Join WhatsApp

Join Now

ਹਾਲ-ਏ-ਬਦਲਾਅ! CM ਮਾਨ ਦੇ ਸ਼ਹਿਰ ‘ਚ ਫ਼ੈਲਿਆ ਵਾਤਾਵਰਣ ਪ੍ਰਦੂਸ਼ਣ! NGT ਵੱਲੋਂ DC ਨੂੰ ਨੋਟਿਸ ਭੇਜ ਕੇ ਰਿਪੋਰਟ ਸੌਂਪਣ ਦੇ ਹੁਕਮ

On: November 24, 2026 10:23 AM

 

ਹਾਲ-ਏ-ਬਦਲਾਅ! CM ਮਾਨ ਦੇ ਸ਼ਹਿਰ ਚ ਫ਼ੈਲਿਆ ਵਾਤਾਵਰਣ ਪ੍ਰਦੂਸ਼ਣ! NGT ਵੱਲੋਂ DC ਨੂੰ ਨੋਟਿਸ ਭੇਜ ਕੇ ਰਿਪੋਰਟ ਸੌਂਪਣ ਦੇ ਹੁਕਮ

ਵਾਤਾਵਰਣ ਨਿਯਮਾਂ ਦੀ ਅਣਦੇਖੀ ਦਾ ਮਾਮਲਾ: ਐੱਨ.ਜੀ.ਟੀ. ਵੱਲੋਂ ਸੰਗਰੂਰ ਪ੍ਰਸ਼ਾਸਨ ਦੀ ਝਾੜ-ਝੰਬ, ਬਕਾਇਆ ਜੁਰਮਾਨੇ ਵਸੂਲਣ ਦੀ ਹਦਾਇਤ

ਸੰਗਰੂਰ ਨਗਰ ਕੌਂਸਲ ਦੀ ਕਾਰਗੁਜ਼ਾਰੀ ‘ਤੇ ਉੱਠੇ ਸਵਾਲ, ਗ੍ਰੀਨ ਟ੍ਰਿਬਿਊਨਲ ਨੇ ਡਿਪਟੀ ਕਮਿਸ਼ਨਰ ਨੂੰ ਖ਼ੁਦ ਨਿਗਰਾਨੀ ਕਰਨ ਲਈ ਕਿਹਾ

ਕੂੜੇ ਦੇ ਢੇਰਾਂ ਅਤੇ ਵਾਤਾਵਰਣ ਮੁਆਵਜ਼ੇ ਦੀ ਵਸੂਲੀ ਨੂੰ ਲੈ ਕੇ ਐੱਨ.ਜੀ.ਟੀ. ਨੇ ਸੰਗਰੂਰ ਪ੍ਰਸ਼ਾਸਨ ‘ਤੇ ਕੱਸਿਆ ਸ਼ਿਕੰਜਾ

ਸੰਗਰੂਰ, 24 ਨਵੰਬਰ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿੱਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਿਆ ਹੈ। ਸਫ਼ਾਈ ਵਿਵਸਥਾ ਅਤੇ ਵਾਤਾਵਰਣ ਵਿੱਚ ਫ਼ੈਲੇ ਪ੍ਰਦੂਸ਼ਣ ਦਾ ਮਾਮਲਾ ਹੁਣ ਐਨਜੀਟੀ ਕੋਲ ਪਹੁੰਚ ਗਿਆ ਹੈ। ਟ੍ਰਿਬਿਊਨ ਦੀ ਖ਼ਬਰ ਮੁਤਾਬਿਕ, ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਸੰਗਰੂਰ ਸ਼ਹਿਰ ਦੇ ਲਗਾਤਾਰ ਵਿਗੜ ਰਹੇ ਕੂੜਾ ਪ੍ਰਬੰਧਨ ਸਿਸਟਮ ਦਾ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ (ਡੀ.ਸੀ.) ਨੂੰ ਤੁਰੰਤ ਪ੍ਰਭਾਵ ਨਾਲ ਠੋਸ ਕਦਮ ਚੁੱਕਣ ਦੇ ਹੁਕਮ ਜਾਰੀ ਕੀਤੇ ਹਨ। ਟ੍ਰਿਬਿਊਨਲ ਨੇ ਪ੍ਰਸ਼ਾਸਨ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਸਬੰਧੀ ਚਾਰ ਹਫ਼ਤਿਆਂ ਦੇ ਅੰਦਰ ਮੁਕੰਮਲ ਕਾਰਵਾਈ ਰਿਪੋਰਟ ਪੇਸ਼ ਕੀਤੀ ਜਾਵੇ।

