Punjab News: ਖੁੱਲ੍ਹ ਗਈ ਨਹਿਰੀ ਵਿਭਾਗ ਦੀ ਪੋਲ; ਮੁਰੰਮਤ ਤੋਂ ਕੁਝ ਘੰਟਿਆਂ ਬਾਅਦ ਹੀ ਟੁੱਟੀ ਨਹਿਰ; ਖੇਤਾਂ ਅਤੇ ਘਰਾਂ ‘ਚ ਵੜਿਆ ਪਾਣੀ
10 ਦਿਨਾਂ ਦੀ ਮੁਰੰਮਤ ਤੋਂ ਬਾਅਦ ਛੱਡਿਆ ਸੀ ਪਾਣੀ, ਅੱਧੀ ਰਾਤ ਨੂੰ ਉਸੇ ਥਾਂ ‘ਤੇ ਦੁਬਾਰਾ ਪਿਆ ਵੱਡਾ ਪਾੜ- ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ; ਫਸਲਾਂ ਦਾ ਹੋਇਆ ਭਾਰੀ ਨੁਕਸਾਨ
ਤਲਵੰਡੀ ਸਾਬੋ, 21 ਜੂਨ 2026- ਝੋਨੇ ਦੇ ਮੌਜੂਦਾ ਸੀਜ਼ਨ ਦੌਰਾਨ ਰਜਵਾਹੇ ਦੇ ਵਾਰ-ਵਾਰ ਟੁੱਟਣ ਅਤੇ ਲਗਾਤਾਰ ਬੰਦ ਰਹਿਣ ਕਾਰਨ ਪਹਿਲਾਂ ਹੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਲਕਾ ਤਲਵੰਡੀ ਸਾਬੋ ਦੇ ਕਿਸਾਨਾਂ ਨੂੰ ਉਸ ਵੇਲੇ ਇੱਕ ਹੋਰ ਵੱਡਾ ਝਟਕਾ ਲੱਗਾ, ਜਦੋਂ ਨਹਿਰੀ ਵਿਭਾਗ ਵੱਲੋਂ ਮੁਰੰਮਤ ਕੀਤੇ ਜਾਣ ਤੋਂ ਬਾਅਦ ਪਾਣੀ ਛੱਡਦੇ ਹੀ ਤਲਵੰਡੀ ਸਾਬੋ ਰਜਵਾਹਾ ਮੁੜ ਟੁੱਟ ਗਿਆ।
ਅੱਧੀ ਰਾਤ ਸਮੇਂ ਪਏ ਇਸ ਪਾੜ ਕਾਰਨ ਜਿੱਥੇ ਕਿਸਾਨਾਂ ਦੇ ਝੋਨੇ ਦੇ ਖੇਤਾਂ ਵਿੱਚ ਦੁਬਾਰਾ ਪਾਣੀ ਭਰ ਗਿਆ, ਉੱਥੇ ਹੀ ਰਜਵਾਹੇ ਦੇ ਨਾਲ ਲੱਗਦੀਆਂ ਕੁਝ ਰਿਹਾਇਸ਼ੀ ਕਲੋਨੀਆਂ ਦੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ, ਜਿਸ ਕਾਰਨ ਲੋਕਾਂ ਵਿੱਚ ਹਾਹਾਕਾਰ ਮਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 10 ਜੂਨ ਨੂੰ ਨਿਹੰਗ ਸਿੰਘਾਂ ਦੇ ਪੜਾਅ ਨੇੜੇ ਰਜਵਾਹੇ ਵਿੱਚ ਇੱਕ ਵੱਡਾ ਪਾੜ ਪੈ ਗਿਆ ਸੀ, ਜਿਸ ਨਾਲ ਝੋਨੇ ਦੀਆਂ ਪਨੀਰੀਆਂ ਅਤੇ ਆਸ-ਪਾਸ ਦੇ ਘਰਾਂ ਨੂੰ ਕਾਫ਼ੀ ਨੁਕਸਾਨ ਪੁੱਜਿਆ ਸੀ।
ਇਸ ਘਟਨਾ ਤੋਂ ਬਾਅਦ ਨਹਿਰੀ ਵਿਭਾਗ ਵੱਲੋਂ ਕਰੀਬ 10 ਦਿਨਾਂ ਤੱਕ ਮੁਰੰਮਤ ਦਾ ਕੰਮ ਚਲਾਇਆ ਗਿਆ। ਬੀਤੇ ਦਿਨ ਜਦੋਂ ਕੰਮ ਮੁਕੰਮਲ ਹੋਣ ਮਗਰੋਂ ਰਜਵਾਹੇ ਵਿੱਚ ਮੁੜ ਪਾਣੀ ਛੱਡਿਆ ਗਿਆ, ਤਾਂ ਕੁਝ ਹੀ ਘੰਟਿਆਂ ਬਾਅਦ ਲਗਭਗ ਉਸੇ ਥਾਂ ’ਤੇ ਦੁਬਾਰਾ ਪਾੜ ਪੈ ਗਿਆ। ਪੀੜਤ ਕਿਸਾਨ ਬਲਵੀਰ ਸਿੰਘ ਨੇ ਆਪਣਾ ਦੁੱਖੜਾ ਰੋਦਿਆਂ ਦੱਸਿਆ ਕਿ ਪਾਣੀ ਖੇਤਾਂ ਵਿੱਚ ਤੇਜ਼ੀ ਨਾਲ ਫੈਲਣ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।

