Government School Teachers Union! ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਨਵੇਂ ਸਾਲ-2026 ਦਾ ਕੈਲੰਡਰ ਜਾਰੀ

 

Government School Teachers Union- ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ ਕਾਮਨ ਸਕੂਲ ਸਿੱਖਿਆ ਸਿਸਟਮ ਲਾਗੂ ਕੀਤਾ ਜਾਵੇ! 

Punjab Network

ਲੁਧਿਆਣਾ, 04 ਜਨਵਰੀ 2025- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (Government School Teachers Union) ਪੰਜਾਬ ਜ਼ਿਲ੍ਹਾ ਲੁਧਿਆਣਾ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ ਵੱਲੋਂ ਅੱਜ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਨਵੇਂ ਸਾਲ 2026 ਦਾ ਕੈਲੰਡਰ ਜਾਰੀ ਕੀਤਾ ਗਿਆ।

ਇਹ ਕੈਲੰਡਰ ਜਾਰੀ ਕਰਨ ਦੀ ਰਸਮ ਜਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਪਰਮਿੰਦਰ ਪਾਲ ਸਿੰਘ ਕਾਲੀਆ ਜਿਲਾ ਲੁਧਿਆਣਾ ਪ੍ਰਧਾਨ, ਸੰਜੀਵ ਕੁਮਾਰ ਸੂਬਾ ਮੀਤ ਪ੍ਰਧਾਨ ਵੱਲੋਂ ਸਾਂਝੇ ਤੌਰ ‘ਤੇ ਅਦਾ ਕੀਤੀ ਗਈ।

ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਮਨੀਸ਼ ਸ਼ਰਮਾ, ਬਲਬੀਰ ਸਿੰਘ ਕੰਗ ਆਗੂਆਂ ਨੇ ਕਿਹਾ ਕਿ ਜਥੇਬੰਦੀ ਪਿਛਲੇ 18 ਸਾਲਾਂ ਤੋਂ ਲਗਾਤਾਰ ਕੈਲੰਡਰ ਜਾਰੀ ਕਰ ਰਹੀ ਹੈ ਅਤੇ ਕੈਲੰਡਰ ਵਿੱਚ ਜਥੇਬੰਦੀ ਦੇ ਲਿਖੇ ਉਦੇਸ਼ਾਂ ਵਿੱਚ ਹੁਕਮਰਾਨ ਸਰਕਾਰਾਂ ਤੋਂ ਮੰਗ ਕੀਤੀ ਗਈ ਹੈ ਕਿ ਨਵੀਂ ਸਿੱਖਿਆ ਨੀਤੀ 2020 ਤੁਰੰਤ ਰੱਦ ਕਰਕੇ ਕੋਠਾਰੀ ਸਿੱਖਿਆ ਕਮਿਸ਼ਨ (1964-66) ਵੱਲੋਂ ਤਜਵੀਜ਼ਤ ਕਾਮਨ ਸਕੂਲ ਸਿੱਖਿਆ ਸਿਸਟਮ ਲਾਗੂ ਕੀਤਾ ਜਾਵੇ।

