ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ; ਲੇਡੀ ਪੁਲਿਸ ਅਧਿਕਾਰੀ 20,000 ਰੁਪਏ ਰਿਸ਼ਵਤ ਲੈਂਦੀ ਗ੍ਰਿਫ਼ਤਾਰ

On: ਜੂਨ 21, 2026 8:47 ਬਾਃ ਦੁਃ

 

ਪੰਜਾਬ ਵਿਜੀਲੈਂਸ ਦਾ ਵੱਡਾ ਐਕਸ਼ਨ; ਲੇਡੀ ਪੁਲਿਸ ਅਧਿਕਾਰੀ 20,000 ਰੁਪਏ ਰਿਸ਼ਵਤ ਲੈਂਦੀ ਗ੍ਰਿਫ਼ਤਾਰ

ਜਲੰਧਰ ਦੇ ਥਾਣਾ ਫ਼ਿਲੌਰ ਵਿਖੇ ਤਾਇਨਾਤ ਐਸ.ਆਈ. (SI) ਅਮਨਦੀਪ ਕੌਰ ‘ਤੇ ਡਿੱਗੀ ਵਿਜੀਲੈਂਸ ਦੀ ਗਾਜ- ਨਸ਼ੇ ਦੇ ਕੇਸ ਵਿੱਚ ਫਸੇ ਨੌਜਵਾਨ ਦੀ ਮਦਦ ਕਰਨ ਅਤੇ ਨਸ਼ੇ ਦੀ ਮਾਤਰਾ ਘੱਟ ਦਿਖਾਉਣ ਬਦਲੇ ਮੰਗੀ ਸੀ ਰਿਸ਼ਵਤ

ਚੰਡੀਗੜ੍ਹ/ਜਲੰਧਰ, 21 ਜੂਨ 2026:

ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੂੰ ਉਸ ਸਮੇਂ ਇੱਕ ਵੱਡੀ ਸਫ਼ਲਤਾ ਮਿਲੀ, ਜਦੋਂ ਜਲੰਧਰ ਜ਼ਿਲ੍ਹੇ ਦੇ ਥਾਣਾ ਫ਼ਿਲੌਰ ਵਿਖੇ ਤਾਇਨਾਤ ਇੱਕ ਲੇਡੀ ਸਬ-ਇੰਸਪੈਕਟਰ (SI) ਅਮਨਦੀਪ ਕੌਰ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਮਹਿਲਾ ਪੁਲਿਸ ਅਧਿਕਾਰੀ ਨੂੰ ਫ਼ਿਲੌਰ ਦੇ ਮੁਹੱਲਾ ਚੌਧਰੀਆਂ ਦੀ ਰਹਿਣ ਵਾਲੀ ਇੱਕ ਮਹਿਲਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਮਹਿਲਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਨਸ਼ੀਲੀਆਂ ਗੋਲੀਆਂ ਦੇ ਇੱਕ ਮਾਮਲੇ ਵਿੱਚ ਫ਼ਿਲੌਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਕੇਸ ਦੀ ਜਾਂਚ ਕਰ ਰਹੀ ਐਸ.ਆਈ. ਅਮਨਦੀਪ ਕੌਰ ਨੇ ਅਦਾਲਤ ਵਿੱਚੋਂ ਨੌਜਵਾਨ ਦੀ ਜ਼ਮਾਨਤ ਆਸਾਨੀ ਨਾਲ ਕਰਵਾਉਣ ਲਈ ਕੇਸ ਵਿੱਚ ਨਸ਼ੇ ਦੀ ਮਾਤਰਾ ਘੱਟ ਲਿਖਣ ਅਤੇ ਉਸ ਦਾ ਮੋਬਾਈਲ ਫ਼ੋਨ ਵਾਪਸ ਕਰਨ ਦੇ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਮਜਬੂਰੀ ਵੱਸ ਸ਼ਿਕਾਇਤਕਰਤਾ ਪਹਿਲਾਂ ਹੀ ਮੁਲਜ਼ਮ ਨੂੰ 1,000 ਰੁਪਏ ਦੇ ਚੁੱਕੀ ਸੀ।

ਸ਼ਿਕਾਇਤਕਰਤਾ ਮਹਿਲਾ ਨੇ ਐਸ.ਆਈ. ਅਮਨਦੀਪ ਕੌਰ ਵੱਲੋਂ ਰਿਸ਼ਵਤ ਮੰਗੇ ਜਾਣ ਦੀ ਸਾਰੀ ਗੱਲਬਾਤ ਨੂੰ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਿਆ ਸੀ। ਰਿਸ਼ਵਤ ਨਾ ਦੇਣ ਦੀ ਇੱਛੁਕ ਮਹਿਲਾ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਤੱਕ ਪਹੁੰਚ ਕੀਤੀ ਅਤੇ ਸਬੂਤ ਵਜੋਂ ਰਿਕਾਰਡਿੰਗ ਪੇਸ਼ ਕੀਤੀ।

ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਦੀ ਟੀਮ ਨੇ ਫ਼ਿਲੌਰ ਵਿਖੇ ਜਾਲ ਵਿਛਾਇਆ। ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਜਿਵੇਂ ਹੀ ਐਸ.ਆਈ. ਅਮਨਦੀਪ ਕੌਰ ਨੇ ਸ਼ਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਦੀ ਰਕਮ ਫੜੀ, ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਦੇ ਕਬਜ਼ੇ ਵਿੱਚੋਂ ਰਿਸ਼ਵਤ ਵਾਲੇ ਰੰਗੇ ਹੋਏ ਨੋਟ ਵੀ ਬਰਾਮਦ ਕਰ ਲਏ ਗਏ ਹਨ।

ਇਸ ਮਾਮਲੇ ਵਿੱਚ ਮੁਲਜ਼ਮ ਸਬ-ਇੰਸਪੈਕਟਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ (Prevention of Corruption Act) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

 

Join WhatsApp

Join Now

Leave a Comment