Weight Loss Injections- ਸਲਿੱਮ ਫਿੱਟ ਦਿੱਸਣ ਦੀ ਚਾਹਤ ਪੈ ਸਕਦੀ ਭਾਰੀ! ਬਿਨਾਂ ਡਾਕਟਰੀ ਸਲਾਹ ਦੇ ਭਾਰ ਘਟਾਉਣ ਵਾਲੇ ਇੰਜੈਕਸ਼ਨ ਲੈਣਾ ਸਿਹਤ ਲਈ ਖ਼ਤਰਨਾਕ

 

Weight Loss Injections- ਸਲਿੱਮ ਫਿੱਟ ਦਿੱਸਣ ਦੀ ਚਾਹਤ ਪੈ ਸਕਦੀ ਹੈ ਭਾਰੀ! ਬਿਨਾਂ ਡਾਕਟਰੀ ਸਲਾਹ ਦੇ ਭਾਰ ਘਟਾਉਣ ਵਾਲੇ ਇੰਜੈਕਸ਼ਨ ਲੈਣਾ ਸਿਹਤ ਲਈ ਖ਼ਤਰਨਾਕ

ਚੰਡੀਗੜ੍ਹ, 10 ਅਪ੍ਰੈਲ 2026:

Weight loss injections- ਅੱਜਕਲ ਦੇ ਨੌਜਵਾਨਾਂ ਵਿੱਚ ਫਿੱਟ ਅਤੇ ਸਲਿੱਮ (Weight Loss) ਦਿੱਸਣ ਦਾ ਕਰੇਜ਼ ਇੰਨਾ ਵਧ ਗਿਆ ਹੈ ਕਿ ਉਹ ਤੇਜ਼ੀ ਨਾਲ ਭਾਰ ਘਟਾਉਣ ਲਈ ਖ਼ਤਰਨਾਕ ਸ਼ਾਰਟਕੱਟ ਅਪਣਾ ਰਹੇ ਹਨ।

ਡਾਕਟਰ ਦੀ ਸਲਾਹ ਤੋਂ ਬਿਨਾਂ ਵੇਟ ਲੋਸ ਇੰਜੈਕਸ਼ਨ ਅਤੇ ਦਵਾਈਆਂ ਦਾ ਇਸਤੇਮਾਲ ਕਰਨਾ ਇੱਕ ਅਜਿਹਾ ਟ੍ਰੈਂਡ ਬਣ ਚੁੱਕਾ ਹੈ, ਜੋ ਸਰੀਰ ਦੇ ਅੰਗਾਂ ਨੂੰ ਸਥਾਈ ਨੁਕਸਾਨ ਪਹੁੰਚਾ ਸਕਦਾ ਹੈ।

ਸੁਸਾਇਟੀ ਆਫ਼ ਫਾਰਮਾਕੋਵਿਜੀਲੈਂਸ ਦੇ ਰਾਸ਼ਟਰੀ ਪ੍ਰਧਾਨ ਡਾ. ਸੰਦੀਪ ਅਗਰਵਾਲ ਨੇ ਇਸ ਗੰਭੀਰ ਮਸਲੇ ‘ਤੇ ਚਿੰਤਾ ਜਤਾਈ ਹੈ। ਉਨ੍ਹਾਂ ਅਨੁਸਾਰ, ਭਾਰ ਘਟਾਉਣ ਵਾਲੇ ਹਾਰਮੋਨ ਅਧਾਰਤ ਇੰਜੈਕਸ਼ਨ, ਜੇਕਰ ਡਾਕਟਰ ਦੀ ਨਿਗਰਾਨੀ ਤੋਂ ਬਿਨਾਂ ਲਏ ਜਾਣ ਤਾਂ ਇਹ ਲੀਵਰ, ਕਿਡਨੀ, ਪੈਨਕ੍ਰੀਆਸ ਅਤੇ ਦਿਲ ਵਰਗੇ ਮਹੱਤਵਪੂਰਨ ਅੰਗਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਸ ਦੇ ਸਾਈਡ ਇਫੈਕਟਸ ਵਜੋਂ ਉਲਟੀ, ਡੀਹਾਈਡ੍ਰੇਸ਼ਨ, ਦਿਲ ਦੀ ਤੇਜ਼ ਧੜਕਣ, ਕਮਜ਼ੋਰੀ ਅਤੇ ਮੈਟਾਬੋਲਿਜ਼ਮ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਡਾ. ਸੰਦੀਪ ਮੁਤਾਬਕ ਨੌਜਵਾਨ ਅਕਸਰ ਸੋਸ਼ਲ ਮੀਡੀਆ ‘ਤੇ “ਇੱਕ ਮਹੀਨੇ ਵਿੱਚ ਸਲਿੱਮ ਬਣੋ” ਵਰਗੇ ਲੁਭਾਉਣੇ ਦਾਵਿਆਂ ਵਿੱਚ ਫਸ ਜਾਂਦੇ ਹਨ।