ਨਵੀਂ ਦਿੱਲੀ ਸਥਿਤ ਐੱਨ.ਜੀ.ਟੀ. ਦੇ ਮੁੱਖ ਬੈਂਚ ਨੇ ਸ਼ਹਿਰ ਵਿੱਚ ਗੰਦਗੀ ਅਤੇ ਕੂੜੇ ਦੀ ਸਮੱਸਿਆ ‘ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਕਿਹਾ ਹੈ ਕਿ ਉਹ ਸ਼ਹਿਰ ਵਿੱਚ ਜਮ੍ਹਾਂ ਪੁਰਾਣੇ ਕੂੜੇ ਦੇ ਢੇਰਾਂ ਦੇ ਨਿਪਟਾਰੇ ਅਤੇ ਠੋਸ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਖ਼ੁਦ ਨਿੱਜੀ ਤੌਰ ‘ਤੇ ਨਿਗਰਾਨੀ ਕਰਨ।

ਇਹ ਅਹਿਮ ਹੁਕਮ 18 ਨਵੰਬਰ ਨੂੰ ਪਟੀਸ਼ਨ ਨੰਬਰ 613/2025 (ਕਮਲ ਆਨੰਦ ਬਨਾਮ ਪੰਜਾਬ ਰਾਜ ਅਤੇ ਹੋਰ) ਦੀ ਸੁਣਵਾਈ ਦੌਰਾਨ ਸੁਣਾਏ ਗਏ। ਇਸ ਬੈਂਚ ਦੀ ਅਗਵਾਈ ਐੱਨ.ਜੀ.ਟੀ. ਦੇ ਮੁਖੀ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਅਤੇ ਮਾਹਿਰ ਮੈਂਬਰ ਡਾ. ਅਫ਼ਰੋਜ਼ ਅਹਿਮਦ ਕਰ ਰਹੇ ਸਨ।

ਸੁਣਵਾਈ ਦੌਰਾਨ ਟ੍ਰਿਬਿਊਨਲ ਨੇ ਨਗਰ ਕੌਂਸਲ ਸੰਗਰੂਰ ਵਿੱਚ ਚੱਲ ਰਹੀ ਪ੍ਰਸ਼ਾਸਕੀ ਅਸਥਿਰਤਾ ਦਾ ਵੀ ਸਖ਼ਤ ਨੋਟਿਸ ਲਿਆ। ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਨੇ ਬੈਂਚ ਨੂੰ ਜਾਣੂ ਕਰਵਾਇਆ ਕਿ ਨਗਰ ਕੌਂਸਲ ਦੇ ਸਾਬਕਾ ਕਾਰਜਸਾਧਕ ਅਫ਼ਸਰ (ਈ.ਓ.) ਅਸ਼ਵਨੀ ਕੁਮਾਰ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਜਲਦੀ ਹੀ ਨਵੇਂ ਅਧਿਕਾਰੀ ਵੱਲੋਂ ਅਹੁਦਾ ਸੰਭਾਲ ਲਏ ਜਾਣ ਦੀ ਉਮੀਦ ਹੈ।

