World Breaking: ਈਰਾਨ-ਇਜ਼ਰਾਈਲ ਜੰਗ ‘ਚ ਹਿਜ਼ਬੁੱਲ੍ਹਾ ਦੀ ਐਂਟਰੀ, ਚੋਟੀ ਦੇ ਕਮਾਂਡਰ ਸਮੇਤ 31 ਲੋਕਾਂ ਦੀ ਮੌਤ

 

ਈਰਾਨ-ਇਜ਼ਰਾਈਲ ਜੰਗ ‘ਚ ਹਿਜ਼ਬੁੱਲ੍ਹਾ ਦੀ ਐਂਟਰੀ, ਚੋਟੀ ਦੇ ਕਮਾਂਡਰ ਸਮੇਤ 31 ਹਲਾਕ

ਇਜ਼ਰਾਈਲ-ਹਿਜ਼ਬੁੱਲ੍ਹਾ ਤਣਾਅ: ਜੰਗ ਵਿੱਚ ਕੂਦਿਆ ਹਿਜ਼ਬੁੱਲ੍ਹਾ; ਇਜ਼ਰਾਈਲੀ ਹਮਲੇ ਵਿੱਚ ਚੋਟੀ ਦੇ ਕਮਾਂਡਰ ਸਮੇਤ 31 ਹਲਾਕ

ਈਰਾਨ ਦੇ ਸਮਰਥਨ ਵਿੱਚ ਹਿਜ਼ਬੁੱਲ੍ਹਾ ਨੇ ਇਜ਼ਰਾਈਲ ‘ਤੇ ਦਾਗੇ ਰੌਕਟ; ਜਵਾਬੀ ਕਾਰਵਾਈ ਵਿੱਚ ਲੇਬਨਾਨ ਵਿੱਚ ਭਾਰੀ ਤਬਾਹੀ

ਯੇਰੂਸ਼ਲਮ/ਬੇਰੂਤ, 2 ਮਾਰਚ 2026- ਈਰਾਨ ਅਤੇ ਇਜ਼ਰਾਈਲ ਦੀ ਜੰਗ ਵਿੱਚ ਹੁਣ ਲੇਬਨਾਨ ਦਾ ਹਿਜ਼ਬੁੱਲ੍ਹਾ ਸੰਗਠਨ ਵੀ ਸ਼ਾਮਲ ਹੋ ਗਿਆ ਹੈ। ਈਰਾਨ ਦੇ ਸਮਰਥਨ ਵਿੱਚ ਜਦੋਂ ਹਿਜ਼ਬੁੱਲ੍ਹਾ ਨੇ ਇਜ਼ਰਾਈਲ ‘ਤੇ ਹਮਲਾ ਕੀਤਾ, ਤਾਂ ਇਜ਼ਰਾਈਲ ਨੇ ਜਵਾਬੀ ਕਾਰਵਾਈ ਕਰਦਿਆਂ ਹਿਜ਼ਬੁੱਲ੍ਹਾ ਦੇ ਚੋਟੀ ਦੇ ਕਮਾਂਡਰ ਨੂੰ ਮਾਰ ਮੁਕਾਇਆ।

ਇਜ਼ਰਾਈਲੀ ਫੌਜ ਨੇ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਦੇ ਟਿਕਾਣਿਆਂ ‘ਤੇ ਭਿਆਨਕ ਹਮਲੇ ਕੀਤੇ ਹਨ, ਜਿਸ ਵਿੱਚ ਹੁਣ ਤੱਕ 31 ਲੋਕ ਮਾਰੇ ਗਏ ਹਨ ਅਤੇ 149 ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚ ਹਿਜ਼ਬੁੱਲ੍ਹਾ ਦੀ ਸੰਸਦੀ ਸ਼ਾਖਾ ਦੇ ਮੁਖੀ ਮੁਹੰਮਦ ਰਾਦ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ।

