ਪੰਜਾਬ ‘ਚ ਔਰਤਾਂ ਨੂੰ ਸਿਰਫ਼ 3 ਮਹੀਨਿਆਂ ਦੇ ਹੀ ਮਿਲਣਗੇ ਪੈਸੇ- ਭਗਵੰਤ ਮਾਨ ਦਾ ਵੱਡਾ ਐਲਾਨ
ਵਿਰੋਧੀ ਬੋਲੇ- “ਸਾਢੇ 4 ਸਾਲਾਂ ਬਾਅਦ ਸਿਰਫ਼ 3 ਮਹੀਨਿਆਂ ਦੇ ਪੈਸੇ ਦੇ ਕੇ ਬੁੱਤਾ ਸਾਰ ਰਹੀ ਹੈ ਸਰਕਾਰ, ਪੂਰੇ 54 ਮਹੀਨਿਆਂ ਦਾ ਹਿਸਾਬ ਦੇਵੇ”
ਮਾਨ ਸਰਕਾਰ ਦਾ ਔਰਤਾਂ ਲਈ ਵੱਡਾ ਫੈਸਲਾ; SC/ST ਔਰਤਾਂ ਨੂੰ 1500 ਅਤੇ ਜਨਰਲ ਸਮੇਤ ਹੋਰ ਵਰਗਾਂ ਨੂੰ ਮਿਲਣਗੇ 1000 ਰੁਪਏ ਪ੍ਰਤੀ ਮਹੀਨਾ
ਚੰਡੀਗੜ੍ਹ, 21 ਜੂਨ 2026-
ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਵੱਲੋਂ ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਗਏ ਸਭ ਤੋਂ ਵੱਡੇ ਵਾਅਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਅਹਿਮ ਐਲਾਨ ਕੀਤਾ ਹੈ। ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਔਰਤਾਂ ਨੂੰ ਆਉਂਦੀ 1 ਜੁਲਾਈ ਤੋਂ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਇੱਕ ਵੱਡੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰ ਔਰਤਾਂ ਦੇ ਖਾਤਿਆਂ ਵਿੱਚ ਇੱਕੋ ਵਾਰ ਤਿੰਨ ਮਹੀਨਿਆਂ ਦੇ ਪੈਸੇ ਇਕੱਠੇ ਪਾਵੇਗੀ।
ਮਾਨ ਸਰਕਾਰ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਸੂਬੇ ਦੀਆਂ ਐਸ.ਸੀ. (SC) ਅਤੇ ਐਸ.ਟੀ. (ST) ਵਰਗ ਨਾਲ ਸਬੰਧਤ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਜਦੋਂ ਕਿ ਜਨਰਲ (General) ਅਤੇ ਹੋਰ ਪੱਛੜੀਆਂ ਕੈਟਾਗਰੀਆਂ ਦੀਆਂ ਔਰਤਾਂ ਵਾਸਤੇ 1000 ਰੁਪਏ ਪ੍ਰਤੀ ਮਹੀਨਾ ਰਾਸ਼ੀ ਨਿਰਧਾਰਿਤ ਕੀਤੀ ਗਈ ਹੈ। ਹੁਣ 1 ਜੁਲਾਈ ਨੂੰ ਹੋਣ ਜਾ ਰਹੀ ਸ਼ੁਰੂਆਤ ਦੌਰਾਨ ਔਰਤਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਬਣਦੀ ਰਕਮ ਇਕੱਠੀ ਮਿਲੇਗੀ।
ਵਿਰੋਧੀ ਬੋਲੇ- ਸਰਕਾਰ 54 ਮਹੀਨਿਆਂ ਦਾ ਹਿਸਾਬ ਦੇਵੇ
ਦੂਜੇ ਪਾਸੇ, ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ ਅਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੂੰ ਸੱਤਾ ਵਿੱਚ ਆਇਆਂ ਸਾਢੇ ਚਾਰ ਸਾਲ ਤੋਂ ਵੱਧ ਦਾ ਸਮਾਂ (54 ਮਹੀਨੇ) ਹੋ ਚੁੱਕਿਆ ਹੈ, ਪਰ ਹੁਣ ਤੱਕ ਸਰਕਾਰ ਔਰਤਾਂ ਨਾਲ ਕੀਤਾ ਆਪਣਾ ਇਹ ਮੁੱਖ ਵਾਅਦਾ ਪੂਰਾ ਨਹੀਂ ਕਰ ਸਕੀ।
ਵਿਰੋਧੀਆਂ ਨੇ ਦੋਸ਼ ਲਾਇਆ ਕਿ ਹੁਣ ਜਦੋਂ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਜਾ ਰਹੀ ਹੈ, ਤਾਂ ਵੀ ਸਿਰਫ਼ ਤਿੰਨ ਮਹੀਨਿਆਂ ਦੇ ਪੈਸੇ ਦੇ ਕੇ ਡੰਗ-ਟਪਾਊ ਨੀਤੀ ਅਪਣਾਈ ਜਾ ਰਹੀ ਹੈ ਅਤੇ ਬੁੱਤਾ ਸਾਰਿਆ ਜਾ ਰਿਹਾ ਹੈ। ਵਿਰੋਧੀ ਧਿਰਾਂ ਦੀ ਮੰਗ ਹੈ ਕਿ ਜੇਕਰ ਸਰਕਾਰ ਨੇ ਚੋਣਾਂ ਵੇਲੇ ਗਾਰੰਟੀ ਦਿੱਤੀ ਸੀ, ਤਾਂ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਔਰਤਾਂ ਨੂੰ ਪਿਛਲੇ ਸਾਢੇ ਚਾਰ ਸਾਲਾਂ (54 ਮਹੀਨਿਆਂ) ਦੇ ਪੈਸੇ ਬਕਾਏ ਸਮੇਤ ਦੇਣੇ ਚਾਹੀਦੇ ਹਨ।

















