Join WhatsApp

Join Now

ਪੰਜਾਬ ‘ਚ ਆਜ਼ਾਦੀ ਦਿਹਾੜੇ ਵਾਲੇ ਦਿਨ 2 ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ

On: ਅਗਸਤ 15, 2026 8:16 ਬਾਃ ਦੁਃ

 

ਪੰਜਾਬ ‘ਚ ਆਜ਼ਾਦੀ ਦਿਹਾੜੇ ਵਾਲੇ ਦਿਨ 2 ਵਿਅਕਤੀਆਂ ਦਾ ਗੋਲੀਆਂ ਮਾਰ ਕੇ ਕਤਲ

ਭਿੱਖੀਵਿੰਡ ਦੇ ਨੇੜਲੇ ਪਿੰਡ ਪਹੂਵਿੰਡ ਵਿੱਚ ਡੇਢ ਕਿੱਲਾ ਜ਼ਮੀਨ ਦੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਗੋਲੀਬਾਰੀ ’ਚ ਦੋ ਵਿਅਕਤੀਆਂ ਦੀ ਮੌਤ

ਭਿੱਖੀਵਿੰਡ, 15 ਅਗਸਤ 2026: ਭਿੱਖੀਵਿੰਡ ਦੇ ਨੇੜਲੇ ਪਿੰਡ ਪਹੂਵਿੰਡ ਵਿੱਚ ਡੇਢ ਕਿੱਲਾ ਜ਼ਮੀਨ ਦੇ ਮਾਲਕੀ ਹੱਕ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਖ਼ੂਨੀ ਰੂਪ ਧਾਰ ਗਿਆ। ਵਿਵਾਦਿਤ ਜ਼ਮੀਨ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਖਰਾਜ ਸਿੰਘ ਅਤੇ ਨਿਰਮਲ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਪੁਲੀਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਪਿੰਡ ਪਹੂਵਿੰਡ ਵਿੱਚ ਅਮਰਜੀਤ ਸਿੰਘ ਧਿਰ ਅਤੇ ਸੁਖਰਾਜ ਸਿੰਘ ਧਿਰ ਵਿਚਕਾਰ ਕਰੀਬ ਡੇਢ ਕਿੱਲਾ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਪੁਲੀਸ ਵੱਲੋਂ ਦੋਵਾਂ ਧਿਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ।

ਪੁਲੀਸ ਅਨੁਸਾਰ ਅੱਜ ਦੋਵੇਂ ਧਿਰਾਂ ਵਿਵਾਦਿਤ ਜ਼ਮੀਨ ਵਿੱਚ ਆਹਮੋ-ਸਾਹਮਣੇ ਹੋ ਗਈਆਂ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਗੋਲੀਬਾਰੀ ਵਿੱਚ ਸੁਖਰਾਜ ਸਿੰਘ ਦੇ ਸਿਰ ਵਿੱਚ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਦੂਜੀ ਧਿਰ ਨਾਲ ਸਬੰਧਤ ਨਿਰਮਲ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਹ ਵੀ ਗੰਭੀਰ ਜ਼ਖ਼ਮੀ ਹੋਣ ਕਾਰਨ ਦਮ ਤੋੜ ਗਿਆ।

ਘਟਨਾ ਮਗਰੋਂ ਪੁਲੀਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਗੋਲੀਬਾਰੀ ਦੇ ਅਸਲ ਕਾਰਨਾਂ ਅਤੇ ਇਸ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਆਵੇਗੀ।

 

Leave a Comment