Join WhatsApp

Join Now

ਸਾਵਧਾਨ! ਪੰਜਾਬ ‘ਚ ਫ਼ੈਲਿਆ ਨਵਾਂ ਵਾਇਰਸ, ਬੱਚੇ ਆ ਰਹੇ ਨੇ ਲਪੇਟ ‘ਚ; ਪੜ੍ਹੋ ਲੱਛਣ ਅਤੇ ਇਲਾਜ਼

On: September 25, 2026 9:27 PM

 

ਸਾਵਧਾਨ! ਪੰਜਾਬ ‘ਚ ਫ਼ੈਲਿਆ ਨਵਾਂ ਵਾਇਰਸ, ਬੱਚੇ ਆ ਰਹੇ ਨੇ ਲਪੇਟ ‘ਚ; ਪੜ੍ਹੋ ਲੱਛਣ ਅਤੇ ਇਲਾਜ਼

ਬੱਚਿਆਂ ਵਿੱਚ ਲੱਛਣ ਦਿਖਾਈ ਦੇਣ ’ਤੇ ਸਮੇਂ ਸਿਰ ਡਾਕਟਰੀ ਸਲਾਹ ਲੈਣੀ ਜ਼ਰੂਰੀ: ਸਿਵਲ ਸਰਜਨ ਡਾ. ਵਿਵੇਕ ਕਟਾਰੀਆ

ਰੂਪਨਗਰ, 25 ਸਤੰਬਰ 2026: ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਨੇ ਮੂੰਹ, ਹੱਥਾਂ ਅਤੇ ਪੈਰਾਂ ਦੀ ਬਿਮਾਰੀ ਤੋਂ ਬਚਾਅ ਲਈ ਮਾਪਿਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਵਾਇਰਸ ਕਾਰਨ ਹੋਣ ਵਾਲੀ ਛੂਤ ਦੀ ਬਿਮਾਰੀ ਹੈ, ਜੋ ਆਮ ਤੌਰ ’ਤੇ ਛੋਟੇ ਬੱਚਿਆਂ ਵਿੱਚ ਵਧੇਰੇ ਪਾਈ ਜਾਂਦੀ ਹੈ। ਇਹ ਬਿਮਾਰੀ ਐਂਟਰੋਵਾਇਰਸ, ਖ਼ਾਸ ਕਰਕੇ ਕੋਕਸਸੈਕੀ ਵਾਇਰਸ ਕਾਰਨ ਹੋ ਸਕਦੀ ਹੈ ਅਤੇ ਆਮ ਤੌਰ ’ਤੇ ਆਪਣੇ ਆਪ ਠੀਕ ਹੋਣ ਵਾਲੀ ਹੁੰਦੀ ਹੈ। ਜ਼ਿਆਦਾਤਰ ਬੱਚੇ ਸੱਤ ਤੋਂ ਦਸ ਦਿਨਾਂ ਦੇ ਅੰਦਰ ਠੀਕ ਹੋ ਜਾਂਦੇ ਹਨ।

