Woman Teacher Case: ਸਕੂਲ ਅਧਿਆਪਕਾ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਟੀਚਰ ਨੂੰ ਰਾਹਤ ਨਹੀਂ, ਜ਼ਮਾਨਤ ਅਰਜ਼ੀ ਰੱਦ
ਬਠਿੰਡਾ ਅਦਾਲਤ ਦਾ ਸਖ਼ਤ ਫੈਸਲਾ: ਸਾਥੀ ਅਧਿਆਪਕਾ ਨਾਲ ਛੇੜਛਾੜ ਕਰਨ ਵਾਲੇ ਅਧਿਆਪਕ ਦੀ ਜ਼ਮਾਨਤ ਅਰਜ਼ੀ ਰੱਦ
ਬਠਿੰਡਾ, 8 ਮਈ 2026:
Woman Teacher Case: ਬਠਿੰਡਾ ਦੀ ਇੱਕ ਅਦਾਲਤ ਨੇ ਸਿੱਖਿਆ ਦੇ ਮੰਦਰ ਨੂੰ ਸ਼ਰਮਸਾਰ ਕਰਨ ਵਾਲੇ ਇੱਕ ਮਾਮਲੇ ਵਿੱਚ ਸਖ਼ਤ ਰੁਖ਼ ਅਖਤਿਆਰ ਕੀਤਾ ਹੈ।
ਅਦਾਲਤ ਨੇ ਆਪਣੀ ਹੀ ਸਾਥੀ ਅਧਿਆਪਕਾ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਰਕਾਰੀ ਸਕੂਲ ਦੇ ਅਧਿਆਪਕ ਪ੍ਰਵੀਨ ਕੁਮਾਰ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।
ਮਾਮਲਾ ਮੌੜ ਮੰਡੀ ਖੇਤਰ ਦੇ ਇੱਕ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਹੈ। ਐੱਫ.ਆਈ.ਆਰ. (FIR) ਅਨੁਸਾਰ, ਬੀਤੀ 18 ਅਪ੍ਰੈਲ ਨੂੰ ਪੀੜਤ ਵਿਗਿਆਨ ਅਧਿਆਪਕਾ ਅਤੇ ਮੁਲਜ਼ਮ ਅਧਿਆਪਕ ਸਕੂਲ ਦੀ ਸਾਇੰਸ ਲੈਬ ਵਿੱਚ ਅਲਮਾਰੀਆਂ ਦੇ ਕੰਮ ਸਬੰਧੀ ਚਰਚਾ ਕਰ ਰਹੇ ਸਨ।
ਦੋਸ਼ ਹੈ ਕਿ ਇਸ ਦੌਰਾਨ ਮੁਲਜ਼ਮ ਪ੍ਰਵੀਨ ਕੁਮਾਰ ਨੇ ਅਧਿਆਪਕਾ (Woman Teacher) ਦਾ ਜ਼ਬਰਦਸਤੀ ਹੱਥ ਫੜਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।
ਜਦੋਂ ਪੀੜਤਾ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦਾ ਮੂੰਹ ਦਬਾ ਦਿੱਤਾ ਅਤੇ ਕਿਸੇ ਨੂੰ ਦੱਸਣ ‘ਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਦਿੱਤੀਆਂ।
ਵਧੀਕ ਸੈਸ਼ਨ ਜੱਜ ਰਾਜੇਸ਼ ਕੁਮਾਰ ਦੀ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ। ਬਚਾਅ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਮੁਲਜ਼ਮ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ, ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ।
ਦੂਜੇ ਪਾਸੇ, ਸਰਕਾਰੀ ਵਕੀਲ ਨੇ ਇਸ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਘਟਨਾ ਸਕੂਲ ਵਰਗੀ ਪਵਿੱਤਰ ਥਾਂ ‘ਤੇ ਵਾਪਰੀ ਹੈ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਮੁਲਜ਼ਮ ਦੀ ਹਿਰਾਸਤੀ ਪੁੱਛਗਿੱਛ (Custodial Interrogation) ਬਹੁਤ ਜ਼ਰੂਰੀ ਹੈ।
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਮੰਨਿਆ ਕਿ ਅਧਿਆਪਕ ‘ਤੇ ਲੱਗੇ ਦੋਸ਼ ਬੇਹੱਦ ਗੰਭੀਰ ਹਨ। ਅਦਾਲਤ ਨੇ ਕਿਹਾ ਕਿ ਜਿਸ ਥਾਂ ਬੱਚਿਆਂ ਦਾ ਭਵਿੱਖ ਬਣਦਾ ਹੈ, ਉੱਥੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਆਧਾਰ ‘ਤੇ ਅਦਾਲਤ ਨੇ ਮੁਲਜ਼ਮ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਉਸ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਪੀੜਤਾ ਨੇ ਹਿੰਮਤ ਦਿਖਾਉਂਦਿਆਂ ਆਪਣੇ ਪਰਿਵਾਰ ਅਤੇ ਮਹਿਲਾ ਸਟਾਫ ਨੂੰ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਥਾਣਾ ਮੌੜ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।






