ਵੱਡੀ ਖ਼ਬਰ: ਮੰਡੀ ਗੋਬਿੰਦਗੜ੍ਹ ਫਲਾਈਓਵਰ ‘ਤੇ ਭਿਆਨਕ ਹਾਦਸਾ; ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ

On: ਜੂਨ 16, 2026 9:55 ਪੂਃ ਦੁਃ

 

ਵੱਡੀ ਖ਼ਬਰ: ਮੰਡੀ ਗੋਬਿੰਦਗੜ੍ਹ ਫਲਾਈਓਵਰ ‘ਤੇ ਭਿਆਨਕ ਹਾਦਸਾ: ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ

ਚਾਨਣ ਰਾਮ ਪੈਟਰੋਲ ਪੰਪ ਦੇ ਨੇੜੇ ਖ਼ਰਾਬ ਹੋਏ ਟੈਂਪੂ ਨੂੰ ਸਟਾਰਟ ਕਰਨ ਵੇਲੇ ਵਾਪਰਿਆ ਭਾਣਾ-ਰਾਤ ਦੇ ਕਰੀਬ 12 ਵਜੇ ਵਾਪਰਿਆ ਹਾਦਸਾ; ਟੱਕਰ ਮਾਰ ਕੇ ਫ਼ਰਾਰ ਹੋਏ ਵਾਹਨ ਦੀ ਭਾਲ ਵਿੱਚ ਜੁਟੀ ਪੁਲਿਸ

ਮੰਡੀ ਗੋਬਿੰਦਗੜ੍ਹ , 16 ਜੂਨ 2026- ਮੰਡੀ ਗੋਬਿੰਦਗੜ੍ਹ ਦੇ ਸਥਾਨਕ ਚਾਨਣ ਰਾਮ ਪੈਟਰੋਲ ਪੰਪ ਦੇ ਨੇੜੇ ਫਲਾਈਓਵਰ ਪੁਲ ‘ਤੇ ਇੱਕ ਬੇਹੱਦ ਦਰਦਨਾਕ ਅਤੇ ਕਾਲਜਾ ਲੂਹਣ ਵਾਲਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਵੱਲੋਂ ਮਾਰੀ ਗਈ ਜ਼ੋਰਦਾਰ ਟੱਕਰ ਕਾਰਨ ਦੋ ਸਕੇ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਲੱਗਣ ਤੋਂ ਬਾਅਦ ਦੋਵੇਂ ਭਰਾ ਫਲਾਈਓਵਰ ਤੋਂ ਕਰੀਬ 40 ਫੁੱਟ ਹੇਠਾਂ ਜਾ ਡਿੱਗੇ। ਇਸ ਦੁਖਦਾਈ ਘਟਨਾ ਤੋਂ ਬਾਅਦ ਮ੍ਰਿਤਕਾਂ ਦੇ ਪਿੰਡ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਭਰਾ ਆਪਣੇ ਟੈਂਪੂ ਵਿੱਚ ਪਾਣੀ ਦੀ ਟੈਂਕੀ ਲੈ ਕੇ ਸਰਹਿੰਦ ਵਾਲੀ ਸਾਈਡ ਤੋਂ ਆ ਰਿਹਾ ਸੀ।

ਜਦੋਂ ਉਹ ਚਾਨਣ ਰਾਮ ਪੈਟਰੋਲ ਪੰਪ ਦੇ ਨੇੜੇ ਪਹੁੰਚਿਆ ਤਾਂ ਉਸ ਦਾ ਵਾਹਨ ਅਚਾਨਕ ਖ਼ਰਾਬ ਹੋ ਕੇ ਬੰਦ ਹੋ ਗਿਆ। ਟੈਂਪੂ ਚਾਲਕ ਨੇ ਤੁਰੰਤ ਆਪਣੇ ਭਰਾ ਨੂੰ ਫੋਨ ਕਰਕੇ ਪਿੰਡ ਰਾਮਪੁਰ ਤੋਂ ਬੈਟਰੀ ਲੈ ਕੇ ਆਉਣ ਲਈ ਕਿਹਾ। ਕੁਝ ਹੀ ਸਮੇਂ ਬਾਅਦ ਉਸ ਦਾ ਭਰਾ ਆਪਣੀ ਬ੍ਰੀਜ਼ਾ ਕਾਰ ਵਿੱਚ ਬੈਟਰੀ ਲੈ ਕੇ ਮੌਕੇ ‘ਤੇ ਪਹੁੰਚ ਗਿਆ।

ਜਦੋਂ ਦੋਵੇਂ ਭਰਾ ਫਲਾਈਓਵਰ ‘ਤੇ ਖ਼ਰਾਬ ਖੜ੍ਹੇ ਵਾਹਨ ਨੂੰ ਬੈਟਰੀ ਲਗਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਇਸੇ ਦੌਰਾਨ ਸਰਹਿੰਦ ਦੀ ਤਰਫ਼ੋਂ ਆ ਰਹੇ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਭਰਾਵਾਂ ਦੀ ਪਛਾਣ ਜਗਜੀਤ ਸਿੰਘ ਅਤੇ ਹਰਜੀਤ ਸਿੰਘ ਵਜੋਂ ਹੋਈ ਹੈ। ਉਹ ਅਵਤਾਰ ਸਿੰਘ ਦੇ ਪੁੱਤਰ ਸਨ ਅਤੇ ਪਿੰਡ ਰਾਮਪੁਰ (ਤਹਿਸੀਲ ਪਾਇਲ, ਥਾਣਾ ਦੋਰਾਹਾ, ਜ਼ਿਲ੍ਹਾ ਲੁਧਿਆਣਾ) ਦੇ ਨਿਵਾਸੀ ਸਨ।

ਪਰਿਵਾਰ ਅਨੁਸਾਰ ਹਰਜੀਤ ਸਿੰਘ ਦਾ ਪਰਿਵਾਰ ਪਹਿਲਾਂ ਹੀ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉਹ ਖ਼ੁਦ ਵੀ ਆਉਂਦੀ 26 ਜੂਨ ਨੂੰ ਕੈਨੇਡਾ ਜਾਣ ਵਾਲਾ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ ਅਤੇ ਵਿਦੇਸ਼ ਉਡਾਰੀ ਮਾਰਨ ਤੋਂ ਪਹਿਲਾਂ ਹੀ ਮੌਤ ਨੇ ਉਸ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਦੇਰ ਰਾਤ ਕਰੀਬ 12 ਵਜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣਾ ਮੁਖੀ (ASI) ਤਿਲਕ ਰਾਜ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਦੋਵਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਟੱਕਰ ਮਾਰ ਕੇ ਫ਼ਰਾਰ ਹੋਏ ਅਣਪਛਾਤੇ ਵਾਹਨ ਚਾਲਕ ਦੀ ਭਾਲ ਲਈ ਆਸ-ਪਾਸ ਦੇ ਸੀਸੀਟੀਵੀ (CCTV) ਕੈਮਰੇ ਖੰਗਾਲੇ ਜਾ ਰਹੇ ਹਨ।

 

Join WhatsApp

Join Now

Leave a Comment