ਡਾ. ਕਟਾਰੀਆ ਨੇ ਦੱਸਿਆ ਕਿ ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਬੁਖਾਰ, ਮੂੰਹ ਦੇ ਅੰਦਰ ਦਰਦਨਾਕ ਛਾਲੇ ਜਾਂ ਫੋੜੇ, ਜੀਭ ਅਤੇ ਮਸੂੜਿਆਂ ’ਤੇ ਜ਼ਖ਼ਮ, ਹੱਥਾਂ ’ਤੇ ਛੋਟੇ ਲਾਲ ਦਾਣੇ ਜਾਂ ਛਾਲੇ ਅਤੇ ਪੈਰਾਂ ਦੇ ਤਲਿਆਂ ’ਤੇ ਦਾਣੇ ਜਾਂ ਛਾਲੇ ਸ਼ਾਮਲ ਹਨ। ਕੁਝ ਬੱਚਿਆਂ ਵਿੱਚ ਲੱਤਾਂ ਦੇ ਆਲੇ-ਦੁਆਲੇ ਵੀ ਚਮੜੀ ’ਤੇ ਦਾਣੇ ਜਾਂ ਧੱਫੜ ਹੋ ਸਕਦੇ ਹਨ। ਮੂੰਹ ਵਿੱਚ ਛਾਲਿਆਂ ਕਾਰਨ ਬੱਚੇ ਨੂੰ ਖਾਣ-ਪੀਣ ਵਿੱਚ ਦਰਦ ਜਾਂ ਮੁਸ਼ਕਲ ਆ ਸਕਦੀ ਹੈ। ਇਸ ਤੋਂ ਇਲਾਵਾ ਥਕਾਵਟ, ਚਿੜਚਿੜਾਪਣ ਅਤੇ ਭੁੱਖ ਘੱਟ ਲੱਗਣ ਵਰਗੇ ਲੱਛਣ ਵੀ ਦਿਖਾਈ ਦੇ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਛੂਤ ਵਾਲੀ ਬਿਮਾਰੀ ਹੋਣ ਕਾਰਨ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦੀ ਹੈ। ਖੰਘਣ ਜਾਂ ਛਿੱਕਣ ਸਮੇਂ ਨਿਕਲਣ ਵਾਲੀਆਂ ਬੂੰਦਾਂ, ਲਾਰ ਅਤੇ ਨੱਕ ਦੇ ਰਸ, ਛਾਲਿਆਂ ਵਿੱਚ ਮੌਜੂਦ ਤਰਲ ਪਦਾਰਥ ਅਤੇ ਪਖਾਨੇ ਰਾਹੀਂ ਬਾਹਰ ਨਿਕਲਣ ਵਾਲੇ ਵਾਇਰਸ ਦੇ ਸੰਪਰਕ ਰਾਹੀਂ ਇਸ ਦਾ ਫੈਲਾਅ ਹੋ ਸਕਦਾ ਹੈ। ਦੂਸ਼ਿਤ ਖਿਡੌਣਿਆਂ, ਸਤਹਾਂ ਜਾਂ ਹੋਰ ਵਰਤੋਂ ਵਾਲੀਆਂ ਚੀਜ਼ਾਂ ਨੂੰ ਛੂਹਣ ਨਾਲ ਵੀ ਲਾਗ ਫੈਲ ਸਕਦੀ ਹੈ। ਬਿਮਾਰੀ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਦੇ ਫੈਲਣ ਦਾ ਖ਼ਤਰਾ ਵਧੇਰੇ ਹੁੰਦਾ ਹੈ, ਇਸ ਲਈ ਇਸ ਸਮੇਂ ਦੌਰਾਨ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।

ਸਿਵਲ ਸਰਜਨ ਨੇ ਕਿਹਾ ਕਿ ਇਸ ਬਿਮਾਰੀ ਦਾ ਮੁੱਖ ਇਲਾਜ ਸਹਾਇਕ ਦੇਖਭਾਲ ਹੈ। ਬੱਚੇ ਨੂੰ ਲੋੜ ਅਨੁਸਾਰ ਵੱਧ ਤੋਂ ਵੱਧ ਤਰਲ ਪਦਾਰਥ ਪਿਲਾਏ ਜਾਣ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਮੂੰਹ ਵਿੱਚ ਛਾਲਿਆਂ ਕਾਰਨ ਦਰਦ ਹੋਣ ਦੀ ਸੂਰਤ ਵਿੱਚ ਨਰਮ, ਠੰਢੇ ਅਤੇ ਹਲਕੇ ਭੋਜਨ ਦਿੱਤੇ ਜਾਣ, ਜੋ ਮੂੰਹ ਦੇ ਜ਼ਖ਼ਮਾਂ ਨੂੰ ਘੱਟ ਚੁਭਣ। ਜੇਕਰ ਮਸਾਲੇਦਾਰ, ਖੱਟੇ ਜਾਂ ਬਹੁਤ ਨਮਕੀਨ ਭੋਜਨ ਨਾਲ ਦਰਦ ਵਧਦਾ ਹੋਵੇ ਤਾਂ ਇਨ੍ਹਾਂ ਤੋਂ ਪਰਹੇਜ਼ ਕੀਤਾ ਜਾਵੇ। ਬੁਖਾਰ ਜਾਂ ਦਰਦ ਦੀ ਸਥਿਤੀ ਵਿੱਚ ਬੱਚੇ ਦੀ ਉਮਰ ਅਤੇ ਭਾਰ ਅਨੁਸਾਰ ਦਵਾਈ ਸਿਰਫ਼ ਡਾਕਟਰੀ ਸਲਾਹ ਨਾਲ ਦਿੱਤੀ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਵਾਇਰਸ ਕਾਰਨ ਹੋਣ ਵਾਲੀ ਇਸ ਬਿਮਾਰੀ ਦੇ ਇਲਾਜ ਲਈ ਰੋਗਾਣੂਨਾਸ਼ਕ ਦਵਾਈਆਂ ਦੀ ਲੋੜ ਨਹੀਂ ਹੁੰਦੀ, ਜਦੋਂ ਤੱਕ ਕਿਸੇ ਵੱਖਰੀ ਬੈਕਟੀਰੀਆਈ ਲਾਗ ਦੀ ਡਾਕਟਰੀ ਪੁਸ਼ਟੀ ਜਾਂ ਸ਼ੰਕਾ ਨਾ ਹੋਵੇ। ਇਸ ਲਈ ਮਾਪੇ ਬਿਨਾਂ ਡਾਕਟਰੀ ਸਲਾਹ ਦੇ ਬੱਚੇ ਨੂੰ ਕੋਈ ਦਵਾਈ, ਖ਼ਾਸ ਕਰਕੇ ਰੋਗਾਣੂਨਾਸ਼ਕ ਦਵਾਈ ਨਾ ਦੇਣ।

