Weather Update: ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੇ ਨਾਲ ਤੇਜ਼ ਤੂਫ਼ਾਨ ਦੀ ਚੇਤਾਵਨੀ
ਨਵੀਂ ਦਿੱਲੀ, 31 ਮਾਰਚ 2026:
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਮੌਸਮ ਇੱਕ ਵਾਰ ਫਿਰ ਕਰਵਟ ਲੈਣ ਵਾਲਾ ਹੈ। ਜਿੱਥੇ ਉੱਤਰ ਭਾਰਤ ਵਿੱਚ ਪੱਛਮੀ ਵਿਘਨ (Western Disturbance) ਕਾਰਨ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ, ਉੱਥੇ ਹੀ ਦੂਜੇ ਪਾਸੇ ਪੱਛਮੀ, ਮੱਧ ਅਤੇ ਦੱਖਣੀ ਭਾਰਤ ਵਿੱਚ ਗਰਮੀ ਅਤੇ ਹੁੰਮਸ ਵਧਣ ਦੀ ਸੰਭਾਵਨਾ ਹੈ।
ਪੰਜਾਬ ਦੇ ਮਾਝਾ ਅਤੇ ਦੁਆਬਾ ਖੇਤਰ ਦੇ ਕੁੱਝ ਹਿੱਸਿਆਂ ਵਿੱਚ ਅੱਜ ਮੀਂਹ ਪੈਣ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ। ਮੌਸਮ ਵਿਭਾਗ (IMD) ਅਨੁਸਾਰ, ਪੰਜਾਬ ਸਮੇਤ ਉੱਤਰ ਭਾਰਤ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੱਛਮੀ ਵਿਘਨ ਦਾ ਅਸਰ ਦੇਖਣ ਨੂੰ ਮਿਲੇਗਾ।

ਦਿੱਲੀ ਵਿੱਚ ਹਲਕੇ ਬੱਦਲ, ਤੇਜ਼ ਹਵਾਵਾਂ ਅਤੇ ਕਿਤੇ-ਕਿਤੇ ਗਰਜ-ਚਮਕ ਨਾਲ ਬੂੰਦਾਬਾਂਦੀ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 33°C ਅਤੇ ਘੱਟ ਤੋਂ ਘੱਟ 18°C ਰਹਿਣ ਦਾ ਅਨੁਮਾਨ ਹੈ। ਲਖਨਊ ਸਮੇਤ ਕਈ ਹਿੱਸਿਆਂ ਵਿੱਚ 30-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਕੁਝ ਥਾਵਾਂ ‘ਤੇ ਮੀਂਹ ਪੈ ਸਕਦਾ ਹੈ।
ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਮੌਸਮ ਸਭ ਤੋਂ ਵੱਧ ਸਰਗਰਮ ਰਹੇਗਾ। ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਅਤੇ ਨੀਵੇਂ ਇਲਾਕਿਆਂ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਤੇਜ਼ ਹਵਾਵਾਂ (40-60 ਕਿਲੋਮੀਟਰ/ਘੰਟਾ) ਚੱਲਣ ਕਾਰਨ ਪਹਾੜੀ ਖੇਤਰਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।
ਰਾਜਸਥਾਨ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖ਼ੁਸ਼ਕ ਅਤੇ ਗਰਮ ਰਹੇਗਾ। ਰੇਗਿਸਤਾਨੀ ਖੇਤਰਾਂ ਵਿੱਚ ਗਰਮ ਹਵਾਵਾਂ ਚੱਲਣਗੀਆਂ। ਜੈਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 31°C ਰਹਿਣ ਦੀ ਉਮੀਦ ਹੈ।
ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਵਿੱਚ ਭਾਰੀ ਮੀਂਹ ਦਾ ਅਲਰਟ ਹੈ। ਝਾਰਖੰਡ ਅਤੇ ਓਡੀਸ਼ਾ ਵਿੱਚ ਵੀ ਗਰਜ-ਚਮਕ ਨਾਲ ਮੀਂਹ ਪੈ ਸਕਦਾ ਹੈ। ਕੇਰਲ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਵਿੱਚ ਬਿਜਲੀ ਕੜਕਣ ਅਤੇ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਕੇਰਲ ਅਤੇ ਕਰਨਾਟਕ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦਾ ਖ਼ਦਸ਼ਾ ਜਤਾਇਆ ਗਿਆ ਹੈ।