ਕਈ ਵਾਰ ਉਹ ਜਿਮ ਟ੍ਰੇਨਰਾਂ ਜਾਂ ਆਨਲਾਈਨ ਪਲੇਟਫਾਰਮਾਂ ਦੀ ਸਲਾਹ ‘ਤੇ ਦਵਾਈਆਂ ਸ਼ੁਰੂ ਕਰ ਦਿੰਦੇ ਹਨ, ਜੋ ਹਰ ਕਿਸੇ ਦੇ ਸਰੀਰ ਲਈ ਢੁਕਵੀਂ ਨਹੀਂ ਹੁੰਦੀ। ਹਰ ਵਿਅਕਤੀ ਦੀ ਸਿਹਤ ਸਥਿਤੀ ਵੱਖਰੀ ਹੁੰਦੀ ਹੈ, ਇਸ ਲਈ ਇੱਕੋ ਤਰੀਕਾ ਸਭ ‘ਤੇ ਲਾਗੂ ਨਹੀਂ ਹੋ ਸਕਦਾ।

ਗਲਤ ਤਰੀਕੇ ਨਾਲ ਭਾਰ ਘਟਾਉਣ ਦੀ ਕੋਸ਼ਿਸ਼ ਨਾਲ ਹਾਰਮੋਨਲ ਅਸੰਤੁਲਨ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ, ਮਾਨਸਿਕ ਤਣਾਅ ਅਤੇ ਚਿੜਚਿੜਾਪਨ, ਸਰੀਰ ਦਾ ਅੰਦਰੂਨੀ ਤੌਰ ‘ਤੇ ਕਮਜ਼ੋਰ ਹੋ ਜਾਣਾ, ਜਿਸ ਨਾਲ ਭਵਿੱਖ ਵਿੱਚ ਹੋਰ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

Weight Loss Injections– ਕਿਵੇਂ ਕੰਮ ਕਰਦੇ ਹਨ ਇਹ ਇੰਜੈਕਸ਼ਨ?

ਜ਼ਿਆਦਾਤਰ ਵੇਟ ਲੋਸ ਇੰਜੈਕਸ਼ਨ ਸਰੀਰ ਵਿੱਚ GLP-1 ਹਾਰਮੋਨ ਦੇ ਪ੍ਰਭਾਵ ਨੂੰ ਵਧਾਉਂਦੇ ਹਨ, ਜੋ ਕਿ, ਦਿਮਾਗ ਨੂੰ ਪੇਟ ਭਰੇ ਹੋਣ ਦਾ ਸੰਕੇਤ ਦਿੰਦੇ ਹਨ, ਜਿਸ ਨਾਲ ਭੁੱਖ ਘੱਟ ਲੱਗਦੀ ਹੈ। ਪੇਟ ਖਾਲੀ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਨ। ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹਨ, ਜਿਸ ਨਾਲ ਫੈਟ ਸਟੋਰੇਜ ਘੱਟ ਹੁੰਦੀ ਹੈ।

ਭਾਰ ਘਟਾਉਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਸੰਤੁਲਿਤ ਖ਼ੁਰਾਕ, ਨਿਯਮਿਤ ਕਸਰਤ, ਪੂਰੀ ਨੀਂਦ ਅਤੇ ਤਣਾਅ-ਮੁਕਤ ਜੀਵਨ ਹੈ। ਜੇਕਰ ਕਿਸੇ ਨੂੰ ਡਾਕਟਰੀ ਕਾਰਨਾਂ ਕਰਕੇ ਦਵਾਈ ਦੀ ਲੋੜ ਹੈ, ਤਾਂ ਉਹ ਸਿਰਫ਼ ਮਾਹਰ ਡਾਕਟਰ ਦੀ ਨਿਗਰਾਨੀ ਹੇਠ ਹੀ ਲੈਣੀ ਚਾਹੀਦੀ ਹੈ।