Join WhatsApp

Join Now

Big Breaking: ਭਿਆਨਕ ਸੜਕ ਹਾਦਸੇ ‘ਚ ਨਵਜੰਮੀ ਬੱਚੀ ਸਮੇਤ 3 ਲੋਕਾਂ ਦੀ ਮੌਤ, 5 ਗੰਭੀਰ ਜ਼ਖ਼ਮੀ

On: November 12, 2026 2:18 PM

 

Big Breaking: ਭਿਆਨਕ ਸੜਕ ਹਾਦਸੇ ‘ਚ ਨਵਜੰਮੀ ਬੱਚੀ ਸਮੇਤ 3 ਲੋਕਾਂ ਦੀ ਮੌਤ, 5 ਗੰਭੀਰ ਜ਼ਖ਼ਮੀ

ਸਵਾਰੀਆਂ ਨਾਲ ਭਰੇ ਆਟੋ ਨੂੰ ਡੰਪਰ ਨੇ ਮਾਰੀ ਜ਼ੋਰਦਾਰ ਟੱਕਰ, ਪਲਟੇ ਵਾਹਨ, ਰਾਹਗੀਰਾਂ ਨੇ ਬਚਾਈਆਂ ਜਾਨਾਂ- 3 ਹਲਾਕ

ਨਵੀਂ ਦਿੱਲੀ, 12 ਨਵੰਬਰ 2026: ਰਾਜਧਾਨੀ ਦਿੱਲੀ ਦੀਆਂ ਸੜਕਾਂ ‘ਤੇ ਤੇਜ਼ ਰਫ਼ਤਾਰ ਦਾ ਕਹਿਰ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਪੂਰਬੀ ਦਿੱਲੀ ਦੇ ਸੋਨੀਆ ਵਿਹਾਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਸ਼ਤਾ ਨੰਬਰ 5 ਨੇੜੇ ਬੁੱਧਵਾਰ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਡੰਪਰ ਅਤੇ ਸਵਾਰੀਆਂ ਨਾਲ ਭਰੇ ਆਟੋ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿੱਚ ਇੱਕ ਨਵਜੰਮੀ ਬੱਚੀ ਸਮੇਤ 3 ਲੋਕਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ 5 ਹੋਰ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਹਾਦਸੇ ਇੰਨਾ ਭਿਆਨਕ ਸੀ ਕਿ ਟੱਕਰ ਹੁੰਦਿਆਂ ਹੀ ਦੋਵੇਂ ਵਾਹਨ ਸੜਕ ‘ਤੇ ਪਲਟ ਗਏ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਆਟੋ (ਨੰਬਰ DL-1RAB-5531) ਹਰਿਆਣਾ ਦੇ ਮਾਨੇਸਰ ਤੋਂ ਆ ਰਿਹਾ ਸੀ ਅਤੇ ਸਵਾਰੀਆਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਦੂਜੇ ਪਾਸੇ, ਡੰਪਰ (ਨੰਬਰ DL-1LY-5990) ਸਭਾਪੁਰ ਪਿੰਡ ਵੱਲੋਂ ਆ ਰਿਹਾ ਸੀ। ਪੁਸ਼ਤਾ ਨੰਬਰ 5 ਨੇੜੇ ਦੋਵਾਂ ਵਾਹਨਾਂ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਟੱਕਰ ਦੀ ਆਵਾਜ਼ ਅਤੇ ਸਵਾਰੀਆਂ ਦੀਆਂ ਚੀਕਾਂ ਸੁਣ ਕੇ ਨੇੜਲੇ ਰਾਹਗੀਰ ਤੁਰੰਤ ਮਦਦ ਲਈ ਦੌੜੇ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਰਾਹਗੀਰਾਂ ਨੇ ਹੀ ਇਸ ਦਰਦਨਾਕ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਸੂਚਨਾ ਮਿਲਦਿਆਂ ਹੀ ਸੋਨੀਆ ਵਿਹਾਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਵਾਹਨਾਂ ਹੇਠਾਂ ਦੱਬੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਸਾਰੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਜਗ ਪ੍ਰਵੇਸ਼ ਚੰਦਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਅਨੁਸਾਰ ਜ਼ਖ਼ਮੀਆਂ ਵਿੱਚ ਇੱਕ 3 ਸਾਲਾ ਮਾਸੂਮ ਬੱਚੀ ਵੀ ਸ਼ਾਮਲ ਹੈ, ਜਿਸ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਹਨ। ਹਾਲਾਂਕਿ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਪਰ ਉਹ ਫਿਲਹਾਲ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ

ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਹੈ। ਸੋਨੀਆ ਵਿਹਾਰ ਥਾਣਾ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ, ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਜਾਂ ਫਿਰ ਰਾਤ ਵੇਲੇ ਨੀਂਦ ਦੀ ਝਪਕੀ ਆਉਣ ਕਾਰਨ ਇਹ ਭਾਣਾ ਵਰਤਿਆ।

ਜ਼ਿਕਰਯੋਗ ਹੈ ਕਿ ਸੋਨੀਆ ਵਿਹਾਰ ਦਾ ਇਹੀ ਇਲਾਕਾ ਮਹਿਜ਼ ਦੋ ਦਿਨ ਪਹਿਲਾਂ ਇੱਕ ਵੱਡੀ ਵਿਕਾਸ ਪ੍ਰਾਪਤੀ ਕਾਰਨ ਸੁਰਖੀਆਂ ਵਿੱਚ ਸੀ। ਬੀਤੇ ਦਿਨੀਂ ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਵੱਲੋਂ ਇੱਥੇ ਯਮੁਨਾ ਨਦੀ ‘ਤੇ ਮਨੋਰੰਜਨ ਕਰੂਜ਼ ਸੇਵਾ (Recreational Cruise Service) ਦਾ ਉਦਘਾਟਨ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਕੌਮੀ ਜਲ ਮਾਰਗ ਐਕਟ 2016 ਤਹਿਤ ਯਮੁਨਾ ਨਦੀ ਨੂੰ ‘ਨੈਸ਼ਨਲ ਵਾਟਰਵੇਅ-110’ ਦਾ ਦਰਜਾ ਦਿੱਤਾ ਗਿਆ ਹੈ, ਜਿਸ ਤਹਿਤ ਸੋਨੀਆ ਵਿਹਾਰ ਤੋਂ ਜਗਤਪੁਰ ਤੱਕ ਕਰੂਜ਼ ਸੇਵਾ ਸ਼ੁਰੂ ਕਰਕੇ ਦਿੱਲੀ ਵਿੱਚ ਜਲ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਵੱਡਾ ਕਦਮ ਚੁੱਕਿਆ ਗਿਆ ਸੀ। ਪਰ ਇਸ ਖੁਸ਼ੀ ਦੇ ਮਾਹੌਲ ਤੋਂ ਦੋ ਦਿਨ ਬਾਅਦ ਹੀ ਵਾਪਰੇ ਇਸ ਸੜਕ ਹਾਦਸੇ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ।

 

Leave a Comment