ਡਾ. ਕਟਾਰੀਆ ਨੇ ਬਿਮਾਰੀ ਤੋਂ ਬਚਾਅ ਲਈ ਹੱਥਾਂ ਦੀ ਸਫ਼ਾਈ ਨੂੰ ਸਭ ਤੋਂ ਮਹੱਤਵਪੂਰਨ ਸਾਵਧਾਨੀਆਂ ਵਿੱਚੋਂ ਇੱਕ ਦੱਸਦਿਆਂ ਕਿਹਾ ਕਿ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ। ਖ਼ਾਸ ਤੌਰ ’ਤੇ ਪਖਾਨੇ ਦੀ ਵਰਤੋਂ ਤੋਂ ਬਾਅਦ, ਬੱਚੇ ਦੀ ਲੰਗੋਟ ਜਾਂ ਡਾਇਪਰ ਬਦਲਣ ਤੋਂ ਬਾਅਦ ਅਤੇ ਖਾਣਾ ਬਣਾਉਣ ਜਾਂ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਫ਼ ਕਰਨੇ ਚਾਹੀਦੇ ਹਨ। ਬੱਚਿਆਂ ਦੇ ਖਿਡੌਣਿਆਂ ਅਤੇ ਵਾਰ-ਵਾਰ ਛੁਹੀਆਂ ਜਾਣ ਵਾਲੀਆਂ ਸਤਹਾਂ ਨੂੰ ਨਿਯਮਿਤ ਤੌਰ ’ਤੇ ਸਾਫ਼ ਰੱਖਿਆ ਜਾਵੇ। ਬਿਮਾਰ ਬੱਚੇ ਦੇ ਬਰਤਨ, ਗਲਾਸ, ਕੱਪ, ਚਮਚੇ ਅਤੇ ਤੌਲੀਆ ਹੋਰਨਾਂ ਨਾਲ ਸਾਂਝੇ ਨਾ ਕੀਤੇ ਜਾਣ। ਬਿਮਾਰ ਬੱਚੇ ਨੂੰ ਚੁੰਮਣ ਅਤੇ ਬਹੁਤ ਨਜ਼ਦੀਕੀ ਸੰਪਰਕ ਤੋਂ ਕੁਝ ਸਮੇਂ ਲਈ ਬਚਾਇਆ ਜਾਵੇ ਅਤੇ ਖੰਘਣ ਜਾਂ ਛਿੱਕਣ ਸਮੇਂ ਮੂੰਹ ਅਤੇ ਨੱਕ ਢੱਕਣ ਦੀ ਆਦਤ ਪਾਈ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਬੱਚਾ ਬਹੁਤ ਘੱਟ ਪਾਣੀ ਜਾਂ ਹੋਰ ਤਰਲ ਪਦਾਰਥ ਲੈ ਰਿਹਾ ਹੋਵੇ, ਪਿਸ਼ਾਬ ਬਹੁਤ ਘੱਟ ਆ ਰਿਹਾ ਹੋਵੇ ਜਾਂ ਮੂੰਹ ਦੇ ਦਰਦ ਕਾਰਨ ਪੀਣ ਤੋਂ ਅਸਮਰੱਥ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਬੱਚੇ ਵਿੱਚ ਬਹੁਤ ਜ਼ਿਆਦਾ ਸੁਸਤੀ ਜਾਂ ਬੇਹੋਸ਼ੀ ਵਰਗੀ ਹਾਲਤ, ਸਾਹ ਲੈਣ ਵਿੱਚ ਮੁਸ਼ਕਲ, ਲਗਾਤਾਰ ਜਾਂ ਬਹੁਤ ਤੇਜ਼ ਬੁਖਾਰ, ਵਾਰ-ਵਾਰ ਉਲਟੀਆਂ, ਦੌਰੇ, ਅਸਧਾਰਣ ਵਿਹਾਰ ਜਾਂ ਬਹੁਤ ਜ਼ਿਆਦਾ ਚਿੜਚਿੜਾਪਣ ਵਰਗੇ ਲੱਛਣ ਦਿਖਾਈ ਦੇਣ ’ਤੇ ਬਿਨਾਂ ਦੇਰੀ ਕੀਤੇ ਬੱਚਿਆਂ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਦੇਣ ’ਤੇ ਘਬਰਾਉਣ ਦੀ ਬਜਾਏ ਸਾਵਧਾਨੀ ਵਰਤਦਿਆਂ ਬੱਚੇ ਦੀ ਸਿਹਤ ’ਤੇ ਨਜ਼ਰ ਰੱਖੀ ਜਾਵੇ, ਉਸ ਨੂੰ ਲੋੜੀਂਦੀ ਮਾਤਰਾ ਵਿੱਚ ਤਰਲ ਪਦਾਰਥ ਦਿੱਤੇ ਜਾਣ ਅਤੇ ਸਮੇਂ ਸਿਰ ਡਾਕਟਰੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਨਿੱਜੀ ਸਫ਼ਾਈ ਦਾ ਧਿਆਨ ਰੱਖਣ, ਵਰਤੋਂ ਵਾਲੀਆਂ ਚੀਜ਼ਾਂ ਸਾਂਝੀਆਂ ਨਾ ਕਰਨ ਅਤੇ ਬਿਮਾਰ ਬੱਚੇ ਨੂੰ ਕੁਝ ਸਮੇਂ ਲਈ ਹੋਰਨਾਂ ਬੱਚਿਆਂ ਤੋਂ ਦੂਰ ਰੱਖਣ ਨਾਲ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਮਹੱਤਵਪੂਰਨ ਮਦਦ ਮਿਲ ਸਕਦੀ ਹੈ।

