Join WhatsApp

Join Now

LPU ‘ਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ! ਪੁਲਿਸ ਨੇ ਕੀਤਾ ਲਾਠੀਚਾਰਜ ਤਾਂ ਵਿਦਿਆਰਥੀਆਂ ਨੇ ਸਾੜੀਆਂ ਪੁਲਿਸ ਦੀਆਂ ਗੱਡੀਆਂ!

On: ਸਤੰਬਰ 27, 2026 9:13 ਬਾਃ ਦੁਃ

 

LPU ‘ਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ! ਪੁਲਿਸ ਨੇ ਕੀਤਾ ਲਾਠੀਚਾਰਜ, ਵਿਦਿਆਰਥੀਆਂ ਨੇ ਸਾੜੀਆਂ ਪੁਲਿਸ ਦੀਆਂ ਗੱਡੀਆਂ!

ਫਗਵਾੜਾ / ਜਲੰਧਰ/ਚੰਡੀਗੜ੍ਹ, 27 ਸਤੰਬਰ 2026- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਐਤਵਾਰ ਨੂੰ ਮਾਹੌਲ ਉਸ ਸਮੇਂ ਬੇਹੱਦ ਤਣਾਅਪੂਰਨ ਹੋ ਗਿਆ, ਜਦੋਂ ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਨੇ ਹਿੰਸਕ ਰੂਪ ਧਾਰਨ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਸਤਨਾਮਪੁਰਾ ਪੁਲੀਸ ਨੇ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੀ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 64 ਤਹਿਤ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਾਲਾਂਕਿ, ਇਸ ਕਾਰਵਾਈ ਤੋਂ ਅਸੰਤੁਸ਼ਟ ਵਿਦਿਆਰਥੀ ਇਨਸਾਫ਼ ਦੀ ਮੰਗ ਨੂੰ ਲੈ ਕੇ ਸਵੇਰ ਤੋਂ ਹੀ ਧਰਨੇ ‘ਤੇ ਬੈਠੇ ਹੋਏ ਸਨ।

ਦੋਵਾਂ ਧਿਰਾਂ (ਯੂਨੀਵਰਸਿਟੀ ਪ੍ਰਸ਼ਾਸਨ, ਪੁਲਿਸ ਅਤੇ ਵਿਦਿਆਰਥੀਆਂ) ਵਿਚਾਲੇ ਸਵੇਰ ਤੋਂ ਹੀ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਦਾ ਦੌਰ ਚੱਲ ਰਿਹਾ ਸੀ। ਪ੍ਰੰਤੂ ਲੰਮੀ ਚਰਚਾ ਤੋਂ ਬਾਅਦ ਵੀ ਇਹ ਗੱਲਬਾਤ ਕਿਸੇ ਸਿਰੇ ਨਹੀਂ ਪਹੁੰਚ ਸਕੀ, ਜਿਸ ਕਾਰਨ ਮਾਮਲਾ ਹੌਲੀ-ਹੌਲੀ ਤਕਰਾਰ ਤੱਕ ਪਹੁੰਚ ਗਿਆ। ਸ਼ਾਮ ਹੁੰਦੇ-ਹੁੰਦੇ ਹਾਲਾਤ ਹੋਰ ਵਿਗੜ ਗਏ ਅਤੇ ਵਿਦਿਆਰਥੀਆਂ ਤੇ ਪੁਲਿਸ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਝੜਪ ਹੋ ਗਈ।

ਦੇਖਦੇ ਹੀ ਦੇਖਦੇ ਹਾਲਾਤ ਇੰਨੇ ਖਰਾਬ ਹੋ ਗਏ ਕਿ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਜਵਾਬ ਵਿੱਚ ਸਥਿਤੀ ‘ਤੇ ਕਾਬੂ ਪਾਉਣ ਲਈ ਪੁਲਿਸ ਵੱਲੋਂ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਗਿਆ। ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਪੁਲਿਸ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਪੱਥਰਬਾਜ਼ੀ ਅਤੇ ਲਾਠੀਚਾਰਜ ਦੀ ਘਟਨਾ ਵਿੱਚ ਦੋਵਾਂ ਪਾਸਿਆਂ ਦੇ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਕਈ ਵਿਦਿਆਰਥੀ ਅਤੇ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।

ਗੁੱਸੇ ਨਾਲ ਭਰੇ ਵਿਦਿਆਰਥੀਆਂ ਦਾ ਤੋੜ-ਫੋੜ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਪ੍ਰਦਰਸ਼ਨਕਾਰੀਆਂ ਨੇ ਹਾਈਵੇਅ ‘ਤੇ ਪਹੁੰਚ ਕੇ ਪੁਲਿਸ ਦੀਆਂ ਨਵੀਆਂ ਗੱਡੀਆਂ ਸਮੇਤ ਕਈ ਹੋਰ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦੇ ਰਹੀਆਂ ਸਨ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਫਿਲਹਾਲ ਘਟਨਾ ਸਥਾਨ ‘ਤੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ ਤਾਂ ਜੋ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕੇ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ, ਜਦਕਿ ਇਲਾਕੇ ਵਿੱਚ ਹਾਲੇ ਵੀ ਭਾਰੀ ਤਣਾਅ ਬਣਿਆ ਹੋਇਆ ਹੈ।

 

Leave a Comment