Weather Alert: ਪੰਜਾਬ ‘ਚ ਮੌਸਮ ਨੇ ਲਈ ਕਰਵਟ! IMD ਵੱਲੋਂ ਅਲਰਟ ਜਾਰੀ

 

Weather Alert: ਪੰਜਾਬ ‘ਚ ਮੌਸਮ ਨੇ ਲਈ ਕਰਵਟ! IMD ਵੱਲੋਂ ਸੰਘਣੀ ਧੁੰਦ ਪੈਣ ਬਾਰੇ ਅਲਰਟ ਜਾਰੀ

ਪੰਜਾਬ ਨੈੱਟਵਰਕ

Weather Alert, ਚੰਡੀਗੜ੍ਹ 27 ਫਰਵਰੀ 2026- 

ਉੱਤਰ ਭਾਰਤ ਸਮੇਤ ਪੂਰੇ ਦੇਸ਼ ਦੇ ਅੰਦਰ ਫਰਵਰੀ ਦੇ ਇਸ ਆਖਰੀ ਹਫਤੇ ਵਿੱਚ ਮੌਸਮ ਲਗਭਗ ਬਦਲਦਾ ਹੋਇਆ ਵਿਖਾਈ ਦੇ ਰਿਹਾ ਹੈ। ਕੁਝ ਸੂਬਿਆਂ ਦੇ ਵਿੱਚ ਜਿੱਥੇ ਬਾਰਿਸ਼ ਦੀਆਂ ਖਬਰਾਂ ਮਿਲ ਰਹੀਆਂ ਨੇ ਉਥੇ ਹੀ ਮੈਦਾਨੀ ਇਲਾਕਿਆਂ ਦੇ ਅੰਦਰ ਇਸ ਵੇਲੇ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਦੇ ਵਿੱਚ ਇਸ ਵੇਲੇ ਠੰਡੀਆਂ ਹਵਾਵਾਂ ਬਰਫਬਾਰੀ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਸਵੇਰੇ ਅਤੇ ਸ਼ਾਮ ਦੀ ਠੰਡ ਰਹਿ ਗਈ ਹੈ ਜਦੋਂ ਕਿ ਦੁਪਹਿਰ ਸਮੇਂ ਤਾਂ ਪਾਰਾ ਕਾਫੀ ਜਿਆਦਾ ਵੱਧ ਰਿਹਾ ਹੈ।

ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੌਸਮ ਨੇ ਕਰੀਬ ਦੋ ਹਫਤਿਆਂ ਦੇ ਅੰਦਰ ਅੰਦਰ ਹੀ ਕਰਵਟ ਲੈ ਲਈ ਹੈ ਅਤੇ ਪੂਰੀ ਤਰ੍ਹਾਂ ਦੇ ਨਾਲ ਮੌਸਮ ਬਦਲ ਗਿਆ ਹੈ। ਮੌਸਮ ਵਿਭਾਗ ਨੇ ਇਸੇ ਕਰਵਟ ਵਿਚਾਲੇ ਪੰਜਾਬ ਦੇ ਕਈ ਇਲਾਕਿਆਂ ਦੇ ਅੰਦਰ ਸੰਘਣੀ ਧੁੰਦ ਪੈਣ ਦੀ ਚੇਤਾਵਨੀ ਦਿੱਤੀ ਹੈ।

IMD ਦੇ ਅਲਰਟ ਮੁਤਾਬਕ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰੇ ਅਤੇ ਦੇਰ ਰਾਤ ਨੂੰ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਜਦੋਂ ਕਿ ਦਿਨ ਵੇਲੇ ਤੇਜ਼ ਧੁੱਪ ਨਿੱਘ ਦਾ ਅਹਿਸਾਸ ਕਰਵਾ ਰਹੀ ਹੈ। ਪੰਜਾਬ ਵਿੱਚ ਮੌਸਮ ਖੁਸ਼ਕ ਬਣਿਆ ਹੋਇਆ ਹੈ, ਜਿਸ ਕਾਰਨ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ।

ਅੱਜ ਸਵੇਰੇ ਕੁਝ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਦ੍ਰਿਸ਼ਟੀ ਘੱਟ ਗਈ ਅਤੇ ਠੰਢ ਵਧ ਗਈ। ਮੌਸਮ ਵਿੱਚ ਇਹ ਉਤਰਾਅ-ਚੜ੍ਹਾਅ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਦੱਸਦੇ ਚਲੀਏ ਕਿ ਫਰਵਰੀ ਮਹੀਨਾ ਖਤਮ ਹੋ ਕੰਢੇ ਹੈ, ਪਰ ਬਦਲਦੇ ਮੌਸਮ ਦੇ ਹਾਲਾਤ ਦਰਸਾਉਂਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਤੇਜ਼ ਹੋ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ, 1 ਮਾਰਚ ਤੱਕ ਪੰਜਾਬ ਵਿੱਚ ਮੀਂਹ ਪੈਣ ਦੀ ਉਮੀਦ ਨਹੀਂ ਹੈ, ਅਤੇ ਮੌਸਮ ਖੁਸ਼ਕ ਰਹੇਗਾ।

ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਦਰਸਾਉਂਦੀਆਂ ਹਨ ਕਿ ਅਗਲੇ ਤਿੰਨ ਦਿਨਾਂ ਲਈ ਘੱਟੋ-ਘੱਟ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵਧ ਸਕਦਾ ਹੈ।

ਉੱਥੇ ਹੀ ਦੂਜੇ ਪਾਸੇ ਭਾਰਤੀ ਮੌਸਮ ਵਿਭਾਗ ਦੀ ਮੰਨੀਏ ਤਾਂ ਇਸ ਵਾਰ ਪੰਜਾਬ ਸਮੇਤ ਉੱਤਰ ਭਾਰਤ ਦੇ ਵਿੱਚ ਪਿਛਲਿਆਂ ਸਾਲਾਂ ਦੇ ਨਾਲੋਂ ਜਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ। ਇਸ ਗਰਮੀ ਦਾ ਅਸਰ ਸਿੱਧਾ ਮਨੁੱਖੀ ਸਰੀਰ ਦੇ ਨਾਲ ਨਾਲ, ਮਨੁੱਖ ਦੇ ਖਾਣੇ ਨਾਲ ਜੁੜਿਆ ਹੋਇਆ ਹੈ। ਕਿਉਂਕਿ ਜਿਆਦਾ ਗਰਮੀ ਦੇ ਨਾਲ ਫਸਲਾਂ ਪ੍ਰਭਾਵਿਤ ਹੋਣਗੀਆਂ, ਜਿਸ ਦੇ ਕਾਰਨ ਕਿਸਾਨਾਂ ਨੂੰ ਨੁਕਸਾਨ ਤਾਂ ਹੋਵੇਗਾ ਹੀ, ਸਗੋਂ ਬਜ਼ਾਰੀ ਵਸਤੂਆਂ ਵੀ ਮਹਿੰਗੀਆਂ ਹੋਣਗੀਆਂ।