ਹਿਜ਼ਬੁੱਲ੍ਹਾ ਵੱਲੋਂ ਡਰੋਨ ਅਤੇ ਰੌਕਟਾਂ ਨਾਲ ਹਮਲਾ

ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਝੱਲ ਰਹੇ ਈਰਾਨ ਦੀ ਮਦਦ ਲਈ ਹਿਜ਼ਬੁੱਲ੍ਹਾ ਅੱਗੇ ਆਇਆ ਹੈ। ਹਿਜ਼ਬੁੱਲ੍ਹਾ ਨੇ ਇਜ਼ਰਾਈਲ ‘ਤੇ ਕਈ ਰੌਕਟ ਅਤੇ ਡਰੋਨ ਦਾਗੇ। ਸੰਗਠਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਹਮਲਾ ਅਲੀ ਖ਼ਾਮੇਨੇਈ ਦੀ ਮੌਤ ਦਾ ਬਦਲਾ ਲੈਣ, ਲੇਬਨਾਨ ਦੀ ਰੱਖਿਆ ਕਰਨ ਅਤੇ ਆਪਣੇ ਦੋਸਤ ਈਰਾਨ ਦੀ ਮਦਦ ਲਈ ਕੀਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਜ਼ਰਾਈਲ ਨਾ ਰੁਕਿਆ ਤਾਂ ਅਜਿਹੇ ਹੋਰ ਵੀ ਹਮਲੇ ਕੀਤੇ ਜਾਣਗੇ।

ਇਜ਼ਰਾਈਲ ਨੇ ਉਡਾਏ ਹਿਜ਼ਬੁੱਲ੍ਹਾ ਦੇ ਟਿਕਾਣੇ

ਇਜ਼ਰਾਈਲ ਨੇ ਜਵਾਬੀ ਕਾਰਵਾਈ ਕਰਦਿਆਂ ਲੇਬਨਾਨ ‘ਤੇ ਮਿਜ਼ਾਈਲਾਂ ਦਾਗੀਆਂ। ਸੋਮਵਾਰ ਸਵੇਰੇ ਹੋਏ ਇਹਨਾਂ ਹਮਲਿਆਂ ਨੇ ਲੇਬਨਾਨ ਵਿੱਚ ਭਾਰੀ ਤਬਾਹੀ ਮਚਾਈ। IDF (ਇਜ਼ਰਾਈਲ ਡਿਫੈਂਸ ਫੋਰਸਿਜ਼) ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਬੇਰੂਤ ਅਤੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਦੇ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ ਹੈ। ਦੂਜੇ ਪਾਸੇ, ਲੇਬਨਾਨ ਦੇ ਰਾਸ਼ਟਰਪਤੀ ਜੋਸੇਫ ਆਊਨ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਹਿਜ਼ਬੁੱਲ੍ਹਾ ਇੱਕ ਵਾਰ ਫਿਰ ਲੇਬਨਾਨ ਨੂੰ ‘ਪ੍ਰੌਕਸੀ ਵਾਰ’ (Proxy War) ਲਈ ਇਸਤੇਮਾਲ ਕਰ ਰਿਹਾ ਹੈ, ਜੋ ਦੇਸ਼ ਲਈ ਵੱਡਾ ਖ਼ਤਰਾ ਹੈ।

ਇਜ਼ਰਾਈਲੀ ਫੌਜ (IDF) ਦਾ ਬਿਆਨ

ਹਮਲਿਆਂ ਤੋਂ ਬਾਅਦ ਇਜ਼ਰਾਈਲੀ ਹਵਾਈ ਫੌਜ ਨੇ ਬਿਆਨ ਜਾਰੀ ਕਰਦਿਆਂ ਕਿਹਾ, “ਅਸੀਂ ਲੇਬਨਾਨ ਵਿੱਚ ਅੱਤਵਾਦੀ ਸੰਗਠਨ ਹਿਜ਼ਬੁੱਲ੍ਹਾ ਦੇ ਟਿਕਾਣਿਆਂ ‘ਤੇ ਹਮਲਾ ਕਰ ਰਹੇ ਹਾਂ। ਇਹ ਕਾਰਵਾਈ ਇਜ਼ਰਾਈਲ ‘ਤੇ ਹੋਈ ਗੋਲੀਬਾਰੀ ਦੇ ਜਵਾਬ ਵਿੱਚ ਕੀਤੀ ਗਈ ਹੈ। ਈਰਾਨ ਦੀ ਸਰਪ੍ਰਸਤੀ ਹੇਠ ਕੰਮ ਕਰਨ ਵਾਲਾ ਇਹ ਸੰਗਠਨ ਸਾਡੇ ਨਾਗਰਿਕਾਂ ਲਈ ਖ਼ਤਰਾ ਹੈ। ਈਰਾਨ ਦਾ ਸਾਥ ਦੇਣ ਵਾਲਿਆਂ ਵਿਰੁੱਧ ਇਜ਼ਰਾਈਲ ਸਖ਼ਤ ਕਾਰਵਾਈ ਕਰੇਗਾ ਅਤੇ ਕਿਸੇ ਵੀ ਅੱਤਵਾਦੀ ਸੰਗਠਨ ਨੂੰ ਸਿਰ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”