ਹਾਲਾਂਕਿ, ਅਧਿਕਾਰੀਆਂ ਦੇ ਇਸ ਤਬਾਦਲੇ ਅਤੇ ਅਸਤੀਫ਼ੇ ਦੇ ਬਾਵਜੂਦ ਐੱਨ.ਜੀ.ਟੀ. ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਪ੍ਰਸ਼ਾਸਕੀ ਤਬਦੀਲੀਆਂ ਦੀ ਆੜ ਵਿੱਚ ਜਵਾਬਦੇਹੀ ਤੋਂ ਭੱਜਿਆ ਨਹੀਂ ਜਾ ਸਕਦਾ ਅਤੇ ਇਸ ਮਾਮਲੇ ਵਿੱਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਟ੍ਰਿਬਿਊਨਲ ਨੂੰ ਭਰੋਸਾ ਦਿਵਾਇਆ ਕਿ ਡਿਪਟੀ ਕਮਿਸ਼ਨਰ ਖ਼ੁਦ ਕੂੜਾ ਪ੍ਰਬੰਧਨ ਦੇ ਸਮੁੱਚੇ ਕੰਮਾਂ ਦੀ ਸਿੱਧੀ ਦੇਖ-ਰੇਖ ਕਰਨਗੇ।

ਇਸ ਦੌਰਾਨ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਦੀ ਹਦੂਦ ਅੰਦਰ ਵਾਤਾਵਰਣ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵੱਡੇ ਕੂੜਾ ਉਤਪਾਦਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਹੁਣ ਜਦੋਂ ਕਿ ਇਨ੍ਹਾਂ ਨੋਟਿਸਾਂ ਦੀ ਮਿਆਦ ਪੁੱਗ ਚੁੱਕੀ ਹੈ, ਇਸ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਸਜ਼ਾਯੋਗ ਕਾਰਵਾਈ ਅਮਲ ਵਿੱਚ ਲਿਆਉਣ ਲਈ ਇੱਕ ਮਹੀਨੇ ਦੀ ਮੋਹਲਤ ਦਿੱਤੀ ਗਈ ਹੈ।

ਟ੍ਰਿਬਿਊਨਲ ਨੇ ਨਗਰ ਕੌਂਸਲ ਸੰਗਰੂਰ ‘ਤੇ ਪਹਿਲਾਂ ਲਗਾਏ ਗਏ ਵਾਤਾਵਰਣ ਮੁਆਵਜ਼ੇ ਦੀ ਵਸੂਲੀ ਵਿੱਚ ਹੋ ਰਹੀ ਦੇਰੀ ‘ਤੇ ਵੀ ਨਾਰਾਜ਼ਗੀ ਪ੍ਰਗਟਾਈ। ਅੰਕੜਿਆਂ ਮੁਤਾਬਕ ਨਗਰ ਕੌਂਸਲ ਵੱਲ 92 ਲੱਖ ਰੁਪਏ ਦਾ ਵਾਤਾਵਰਣ ਮੁਆਵਜ਼ਾ ਬਕਾਇਆ ਹੈ, ਜਿਸ ਵਿੱਚੋਂ ਹੁਣ ਤੱਕ ਸਿਰਫ਼ 18 ਲੱਖ ਰੁਪਏ ਹੀ ਜਮ੍ਹਾਂ ਕਰਵਾਏ ਗਏ ਹਨ।

ਇਸੇ ਤਰ੍ਹਾਂ ਵਾਤਾਵਰਣ ਨੂੰ ਪਹੁੰਚੇ ਨੁਕਸਾਨ ਦੀ ਭਰਪਾਈ ਵਜੋਂ ਲਗਾਏ ਗਏ 84 ਲੱਖ ਰੁਪਏ ਦੇ ਜੁਰਮਾਨੇ ਵਿੱਚੋਂ ਵੀ ਮਹਿਜ਼ 18 ਲੱਖ ਰੁਪਏ ਦੀ ਹੀ ਵਸੂਲੀ ਹੋ ਸਕੀ ਹੈ। ਐੱਨ.ਜੀ.ਟੀ. ਨੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ ਕਿ ਅਗਲੇ ਚਾਰ ਹਫ਼ਤਿਆਂ ਵਿੱਚ ਸਮੁੱਚੀ ਬਕਾਇਆ ਰਕਮ ਦੀ ਵਸੂਲੀ ਯਕੀਨੀ ਬਣਾ ਕੇ ਵਿਸਥਾਰਤ ਰਿਪੋਰਟ ਦਾਖ਼ਲ ਕੀਤੀ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਫਰਵਰੀ 2027 ਵਿੱਚ ਤੈਅ ਕੀਤੀ ਗਈ ਹੈ।

 

Leave a Comment