ਉਨ੍ਹਾਂ ਕਿਹਾ ਕਿ ਰਜਵਾਹੇ ਦੇ ਵਾਰ-ਵਾਰ ਟੁੱਟਣ ਅਤੇ ਨਹਿਰ ਬੰਦੀ ਕਾਰਨ ਕਿਸਾਨ ਪਹਿਲਾਂ ਹੀ ਸਿੰਜਾਈ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ ਅਤੇ ਹੁਣ ਝੋਨੇ ਦੀ ਲੁਆਈ ਦੇ ਮੁੱਖ ਸਮੇਂ ਨਹਿਰੀ ਪਾਣੀ ਦੀ ਇਸ ਘਾਟ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਤਲਵੰਡੀ ਸਾਬੋ ਸ਼ਹਿਰ ‘ਚ ਪੀਣ ਵਾਲੇ ਪਾਣੀ ਦਾ ਸੰਕਟ ਗਹਿਰਾਇਆ
ਰਜਵਾਹਾ ਟੁੱਟਣ ਦਾ ਅਸਰ ਹੁਣ ਸਿਰਫ਼ ਖੇਤੀ ‘ਤੇ ਹੀ ਨਹੀਂ, ਬਲਕਿ ਆਮ ਜਨਜੀਵਨ ‘ਤੇ ਵੀ ਪੈ ਰਿਹਾ ਹੈ। ਰਜਵਾਹੇ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸਥਾਨਕ ਵਾਟਰ ਵਰਕਸਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ। ਇਸ ਵਜ੍ਹਾ ਕਰਕੇ ਤਲਵੰਡੀ ਸਾਬੋ ਸ਼ਹਿਰ ਵਿੱਚ ਇਸ ਸਮੇਂ ਬੇਹੱਦ ਸੀਮਤ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਰਜਵਾਹੇ ਦੇ ਦੁਬਾਰਾ ਟੁੱਟਣ ਨਾਲ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਗਹਿਰਾਉਣ ਦੀ ਪੂਰੀ ਸੰਭਾਵਨਾ ਬਣ ਗਈ ਹੈ।

ਪਾੜ ਪੈਣ ਦੇ ਕਾਰਨਾਂ ਦੀ ਕਰਵਾਈ ਜਾਵੇਗੀ ਜਾਂਚ: ਐੱਸ.ਡੀ.ਓ.
ਦੂਜੇ ਪਾਸੇ ਮਾਮਲੇ ਸਬੰਧੀ ਗੱਲ ਕਰਦਿਆਂ ਨਹਿਰੀ ਵਿਭਾਗ ਦੇ ਐੱਸ.ਡੀ.ਓ. ਫਿਜ਼ੀ ਬਾਂਸਲ ਨੇ ਦੱਸਿਆ ਕਿ ਰਜਵਾਹੇ ਵਿੱਚ ਦੁਬਾਰਾ ਪਾੜ ਪੈਣ ਦੀ ਸੂਚਨਾ ਮਿਲਦੇ ਹੀ ਵਿਭਾਗ ਵੱਲੋਂ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਪਾੜ ਨੂੰ ਪੂਰ ਲਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਰੰਮਤ ਦੇ ਬਾਵਜੂਦ ਦੁਬਾਰਾ ਪਾੜ ਪੈਣ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।














