ਕੀ ਪੈਟਰੋਲ ਪੰਪਾਂ ਤੋਂ ਫਿਰ ਮਿਲੇਗਾ ਨੋਰਮਲ ਤੇਲ? E20 ਵਿਵਾਦ ਵਿਚਾਲੇ BPCL ਦਾ ਵੱਡਾ ਬਿਆਨ
E20 ਪੈਟਰੋਲ ਵਿਚਾਲੇ E10 ਦੀ ਵਾਪਸੀ ਦੀ ਚਰਚਾ, BPCL ਨੇ ਕਿਹਾ- ਹਾਲੇ ਨਹੀਂ ਲਿਆ ਕੋਈ ਫ਼ੈਸਲਾ
ਨਵੀਂ ਦਿੱਲੀ 28 ਅਗਸਤ 2026
ਕੇਂਦਰ ਸਰਕਾਰ ਦੀ ਇਥੇਨਾਲ ਨੀਤੀ ਅਤੇ E20 ਪੈਟਰੋਲ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਪੁਰਾਣੇ ਵਾਹਨਾਂ ਲਈ E10 ਪੈਟਰੋਲ ਮੁੜ ਉਪਲਬਧ ਕਰਵਾਉਣ ਦੀ ਸੰਭਾਵਨਾ ਬਾਰੇ ਚਰਚਾ ਤੇਜ਼ ਹੋ ਗਈ ਹੈ। ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਨੇ ਸੁਝਾਅ ਦਿੱਤਾ ਸੀ ਕਿ ਪੈਟਰੋਲ ਪੰਪਾਂ ’ਤੇ 20 ਫ਼ੀਸਦੀ ਇਥੇਨਾਲ ਵਾਲੇ E20 ਪੈਟਰੋਲ ਦੇ ਨਾਲ 10 ਫ਼ੀਸਦੀ ਇਥੇਨਾਲ ਵਾਲਾ E10 ਪੈਟਰੋਲ ਵੀ ਵਿਕਲਪ ਵਜੋਂ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਦਾ ਤਰਕ ਸੀ ਕਿ ਇਸ ਨਾਲ ਪੁਰਾਣੇ ਵਾਹਨਾਂ ਨੂੰ E20 ਪੈਟਰੋਲ ਕਾਰਨ ਸੰਭਾਵਿਤ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ। ਇਸ ਸੁਝਾਅ ਤੋਂ ਬਾਅਦ ਪੈਟਰੋਲ ਪੰਪਾਂ ’ਤੇ E10 ਪੈਟਰੋਲ ਦੀ ਮੁੜ ਉਪਲਬਧਤਾ ਨੂੰ ਲੈ ਕੇ ਚਰਚਾ ਨੇ ਜ਼ੋਰ ਫੜ ਲਿਆ ਹੈ।
ਇਸ ਦੌਰਾਨ ਸਰਕਾਰੀ ਤੇਲ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਵੱਲੋਂ ਸਥਿਤੀ ਸਪੱਸ਼ਟ ਕੀਤੀ ਗਈ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੰਜੇ ਖੰਨਾ ਨੇ ਸਾਲਾਨਾ ਆਮ ਸਭਾ ਤੋਂ ਬਾਅਦ ਕਿਹਾ ਕਿ E10 ਪੈਟਰੋਲ ਮੁਹੱਈਆ ਕਰਵਾਉਣ ਸਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਹਾਲਾਂਕਿ, ਸਰਕਾਰ ਵੱਲੋਂ ਅਜਿਹਾ ਫ਼ੈਸਲਾ ਲਏ ਜਾਣ ’ਤੇ ਤੇਲ ਕੰਪਨੀਆਂ ਨੂੰ ਲੋੜੀਂਦੇ ਢਾਂਚਾਗਤ ਬਦਲਾਅ ਕਰਨ ਵਿੱਚ ਵੱਡੀ ਮੁਸ਼ਕਲ ਨਹੀਂ ਆਵੇਗੀ।
















