜੋ ਉਹ ਵਾਹ ਰਹੇ ਹਨ ਪਰ ਇਹ ਉਹਨਾਂ ਦੇ ਨਾਮ ਨਹੀਂ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਖਾਲੀ ਪਈਆਂ ਤਿੰਨ ਲੱਖ ਸਰਕਾਰੀ ਆਸਾਮੀਆਂ ਤੁਰੰਤ ਭਰੀਆਂ ਜਾਣਗੀਆਂ ਤੇ ਆਪ ਦੇ ਬਾਹਰਲਿਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਕਾਨੂੰਨ ਨੂੰ ਵਾਪਸ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸਿਰਫ ਪੰਜਾਬੀਆਂ ਨੂੰ ਹੀ ਸੂਬੇ ਵਿਚ ਸਰਕਾਰੀ ਨੌਕਰੀਆਂ ਵਾਸਤੇ ਵਿਚਾਰਿਆ ਜਾਵੇਗਾ। ਉਹਨਾਂ ਕਿਹਾ ਕਿ ਉਦਯੋਗਾਂ ਵਾਸਤੇ ਵੀ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣਾ ਲਾਜ਼ਮੀ ਹੋਵੇਗਾ।
ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਰਣਬੀਰ ਸਿੰਘ ਰਾਣਾ ਲੋਪੋਕੇ, ਰਾਜਾ ਲਾਦੇਹ, ਸੁਰਜੀਤ ਸਿੰਘ ਪਹਿਲਵਾਨ ਅਤੇ ਗੌਰਵਦੀਪ ਸਿੰਘ ਵਲਟੋਹਾ ਨੇ ਵੀ ਸੰਬੋਧਨ ਕੀਤਾ।
















