Bus Fire News! ਵੱਡੀ ਖ਼ਬਰ: ਪੰਜਾਬ ‘ਚ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ
Bus Fire News! ਨੈਸ਼ਨਲ ਹਾਈਵੇ ‘ਤੇ ਕਸਬਾ ਬੀਜਾ ਦੇ ਕੋਲ ਵਾਪਰੀ ਘਟਨਾ; ਬੱਸ ਵਿੱਚ ਬੱਚਿਆਂ ਸਮੇਤ ਸਵਾਰ ਸਨ 100 ਤੋਂ ਵੱਧ ਸਵਾਰੀਆਂ- ਮੌਕੇ ‘ਤੇ ਪਹੁੰਚੇ SDM ਖੰਨਾ ਅਤੇ ਪੁਲਿਸ ਪ੍ਰਸ਼ਾਸਨ; ਫਾਇਰ ਬ੍ਰਿਗੇਡ ਨੇ ਅੱਗ ‘ਤੇ ਪਾਇਆ ਕਾਬੂ

ਖੰਨਾ, 21 ਜੂਨ 2026-
Bus Fire News! ਨੈਸ਼ਨਲ ਹਾਈਵੇ ‘ਤੇ ਖੰਨਾ ਦੇ ਨਜ਼ਦੀਕੀ ਕਸਬਾ ਬੀਜਾ ਕੋਲ ਉਸ ਸਮੇਂ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਬੱਸ ਵਿੱਚ ਬੱਚਿਆਂ ਅਤੇ ਮਹਿਲਾਵਾਂ ਸਮੇਤ ਲਗਭਗ 100 ਤੋਂ ਵੱਧ ਸਵਾਰੀਆਂ ਮੌਜੂਦ ਸਨ। ਰਾਹਤ ਦੀ ਵੱਡੀ ਗੱਲ ਇਹ ਰਹੀ ਕਿ ਬੱਸ ਨੂੰ ਅੱਗ ਲੱਗਦਿਆਂ ਹੀ ਸਵਾਰੀਆਂ ਨੂੰ ਮੁਸਤੈਦੀ ਨਾਲ ਬਾਹਰ ਕੱਢ ਲਿਆ ਗਿਆ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਲੁਧਿਆਣਾ ਤੋਂ ਸਵਾਰੀਆਂ ਲੈ ਕੇ ਉੱਤਰ ਪ੍ਰਦੇਸ਼ (UP) ਅਤੇ ਬਿਹਾਰ ਵੱਲ ਜਾ ਰਹੀ ਸੀ। ਜਦੋਂ ਬੱਸ ਹਾਈਵੇਅ ‘ਤੇ ਕਸਬਾ ਬੀਜਾ ਦੇ ਨੇੜੇ ਪਹੁੰਚੀ ਤਾਂ ਇਸ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਤੇਜ਼ ਹੋ ਗਈਆਂ, ਜਿਸ ਕਾਰਨ ਹਾਈਵੇਅ ‘ਤੇ ਹੜਕੰਪ ਮਚ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।

Bus Fire News! ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਪਾਇਆ ਕਾਬੂ
ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਡੀ.ਐਮ. (SDM) ਖੰਨਾ, ਸਥਾਨਕ ਪੁਲਿਸ ਪਾਰਟੀਆਂ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਆਪਣੀਆਂ ਗੱਡੀਆਂ ਸਮੇਤ ਤੁਰੰਤ ਮੌਕੇ ‘ਤੇ ਪਹੁੰਚੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬਿਨਾਂ ਸਮਾਂ ਗਵਾਏ ਅੱਗ ‘ਤੇ ਕਾਬੂ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।
ਮੌਕੇ ‘ਤੇ ਪਹੁੰਚੇ ਐਸਡੀਐਮ ਖੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਸਾਰੀਆਂ ਸਵਾਰੀਆਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਬੱਸ ਨੂੰ ਅੱਗ ਕਿਨ੍ਹਾਂ ਕਾਰਨਾਂ ਕਰਕੇ ਲੱਗੀ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।