ਇਸ ਤੋਂ ਇਲਾਵਾ ਹੋਰ ਉਦੇਸ਼ਾਂ ਵਿੱਚ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਦੇ ਖਿਲਾਫ ਲਗਾਤਾਰ ਸੰਘਰਸ਼ ਕਰਨਾ, ਪੁਰਾਣੀ ਪੈਨਸ਼ਨ ਸਕੀਮ ਹੂਬਹੂ ਬਹਾਲ ਕਰਵਾਉਣਾ, ਸਕੂਲ ਆਫ ਐਮੀਨੈਂਸ ਅਤੇ ਪੀ ਐਮ ਸ੍ਰੀ ਸਕੂਲਾਂ ਦੀ ਬਜਾਏ ਸਾਰਿਆਂ ਲਈ ਇਕਸਾਰ ਗੁਣਾਤਮਕ ਸਿੱਖਿਆ ਵਾਸਤੇ ਯਤਨ ਕਰਨੇ ਅਤੇ 10+2 ਜਮਾਤ ਤੱਕ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਵਾਉਣਾ, ਪਰਖ ਕਾਲ ਦੇ ਸਮੇਂ ਦੌਰਾਨ ਪੂਰੀਆਂ ਤਨਖਾਹਾਂ ਤੇ ਭੱਤਿਆਂ ਨੂੰ ਲਾਗੂ ਕਰਵਾਉਣਾ, ਐਨ ਐਸ ਕਿਊ ਐਫ, ਕੰਪਿਊਟਰ ਅਧਿਆਪਕਾਂ, ਐਸੋਸੀਏਟ ਅਧਿਆਪਕਾਂ ਅਤੇ ਹੋਰ ਵਲੰਟੀਅਰਾਂ, ਕੱਚੇ ਅਤੇ ਠੇਕਾ ਅਧਾਰਤ ਅਧਿਆਪਕਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਪੰਜਾਬ ਵਿੱਚ ਪੂਰੀਆਂ ਤਨਖਾਹਾਂ ਤੇ ਭੱਤਿਆਂ ਸਮੇਤ ਰੈਗੂਲਰ ਕਰਵਾਉਣਾ, ਅਧਿਆਪਕਾਂ ਦੇ ਵੱਖ-ਵੱਖ ਵਰਗਾਂ ਲਈ ਬਣਦੇ ਸਹੀ ਤੇ ਸਾਰਥਿਕ ਤਨਖਾਹ ਸਕੇਲਾਂ ਦੀ ਪ੍ਰਾਪਤੀ ਕਰਨਾ, ਕੇਂਦਰੀ ਪੈਟਰਨ ‘ਤੇ ਤਨਖਾਹਾਂ ਦੇਣ ਸਬੰਧੀ 17 ਜੁਲਾਈ 2020 ਦਾ ਪੱਤਰ ਤੁਰੰਤ ਰੱਦ ਕਰਵਾਉਣਾ, ਜਥੇਬੰਦੀ ਦੇ ਮੰਗ ਪੱਤਰ ਵਿੱਚ ਦਰਜ ਸਾਰੀਆਂ ਮੰਗਾਂ ਦੇ ਨਿਪਟਾਰੇ ਲਈ ਲਗਾਤਾਰ ਸੰਘਰਸ਼ ਕਰਨਾ ਆਦਿ ਮੁੱਖ ਉਦੇਸ਼ ਸ਼ਾਮਲ ਕੀਤੇ ਗਏ ਹਨ।

ਆਗੂਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 16 ਜਨਵਰੀ ਨੂੰ ਜ਼ਿਲਾ ਪੱਧਰ ‘ਤੇ ਕੀਤੀਆਂ ਜਾ ਰਹੀਆਂ ਰੋਸ ਰੈਲੀਆਂ ਅਤੇ 18 ਜਨਵਰੀ ਨੂੰ ਸਾਂਝਾ ਅਧਿਆਪਕ ਮੋਰਚਾ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਮੋਗਾ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫੈਸਲਾ ਕੀਤਾ ਗਿਆ।

ਇਸ ਮੌਕੇ ਚਰਨ ਸਿੰਘ ਤਾਜਪੁਰੀ, ਨਰਿੰਦਰ ਪਾਲ ਸਿੰਘ ਬੁਰਜ ਲਿੱਟਾਂ, ਪਰਮਜੀਤ ਸਿੰਘ ਸਵੱਦੀ, ਸਤਵਿੰਦਰ ਪਾਲ ਸਿੰਘ ਦੋਰਾਹਾ, ਜੁਗਲ ਸ਼ਰਮਾ, ਕੁਲਦੀਪ ਸਿੰਘ ਪੱਖੋਵਾਲ ਪ੍ਰਧਾਨ, ਗਗਨਦੀਪ ਸਿੰਘ ਬੱਸੀਆਂ, ਦਰਸ਼ਨ ਸਿੰਘ ਮੋਹੀ ਆਦਿ ਆਗੂ ਹਾਜ਼ਰ ਸਨ।