 

More

ਬਲਤੇਜ ਪੰਨੂ ਨੇ SGPC ਪ੍ਰਧਾਨ ਨੂੰ ਪੁੱਛਿਆ ਸਵਾਲ- ‘ਕੀ CM ਮਾਨ ਵਲੋਂ ਸੌਂਪਿਆ ਬੈਗ ਖੋਲ੍ਹਿਆ ਗਿਆ?’

Purchased Paddy: ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ ਦਾ ਮਾਮਲਾ! ਪਹਿਲਾਂ ਕੱਟ ਲਵਾਓ… ਫਿਰ ਖ਼ਰੀਦਾਂਗੇ ਝੋਨਾ! ਤਾਨਾਸ਼ਾਹੀ ਤੋਂ ਅੱਗੇ ਕਿਸਾਨਾਂ ਨੇ ਕੀਤਾ ਨੈਸ਼ਨਲ ਹਾਈਵੇ ਜਾਮ

ਬਹਿਰੀਨ ਵਾਲੀ ਬੀਬੀ ਅਤੇ ਚਾਵਲਾ ਕੇਸ ‘ਚ SGPC ਦਾ ਵੱਡਾ ਖੁਲਾਸਾ; ਜਾਂਚ ਕਮੇਟੀ ਦੀ ਰਿਪੋਰਟ ਕੀਤੀ ਤੱਥਾਂ ਸਮੇਤ ਜਨਤਕ

Akali Dal BJP Alliance! ਅਕਾਲੀ-ਭਾਜਪਾ ਗੱਠਜੋੜ ਦੀਆਂ ਅਟਕਲਾਂ ‘ਤੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

ਭ੍ਰਿਸ਼ਟਾਚਾਰ ਕੇਸ: ਪੰਜਾਬ ਸਰਕਾਰ ਨੇ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਦਾ ਖੜਕਾਇਆ ਕੁੰਡਾ, CBI ਜਾਂਚ ‘ਤੇ ਰੋਕ ਲਗਾਉਣ ਦੀ ਮੰਗ!

Punjab Govt ਵੱਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਅਹਿਮ ਮੀਟਿੰਗ, ਪੜ੍ਹੋ ਕੀ ਹੋਇਆ ਫ਼ੈਸਲਾ!

Leave a Comment